ਪਾਕਿਸਤਾਨ ਤੋਂ ਡ੍ਰੋਨ ਜਰੀਏ ਸੁੱਟੀ ਗਈ 20 ਕਿੱਲੋ ਹੈਰੋਇਨ ਦੇ ਨਾਲ ਦੋ ਤਸਕਰ ਗ੍ਰਿਫਤਾਰ, ਫਿਰੋਜ਼ਪੁਰ ਪੁਲਿਸ ਨੇ ਕੀਤੀ ਕਾਰਵਾਈ

Published: 

24 Jul 2023 10:41 AM

ਪੁਲਿਸ ਨੇ ਪਿੰਡ ਹਸਤ ਕਲਾ ਵਿੱਚ ਕਾਰਵਾਈ ਕੀਤੀ ਹੈ। ਤਸਕਰ ਸੁੱਟੀ ਗਈ ਹੈਰੋਇਨ ਲੈ ਕੇ ਜਾ ਰਹੇ ਸਨ। ਫਾਜ਼ਿਲਕਾ ਪੁਲਿਸ ਨੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀਜੀਪੀ ਨੇ ਕਿਹਾ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।

ਪਾਕਿਸਤਾਨ ਤੋਂ ਡ੍ਰੋਨ ਜਰੀਏ ਸੁੱਟੀ ਗਈ 20 ਕਿੱਲੋ ਹੈਰੋਇਨ ਦੇ ਨਾਲ ਦੋ ਤਸਕਰ ਗ੍ਰਿਫਤਾਰ, ਫਿਰੋਜ਼ਪੁਰ ਪੁਲਿਸ ਨੇ ਕੀਤੀ ਕਾਰਵਾਈ
Follow Us On

ਪੰਜਾਬ ਨਿਊਜ। ਪਾਕਿਸਤਾਨ ਤੋਂ ਡ੍ਰੋਨ (Drone) ਰਾਹੀਂ ਫਾਜ਼ਿਲਕਾ (ਫਿਰੋਜ਼ਪੁਰ) ਖੇਤਰ ਦੇ ਸਰਹੱਦੀ ਪਿੰਡ ਹਸਤਾ ਕਲਾਂ ਪੁੱਜੀ ਹੈਰੋਇਨ ਦੀ ਖੇਪ ਲੈ ਕੇ ਬਾਈਕ ‘ਤੇ ਸਵਾਰ ਹੋ ਕੇ ਵਾਪਸ ਆ ਰਹੇ ਦੋ ਸਮੱਗਲਰਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ 20 ਕਿਲੋ ਹੈਰੋਇਨ ਬਰਾਮਦ ਹੋਈ ਹੈ। ਫਾਜ਼ਿਲਕਾ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਗੌਰਵ ਯਾਦਵ ਨੇ ਇਸ ਮਾਮਲੇ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ।

ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਤਸਕਰੀ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ, ਪੰਜਾਬ ਪੁਲਿਸ ਨੇ ਪਾਕਿਸਤਾਨ (Pakistan) ਸਥਿਤ ਤਸਕਰਾਂ ਦੀ ਇੱਕ ਵੱਡੀ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਦੋ ਸਮੱਗਲਰਾਂ ਨੂੰ 20 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਤਸਕਰਾਂ ਦੀ ਪਛਾਣ ਸੁਬੇਗ ਸਿੰਘ ਵਾਸੀ ਲਖਮੀਰ ਕਰ ਉਤਾੜ, ਫਾਜ਼ਿਲਕਾ ਅਤੇ ਸੰਦੀਪ ਸਿੰਘ ਉਰਫ ਸੀਪਾ ਵਾਸੀ ਪਿੰਡ ਮਾਨਸਾ, ਫਾਜ਼ਿਲਕਾ ਵਜੋਂ ਹੋਈ ਹੈ।

ਪੁਲਿਸ ਨੇ ਕੀਤੀ ਹੋਈ ਸੀ ਨਾਕਾਬੰਦੀ

ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹੈਰੋਇਨ ਦੀ ਵੱਡੀ ਖੇਪ ਪਿੰਡ ਹਸਤਾ ਕਲਾਂ ਪੁੱਜੀ ਹੈ। ਸਮੱਗਲਰ ਇਸ ਖੇਪ ਨੂੰ ਅੱਗੇ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸੂਚਨਾ ਦੇ ਆਧਾਰ ‘ਤੇ ਐਸ.ਐਸ.ਓ.ਸੀ ਫਾਜ਼ਿਲਕਾ ਦੀ ਪੁਲਿਸ ਟੀਮ ਨੇ ਫਾਜ਼ਿਲਕਾ ਦੇ ਪਿੰਡ ਰਾਣੋ ਨੇੜੇ ਹਸਤਾ ਰੋਡ ‘ਤੇ ਨਾਕਾਬੰਦੀ ਕਰਕੇ ਸਰਹੱਦ ‘ਤੇ ਡ੍ਰੋਨ ਰਾਹੀਂ ਸੁੱਟੇ ਗਏ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦੇਖ ਕੇ ਨਸ਼ੇ ਦੇ ਸੌਦਾਗਰਾਂ ਨੇ ਮੋਟਰਸਾਈਕਲ ‘ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੁੱਠਭੇੜ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ 10 ਪੈਕਟਾਂ ‘ਚ ਕੁੱਲ 20 ਕਿਲੋ ਹੈਰੋਇਨ ਬਰਾਮਦ ਹੋਈ।

ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ

ਇਸ ਮੌਕੇ ‘ਤੇ ਬੋਲਦਿਆਂ ਐਸਐਸਓਸੀ ਫਾਜ਼ਿਲਕਾ ਦੇ ਸਹਾਇਕ ਇੰਸਪੈਕਟਰ ਜਨਰਲ (ਏਆਈਜੀ) ਲਖਬੀਰ ਸਿੰਘ ਨੇ ਕਿਹਾ ਕਿ ਮਾਡਿਊਲ ਵਿੱਚ ਸ਼ਾਮਲ ਹੋਰਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ