ਮਾਲਵਾ ‘ਚ ਸਿਆਸੀ ਆਧਾਰ ਮਜਬੂਤ ਕਰਨ ਲਈ BJP ਦਾ ਦਾਅ, ਮਨਪ੍ਰੀਤ ਬਾਦਲ ਨੂੰ ਦਿੱਤੀ ਵੱਡੀ ਜਿੰਮੇਦਾਰੀ
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਦਾ ਰਾਸ਼ਟਰੀ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹ ਨਿਯੁਕਤੀ ਪੰਜਾਬ ਦੇ ਪੇਂਡੂ ਖੇਤਰਾਂ ਅਤੇ ਵਿਸ਼ੇਸ਼ ਤੌਰ 'ਤੇ ਮਾਲਵਾ ਪੱਟੀ ਅੰਦਰ ਭਾਜਪਾ ਦਾ ਰਾਜਨੀਤਿਕ ਆਧਾਰ ਮਜ਼ਬੂਤ ਕਰਨ ਦੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹੈ।
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਦਾ ਰਾਸ਼ਟਰੀ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹ ਨਿਯੁਕਤੀ ਪੰਜਾਬ ਦੇ ਪੇਂਡੂ ਖੇਤਰਾਂ ਅਤੇ ਵਿਸ਼ੇਸ਼ ਤੌਰ ‘ਤੇ ਮਾਲਵਾ ਪੱਟੀ ਅੰਦਰ ਭਾਜਪਾ ਦਾ ਰਾਜਨੀਤਿਕ ਆਧਾਰ ਮਜ਼ਬੂਤ ਕਰਨ ਦੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹੈ।
ਮਨਪ੍ਰੀਤ ਸਿੰਘ ਬਾਦਲ ਕੋਲ ਸੂਬੇ ਦੇ ਸਭ ਤੋਂ ਪ੍ਰਭਾਵਸ਼ਾਲੀ ਬਾਦਲ ਪਰਿਵਾਰ ਨਾਲ ਨਜ਼ਦੀਕੀ ਸਬੰਧ, ਲੰਮਾ ਪ੍ਰਸ਼ਾਸਕੀ ਤਜਰਬਾ ਅਤੇ ਮਾਲਵਾ ਖੇਤਰ ਦੇ ਸਿਆਸੀ ਸਮੀਕਰਨਾਂ ਦੀ ਡੂੰਘੀ ਸਮਝ ਹੈ। ਸ਼੍ਰੋਮਣੀ ਅਕਾਲੀ ਦਲ, ਆਪਣੀ ਪੀਪਲਜ਼ ਪਾਰਟੀ ਆਫ਼ ਪੰਜਾਬ (PPP) ਅਤੇ ਕਾਂਗਰਸ ਤੋਂ ਬਾਅਦ ਹੁਣ ਭਾਜਪਾ ਦੇ ਕੌਮੀ ਸੰਗਠਨ ਵਿੱਚ ਉਹ ਇੱਕ ਅਹਿਮ ਜ਼ਿੰਮੇਵਾਰੀ ਤੱਕ ਪਹੁੰਚੇ ਹਨ।
ਸਿਆਸੀ ਵਿਸ਼ਲੇਸ਼ਕ ਪ੍ਰੋ. ਕੁਣਾਲ ਅਨੁਸਾਰ ਮਨਪ੍ਰੀਤ ਬਾਦਲ ਦੀ ਨਿਯੁਕਤੀ ਨਾਲ ਭਾਜਪਾ ਨੂੰ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਨਾਰਾਜ਼ ਤੇ ਅਸੰਤੁਸ਼ਟ ਆਗੂਆਂ ਤੱਕ ਰਸਾਈ ਬਣਾਉਣ ਵਿੱਚ ਮਦਦ ਮਿਲੇਗੀ। ਮਾਲਵਾ ਖੇਤਰ ਵਿੱਚ ਉਨ੍ਹਾਂ ਦੇ ਪੁਰਾਣੇ ਅਕਾਲੀ ਸੰਪਰਕ ਭਾਜਪਾ ਨੂੰ ਉਹਨਾਂ ਵਰਕਰਾਂ ਤੱਕ ਪਹੁੰਚਾ ਸਕਦੇ ਹਨ ਜੋ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਅਸੰਤੁਸ਼ਟ ਹਨ। ਇਸ ਤੋਂ ਇਲਾਵਾ, ਪੰਜਾਬ ਵਿਧਾਨ ਸਭਾ ਵਿੱਚ 9 ਵਾਰ ਬਜਟ ਪੇਸ਼ ਕਰਨ ਦਾ ਵਿਲੱਖਣ ਰਿਕਾਰਡ ਰੱਖਣ ਵਾਲੇ ਮਨਪ੍ਰੀਤ ਬਾਦਲ ਭਾਜਪਾ ਲਈ ਪੇਂਡੂ ਸਿੱਖ ਰਾਜਨੀਤੀ ਦੇ ਦਾਅ-ਪੇਚ ਸਮਝਣ ਅਤੇ ਇੱਕ ਤਜਰਬੇਕਾਰ ਪ੍ਰਸ਼ਾਸਕੀ ਚਿਹਰੇ ਵਜੋਂ ਮਦਦਗਾਰ ਸਾਬਤ ਹੋਣਗੇ।
ਸ਼੍ਰੋਮਣੀ ਅਕਾਲੀ ਦਲ ‘ਤੇ ਸੰਭਾਵਿਤ ਸਿਆਸੀ ਅਸਰ
ਸਿਆਸੀ ਵਿਸ਼ਲੇਸ਼ਕ ਡਾ. ਜਸਬੀਰ ਰਿਸ਼ੀ ਦਾ ਮੰਨਣਾ ਹੈ ਕਿ ਜੇਕਰ ਮਨਪ੍ਰੀਤ ਬਾਦਲ ਭਾਜਪਾ ਅੰਦਰ ਸਰਗਰਮ ਰਹਿੰਦਿਆਂ ਅਕਾਲੀ ਦਲ ਦੇ ਪੁਰਾਣੇ ਆਗੂਆਂ ਅਤੇ ਕੇਡਰ ਨਾਲ ਤਾਲਮੇਲ ਵਧਾਉਂਦੇ ਹਨ ਤਾਂ ਇਸ ਨਾਲ ਸ਼੍ਰੋਮਣੀ ਅਕਾਲੀ ਦਲ ‘ਤੇ ਸਿੱਧਾ ਸਿਆਸੀ ਦਬਾਅ ਵਧੇਗਾ। ਮਾਲਵਾ ਖੇਤਰ ਵਿੱਚ ਭਾਜਪਾ ਦੀ ਹਮਲਾਵਰ ਰਣਨੀਤੀ ਕਈ ਸਥਾਨਕ ਆਗੂਆਂ ਨੂੰ ਭਾਜਪਾ ਦੇ ਬਦਲ ਵੱਲ ਦੇਖਣ ਲਈ ਮਜਬੂਰ ਕਰ ਸਕਦੀ ਹੈ। ਹਾਲਾਂਕਿ, ਡਾ. ਰਿਸ਼ੀ ਅਨੁਸਾਰ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀ ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਮਨਪ੍ਰੀਤ ਬਾਦਲ ਦੀ ਹਾਰ ਇਹ ਸਪੱਸ਼ਟ ਕਰਦੀ ਹੈ ਕਿ ਸਿਆਸੀ ਪ੍ਰਭਾਵ ਨੂੰ ਵੋਟ ਬੈਂਕ ਵਿੱਚ ਤਬਦੀਲ ਕਰਨਾ ਅਜੇ ਵੀ ਇੱਕ ਵੱਡੀ ਚੁਣੌਤੀ ਹੈ।
ਪ੍ਰੋ. ਕੁਣਾਲ ਮੁਤਾਬਕ ਮਨਪ੍ਰੀਤ ਬਾਦਲ ਭਵਿੱਖ ਵਿੱਚ ਭਾਜਪਾ ਅਤੇ ਅਕਾਲੀ ਦਲ ਦਰਮਿਆਨ ਸੰਭਾਵਿਤ ਗੱਲਬਾਤ ਦਾ ਇੱਕ ਮਾਧਿਅਮ ਵੀ ਬਣ ਸਕਦੇ ਹਨ। ਜੇਕਰ ਆਉਣ ਵਾਲੇ ਸਮੇਂ ਵਿੱਚ ਦੋਵੇਂ ਪਾਰਟੀਆਂ ਮੁੜ ਗਠਜੋੜ ਵੱਲ ਵਧਦੀਆਂ ਹਨ ਤਾਂ ਉਹ ਆਪਸੀ ਭਰੋਸਾ ਬਹਾਲ ਕਰਨ ਵਿੱਚ ਭੂਮਿਕਾ ਨਿਭਾ ਸਕਦੇ ਹਨ। ਹਾਲਾਂਕਿ, ਸੀਟਾਂ ਦੀ ਵੰਡ ਅਤੇ ਦੋਵਾਂ ਧਿਰਾਂ ਦੀਆਂ ਬਦਲੀਆਂ ਹੋਈਆਂ ਸਿਆਸੀ ਇੱਛਾਵਾਂ ਕਾਰਨ ਪੁਰਾਣੇ ਫ਼ਾਰਮੂਲੇ ‘ਤੇ ਗਠਜੋੜ ਹੋਣਾ ਆਸਾਨ ਨਹੀਂ ਜਾਪਦਾ, ਕਿਉਂਕਿ ਭਾਜਪਾ ਹੁਣ ਸੂਬੇ ਭਰ ਵਿੱਚ ਆਪਣਾ ਸੁਤੰਤਰ ਸੰਗਠਨਾਤਮਕ ਵਿਸਥਾਰ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ
ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ
ਮੁੱਢਲਾ ਜੀਵਨ ਤੇ ਅਕਾਲੀ ਦਲ: 26 ਜੁਲਾਈ 1962 ਨੂੰ ਮੁਕਤਸਰ ਵਿਖੇ ਜਨਮੇ ਮਨਪ੍ਰੀਤ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਹਨ। ਉਨ੍ਹਾਂ ਨੇ 1990 ਦੇ ਦਹਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਅਤੇ 1995, 1997, 2002 ਤੇ 2007 ਵਿੱਚ ਗਿੱਦੜਬਾਹਾ ਤੋਂ ਵਿਧਾਇਕ ਚੁਣੇ ਗਏ। 2007 ਵਿੱਚ ਉਹ ਪੰਜਾਬ ਦੇ ਵਿੱਤ ਮੰਤਰੀ ਬਣੇ, ਪਰ ਨੀਤੀਗਤ ਮਤਭੇਦਾਂ ਕਾਰਨ 2010 ਵਿੱਚ ਉਨ੍ਹਾਂ ਨੂੰ ਅਕਾਲੀ ਦਲ ਵਿੱਚੋਂ ਬਾਹਰ ਕਰ ਦਿੱਤਾ ਗਿਆ।
ਪੀਪਲਜ਼ ਪਾਰਟੀ ਆਫ਼ ਪੰਜਾਬ (PPP): 2011 ਵਿੱਚ ਉਨ੍ਹਾਂ ਨੇ ਆਪਣੀ ਸੁਤੰਤਰ ਪਾਰਟੀ ਬਣਾਈ, ਪਰ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਕਾਂਗਰਸ ਵਿੱਚ ਸ਼ਮੂਲੀਅਤ: ਜਨਵਰੀ 2016 ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਦਾ ਕਾਂਗਰਸ ਵਿੱਚ ਰਲੇਵਾਂ ਕਰ ਦਿੱਤਾ ਅਤੇ 2017 ਵਿੱਚ ਬਠਿੰਡਾ ਸ਼ਹਿਰੀ ਹਲਕੇ ਤੋਂ ਜਿੱਤ ਦਰਜ ਕਰਕੇ ਦੁਬਾਰਾ ਸੂਬੇ ਦੇ ਵਿੱਤ ਮੰਤਰੀ ਬਣੇ।
ਭਾਜਪਾ ਦਾ ਪੱਲਾ ਫੜਿਆ: 2022 ਦੀਆਂ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਉਨ੍ਹਾਂ ਨੇ ਜਨਵਰੀ 2023 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ। 2024 ਦੀ ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਭਾਵੇਂ ਉਹ ਕਾਮਯਾਬ ਨਹੀਂ ਹੋ ਸਕੇ, ਫਿਰ ਵੀ ਭਾਜਪਾ ਹਾਈਕਮਾਨ ਨੇ ਉਨ੍ਹਾਂ ਦੇ ਪ੍ਰਸ਼ਾਸਕੀ ਅਤੇ ਰਾਜਨੀਤਿਕ ਤਜਰਬੇ ਨੂੰ ਤਰਜੀਹ ਦਿੰਦਿਆਂ ਰਾਸ਼ਟਰੀ ਪੱਧਰ ‘ਤੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ।
ਭਾਜਪਾ ਦੀ ਰਾਸ਼ਟਰੀ ਟੀਮ ‘ਚ ਪੰਜਾਬ ਦਾ ਵਧਿਆ ਕੱਦ
ਭਾਰਤੀ ਜਨਤਾ ਪਾਰਟੀ ਨੇ ਆਪਣੀ ਨਵੀਂ ਕੌਮੀ ਟੀਮ ਵਿੱਚ ਪੰਜਾਬ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਹਨ। ਇਹ ਕਦਮ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਅੰਦਰ ਪੇਂਡੂ ਅਤੇ ਸਿੱਖ ਰਾਜਨੀਤੀ ਵਿੱਚ ਵਿਸਥਾਰ ਕਰਨ ਦੀ ਯੋਜਨਾ ਦਾ ਹਿੱਸਾ ਹੈ। ਮਨਪ੍ਰੀਤ ਸਿੰਘ ਬਾਦਲ ਨੂੰ ਰਾਸ਼ਟਰੀ ਮੀਤ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਤਰੁਣ ਚੁੱਘ ਨੂੰ ਰਾਸ਼ਟਰੀ ਜਨਰਲ ਸਕੱਤਰ ਦੇ ਨਾਲ-ਨਾਲ ਕੇਂਦਰੀ ਦਫ਼ਤਰ ਇੰਚਾਰਜ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਸੌਦਾਨ ਸਿੰਘ ਨੂੰ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ (ਸੰਗਠਨ) ਦਾ ਅਹੁਦਾ ਦਿੱਤਾ ਗਿਆ ਹੈ।
ਮਾਲਵਾ ਪੱਟੀ ‘ਤੇ ਵਿਸ਼ੇਸ਼ ਨਜ਼ਰ
ਮਨਪ੍ਰੀਤ ਸਿੰਘ ਬਾਦਲ ਨੂੰ ਰਾਸ਼ਟਰੀ ਅਹੁਦਾ ਦੇਣਾ ਭਾਜਪਾ ਦੀ ਮਾਲਵਾ ਰਣਨੀਤੀ ਦਾ ਅਹਿਮ ਹਿੱਸਾ ਹੈ। ਉਹ ਮਾਲਵਾ ਖੇਤਰ ਤੋਂ ਆਉਂਦੇ ਹਨ ਅਤੇ ਜੱਟ ਸਿੱਖ ਸਿਆਸਤ ਵਿੱਚ ਉਨ੍ਹਾਂ ਦੀ ਆਪਣੀ ਪਛਾਣ ਹੈ। ਕੌਮੀ ਸੰਗਠਨ ਵਿੱਚ ਉਨ੍ਹਾਂ ਦਾ ਇਹ ਅਹੁਦਾ ਪੇਂਡੂ ਵੋਟਰਾਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਪ੍ਰਭਾਵਸ਼ਾਲੀ ਸਿੱਖ ਚਿਹਰਿਆਂ ਨੂੰ ਸਿਖ਼ਰਲੇ ਪੱਧਰ ‘ਤੇ ਵੱਡੀ ਭੂਮਿਕਾ ਦਿੱਤੀ ਜਾ ਰਹੀ ਹੈ। ਪੰਜਾਬ ਦੀ ਸੱਤਾ ਦੇ ਰਾਹ ਵਿੱਚ ਮਾਲਵਾ ਖੇਤਰ ਹਮੇਸ਼ਾ ਨਿਰਣਾਇਕ ਭੂਮਿਕਾ ਨਿਭਾਉਂਦਾ ਰਿਹਾ ਹੈ।
ਇਸ ਰਣਨੀਤੀ ਦਾ ਦੂਜਾ ਅਹਿਮ ਪਹਿਲੂ ਹਿੰਦੂ ਅਤੇ ਸਿੱਖ ਅਗਵਾਈ ਦਾ ਸੰਤੁਲਨ ਬਣਾਉਣਾ ਹੈ। ਇੱਕ ਪਾਸੇ ਮਨਪ੍ਰੀਤ ਬਾਦਲ ਵਰਗੇ ਸਿੱਖ ਚਿਹਰੇ ਨੂੰ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਹੈ, ਦੂਜੇ ਪਾਸੇ ਤਰੁਣ ਚੁੱਘ ਵਰਗੇ ਪੁਰਾਣੇ ਆਗੂ ਰਾਹੀਂ ਰਵਾਇਤੀ ਸ਼ਹਿਰੀ ਹਿੰਦੂ ਵੋਟ ਬੈਂਕ ਨੂੰ ਮਜ਼ਬੂਤ ਸੁਨੇਹਾ ਦਿੱਤਾ ਗਿਆ ਹੈ। ਭਾਜਪਾ ਅਜਿਹਾ ਢਾਂਚਾ ਤਿਆਰ ਕਰਨਾ ਚਾਹੁੰਦੀ ਹੈ ਜਿੱਥੇ ਸ਼ਹਿਰੀ ਹਿੰਦੂ ਅਤੇ ਪੇਂਡੂ ਸਿੱਖ ਲੀਡਰਸ਼ਿਪ ਇਕੱਠੇ ਦਿਖਾਈ ਦੇਣ।
ਵੋਟ ਪ੍ਰਤੀਸ਼ਤ ਨੂੰ ਵਿਧਾਨ ਸਭਾ ਸੀਟਾਂ ਵਿੱਚ ਤਬਦੀਲ ਕਰਨ ਦੀ ਚੁਣੌਤੀ
ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਵੋਟ ਪ੍ਰਤੀਸ਼ਤ 2022 ਦੇ 6.60 ਫ਼ੀਸਦੀ ਤੋਂ ਵਧ ਕੇ ਲਗਭਗ 18.56 ਫ਼ੀਸਦੀ ਤੱਕ ਪਹੁੰਚ ਗਿਆ ਸੀ। ਭਾਵੇਂ ਪਾਰਟੀ ਸੀਟ ਨਹੀਂ ਜਿੱਤ ਸਕੀ, ਪਰ 12 ਫ਼ੀਸਦੀ ਦਾ ਇਹ ਉਛਾਲ ਸੰਗਠਨ ਲਈ ਹੌਸਲਾ ਵਧਾਉਣ ਵਾਲਾ ਰਿਹਾ ਹੈ।
ਹਾਲਾਂਕਿ, 2022 ਵਿੱਚ 73 ਸੀਟਾਂ ਲੜ ਕੇ ਸਿਰਫ਼ 2 ਸੀਟਾਂ ਜਿੱਤਣ ਵਾਲੀ ਭਾਜਪਾ ਲਈ ਹੁਣ ਅਸਲ ਚੁਣੌਤੀ ਆਪਣੇ ਵੋਟ ਬੈਂਕ ਨੂੰ ਵਿਧਾਨ ਸਭਾ ਸੀਟਾਂ ਵਿੱਚ ਬਦਲਣ ਦੀ ਹੈ। ਇਸ ਲਈ ਪਾਰਟੀ ਦਾ ਨਵਾਂ ਫ਼ਾਰਮੂਲਾ ਪੁਰਾਣੇ ਸ਼ਹਿਰੀ ਆਧਾਰ ਨੂੰ ਬਰਕਰਾਰ ਰੱਖਣਾ, ਪ੍ਰਭਾਵਸ਼ਾਲੀ ਸਿੱਖ ਚਿਹਰਿਆਂ ਨੂੰ ਨਾਲ ਜੋੜਨਾ, ਮਾਲਵਾ ਵਿੱਚ ਜੜ੍ਹਾਂ ਮਜ਼ਬੂਤ ਕਰਨਾ ਅਤੇ ਅਕਾਲੀ ਦਲ ਤੋਂ ਬਿਨਾਂ ਆਪਣਾ ਸੁਤੰਤਰ ਸੰਗਠਨ ਖੜ੍ਹਾ ਕਰਨਾ ਹੈ।
