ਡਾ. ਮਨਮੋਹਨ ਸਿੰਘ ਦੀ ਪਤਨੀ ਨਾਲ ਮਿਲੇ MP ਗੁਰਜੀਤ ਔਜਲਾ, ਬੋਲੇ- ਭਾਜਪਾ ਨੇ ਉਨ੍ਹਾਂ ਵਰਗੀ ਮਹਾਨ ਸ਼ਖ਼ਸੀਅਤ ਨੂੰ ਕਟਹਿਰੇ ‘ਚ ਖੜ੍ਹਾ ਕੀਤਾ
ਔਜਲਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਵਰਗੀ ਮਹਾਨ ਸ਼ਖ਼ਸੀਅਤ ਦੀ ਪ੍ਰਤਿਭਾ, ਇਮਾਨਦਾਰੀ ਤੇ ਸਾਦਗੀ ਨੂੰ ਪੂਰੀ ਦੁਨੀਆ ਸਵੀਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਡਾ. ਸਿੰਘ ਨੇ ਸਾਰੀ ਜ਼ਿੰਦਗੀ ਦੇਸ਼ ਲਈ ਕਈ ਮਹਾਨ ਕੰਮ ਕੀਤੇ, ਪਰ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਆਲੋਚਨਾ ਤੇ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪਿਆ।
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੰਗਲਵਾਰ ਨੂੰ ਦਿੱਲੀ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਧਰਮਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸਾਦ ਤੇ ਸਿਰੋਪਾਓ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਡਾ. ਮਨਮੋਹਨ ਸਿੰਘ ਦੀ ਦੇਸ਼ ਪ੍ਰਤੀ ਨਿਸ਼ਕਾਮ ਸੇਵਾਵਾਂ ਨੂੰ ਸ਼ਰਧਾਪੂਰਵਕ ਯਾਦ ਕੀਤਾ।
“ਉਨ੍ਹਾਂ ਵਰਗੀ ਮਹਾਨ ਸ਼ਖ਼ਸੀਅਤ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਗਿਆ”
ਔਜਲਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਵਰਗੀ ਮਹਾਨ ਸ਼ਖ਼ਸੀਅਤ ਦੀ ਪ੍ਰਤਿਭਾ, ਇਮਾਨਦਾਰੀ ਤੇ ਸਾਦਗੀ ਨੂੰ ਪੂਰੀ ਦੁਨੀਆ ਸਵੀਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਡਾ. ਸਿੰਘ ਨੇ ਸਾਰੀ ਜ਼ਿੰਦਗੀ ਦੇਸ਼ ਲਈ ਕਈ ਮਹਾਨ ਕੰਮ ਕੀਤੇ, ਪਰ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਆਲੋਚਨਾ ਤੇ ਇਲਜ਼ਾਮਾਂ ਦਾ ਸਾਹਮਣਾ ਵੀ ਕਰਨਾ ਪਿਆ। ਖ਼ਾਸ ਤੌਰ ਤੇ ਭਾਜਪਾ ਨੇ ਉਨ੍ਹਾਂ ਵਰਗੀ ਮਹਾਨ ਸ਼ਖ਼ਸੀਅਤ ਨੂੰ ਕਟਹਿਰੇ ‘ਚ ਖੜ੍ਹਾ ਕੀਤਾ, ਪਰ ਰੱਬ ਦੀ ਅਦਾਲਤ ‘ਚ ਦੇਰ ਹੈ, ਅੰਧੇਰ ਨਹੀਂ। ਅੱਜ ਸਮਾਂ ਉਨ੍ਹਾਂ ਦੀ ਬੇਦਾਗ਼ ਸ਼ਖ਼ਸੀਅਤ ਤੇ ਨਿਸ਼ਕਾਮ ਸੇਵਾ ਦਾ ਗਵਾਹ ਬਣ ਰਿਹਾ ਹੈ।
“ਡਾ. ਮਨਮੋਹਨ ਪੂਰੀ ਮਨੁੱਖਤਾ ਲਈ ਰੱਬ ਦੀ ਇੱਕ ਅਨਮੋਲ ਦੇਣ”
ਸੰਸਦ ਮੈਂਬਰ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਸਿਰਫ਼ ਇੱਕ ਸਿਆਸਤਦਾਨ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਰੱਬ ਦੀ ਇੱਕ ਅਨਮੋਲ ਦੇਣ ਸਨ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਦੇਸ਼ ਤੇ ਦੇਸ਼ ਵਾਸੀਆਂ ਦੀ ਭਲਾਈ ਲਈ ਸਮਰਪਿਤ ਕੀਤਾ ਅਤੇ ਭਾਰਤ ਦੀ ਤਰੱਕੀ ਵਿੱਚ ਅਮੁੱਲ ਯੋਗਦਾਨ ਪਾਇਆ।
ਔਜਲਾ ਨੇ ਗੁਰਸ਼ਰਨ ਕੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਤੇ ਸਨਮਾਨ ਪ੍ਰਗਟ ਕੀਤਾ ਤੇ ਰੱਬ ਅੱਗੇ ਅਰਦਾਸ ਕੀਤੀ ਕਿ ਡਾ. ਮਨਮੋਹਨ ਸਿੰਘ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ‘ਚ ਸਥਾਨ ਬਖ਼ਸ਼ਣ ਤੇ ਉਨ੍ਹਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਰੱਖਣ। ਉਨ੍ਹਾਂ ਕਿਹਾ ਕਿ ਡਾ. ਸਿੰਘ ਦਾ ਜੀਵਨ ਤੇ ਆਦਰਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਣਾ ਬਣੇ ਰਹਿਣਗੇ।
