ਅੰਮ੍ਰਿਤਸਰ ‘ਚ ਦੁਕਾਨਾਂ ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ
ਅੱਗ ਵਿੱਚ ਝੁਲਸਣ ਕਾਰਨ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਮਨਿਆਰੀ ਦੀ ਦੁਕਾਨ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਉੱਪਰ ਉਸ ਦੀ ਰਿਹਾਇਸ਼ ਹੈ।

ਅੰਮ੍ਰਿਤਸਰ ਵਿੱਚ ਅੱਜ ਦੁਕਾਨਾਂ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਚੌਕ ਬਾਬਾ ਸਾਹਿਬ ਵਿੱਚ ਅੱਜ ਸਵੇਰੇ ਹੀ ਦੁਕਾਨਾਂ ਵਿੱਚ ਅੱਗ ਲੱਗ ਗਈ। ਅੱਗ ਨੇ ਦੁਕਾਨਾਂ ਉਪਰ ਬਣੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਐਨੀ ਭਿਆਨਕ ਸੀ ਕਿ ਨਾਲ ਦੀਆਂ ਲੱਗਦੀਆਂ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
ਦੱਸਿਆ ਜਾ ਰਿਹਾ ਹੈ ਇਹ ਘਟਨਾ ਲਗਭਗ ਤੜਕੇ ਤਿੰਨ ਵਜੇ ਵਾਪਰੀ। ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪੁੱਜ ਗਈਆਂ ਅਤੇ ਅੱਗ ਉਤੇ ਭਾਰੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ। ਅੱਗ ਵਿੱਚ ਝੁਲਸਣ ਕਾਰਨ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਮਨਿਆਰੀ ਦੀ ਦੁਕਾਨ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਉੱਪਰ ਉਸ ਦੀ ਰਿਹਾਇਸ਼ ਹੈ।
ਕੁਲਵਿੰਦਰ ਅਨੁਸਾਰ ਉਸਦਾ ਸਾਲਾ ਪਰਮਜੀਤ ਤੇ ਦੁਕਾਨ ਉਤੇ ਕੰਮ ਕਰਨ ਵਾਲਾ ਕਰਿੰਦਾ ਦੁਕਾਨਾਂ ਦੇ ਉਪਰ ਰਹਿੰਦੇ ਸਨ। ਅੱਗ ਲੱਗਣ ਕਾਰਨ ਪਰਮਜੀਤ ਸਿੰਘ ਸਰੀਰ ਭਾਰਾ ਹੋਣ ਕਾਰਨ ਭੱਜ ਨਹੀਂ ਸਕਿਆ ਜਦਕਿ ਨਾਲ ਰਹਿ ਰਿਹਾ ਕਰਿੰਦਾ ਭੱਜ ਕੇ ਉਪਰਲੀ ਮੰਜ਼ਿਲ ਉਤੇ ਚਲਾ ਗਿਆ।
ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਉਮਰ 50 ਸਾਲ ਵਜੋਂ ਹੋਈ।ਅੱਗ ਉਤੇ ਕਾਬੂ ਪਾਉਣ ਲਈ ਗੁਰਦੁਆਰਾ ਬਾਬਾ ਅੱਟਲ ਰਾਏ ਸਾਹਿਬ ਦੇ ਸਰੋਵਰ ਵਿਚੋਂ ਜਲ ਲਿਆਂਦਾ ਗਿਆ। ਅੱਗ ਲੱਗਣ ਕਾਰਨ ਲੱਖਾਂ ਰੁਪਏ ਮਾਲੀ ਨੁਕਸਾਨ ਹੋ ਗਿਆ।