ਜ਼ਬਰਦਸਤ ਹੰਗਾਮੇ ਦੇ ਵਿੱਚ ਬਜਟ 2024-25 ਪਾਸ, ਅਨੁਸ਼ਾਸਨੀ ਕਾਰਵਾਈ ‘ਚ 9 ਕਾਂਗਰਸੀ ਵਿਧਾਇਕ ਮੁਅੱਤਲ
ਸਪੀਕਰ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਸਮੇਤ 9 ਕਾਂਗਰਸੀ ਵਿਧਾਇਕਾਂ ਨੂੰ ਅੱਜ ਲਈ ਮੁਅੱਤਲ ਕਰ ਦਿੱਤਾ। ਮਾਰਸ਼ਲ ਨੂੰ ਬੁਲਾਇਆ ਗਿਆ ਅਤੇ ਉਸ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ।

ਬਜਟ ਇਜਲਾਸ ਦੇ ਚੌਥੇ ਦਿਨ ਅੱਜ ਪੰਜਾਬ ਵਿਧਾਨ ਸਭਾ ਵਿੱਚ 2024-25 ਦਾ ਬਜਟ ਕਾਫੀ ਹੰਗਾਮੇ ਵਿੱਚ ਪਾਸ ਕੀਤਾ ਗਿਆ। ਬਜਟ 5 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਤੇ ਅੱਜ ਬਹਿਸ ਹੋਈ। ਸਰਕਾਰ ਨੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਸਪੀਕਰ ਨੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਮਾਂ ਪੂਰਾ ਹੋਣ ਕਾਰਨ ਸਦਨ ਵਿੱਚ ਬੋਲਣ ਤੋਂ ਰੋਕ ਦਿੱਤਾ। ਸਪੀਕਰ ਨੇ ਕਿਹਾ ਕਿ ਤੁਹਾਡਾ ਸਮਾਂ ਪੂਰਾ ਹੋ ਗਿਆ ਹੈ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਹੰਗਾਮਾ ਕੀਤਾ।
ਜਿਸ ਤੋਂ ਬਾਅਦ ਸਪੀਕਰ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਸਮੇਤ 9 ਕਾਂਗਰਸੀ ਵਿਧਾਇਕਾਂ ਨੂੰ ਅੱਜ ਲਈ ਮੁਅੱਤਲ ਕਰ ਦਿੱਤਾ। ਮਾਰਸ਼ਲ ਨੂੰ ਬੁਲਾਇਆ ਗਿਆ ਅਤੇ ਉਸ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ।
ਵਿੱਤ ਮੰਤਰੀ ਨੇ ਕਰਜ਼ੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਬੋਰਡ ਨੇ ਅਜੇ ਤੱਕ ਕਰਜ਼ਾ ਨਹੀਂ ਲਿਆ ਹੈ। ਜਦੋਂ ਕਿ ਕਾਂਗਰਸ ਸਰਕਾਰ ਦੇ ਸਮੇਂ ਮੰਡੀ ਬੋਰਡ ਰਾਹੀਂ 9530 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਲਏ ਕਰਜ਼ੇ ਨੂੰ ਵੀ ਮੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਰਾਸ਼ਟਰੀ ਸਿਹਤ ਅਤੇ ਪੇਂਡੂ ਵਿਕਾਸ ਫੰਡ ਵਿੱਚੋਂ 8,000 ਕਰੋੜ ਰੁਪਏ ਰੋਕ ਲਏ ਹਨ।
ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੱਤੇ
ਬਜਟ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਿਧਾਇਕਾਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੋਲਣ ਲਈ ਪੂਰਾ ਸਮਾਂ ਦਿੱਤਾ ਗਿਆ ਸੀ ਪਰ ਉਹ ਆਪਣੀ ਫੋਟੋ ਖਿੱਚਵਾਉਣ ਲਈ ਬਾਹਰ ਚਲੇ ਗਏ।
ਉਨ੍ਹਾਂ ਕਿਹਾ ਕਿ ਸਦਨ ਵਿੱਚ ਮੌਜੂਦ ਵਿਰੋਧੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਲਾਗੂ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਸੀ ਕਿ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਬਜਟ ਦੇ ਅੰਕੜਿਆਂ ਬਾਰੇ ਕਿਹਾ ਸੀ। ਉਨ੍ਹਾਂ ਨੂੰ ਬਜਟ ਵਿੱਚ ਪੰਨਾ ਨੰਬਰ ਇੱਕ ਤੋਂ ਪੰਜ ਤੱਕ ਇੱਕ ਨਜ਼ਰ ਨਾਲ ਪੜ੍ਹਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ
ਪ੍ਰਤਾਪ ਸਿੰਘ ਬਾਜਵਾ ਮਾਨ ਸਰਕਾਰ ਨੂੰ ਘੇਰਿਆ
ਪ੍ਰਤਾਪ ਸਿੰਘ ਬਾਜਵਾ ਨੇ ਵਿੱਤ ਮੰਤਰੀ ਹਰਪਾਲ ਚੀਮਾ ਦੁਆਰਾ ਪੇਸ਼ ਕੀਤੇ ਬਜਟ ਤੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਬਣੇ ਨੂੰ ਹੁਣ ਦੋ ਸਾਲ ਹੋ ਚੁੱਕੇ ਹਨ ਅਤੇ ਸਰਕਾਰ ਨੇ ਆਪਣੀਆਂ ਗਾਰੰਟੀਆਂ ਤੇ ਕੰਮ ਨਹੀਂ ਕੀਤਾ। ਉਨ੍ਹਾਂ ਇਸ ਦੇ ਨਾਲ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੁਆਰਾ ਕੀਤੇ ਗਏ ਵਾਅਦਿਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਇਹ ਗਾਰੰਟੀਆਂ ਪੂਰੀਆਂ ਕਰਨ ਵਿੱਚ ਅਸਫਲ ਰਹੇ ਹਨ।
.@AAPPunjab ਹੈ ਕੋਈ ਜਵਾਬ ! pic.twitter.com/ZTLJDqqHjm
— Partap Singh Bajwa (@Partap_Sbajwa) March 6, 2024
ਪ੍ਰਤਾਪ ਬਾਜਵਾ ਨੇ ਇਸ ਦੇ ਨਾਲ ਕਿਸਾਨ ਅੰਦੋਲਨ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਪਰ ਸੂਬਾ ਨੇ ਬਜਟ ਵਿੱਚ ਕਿਸਾਨਾਂ ਲਈ MSP ਲਈ ਕੋਈ ਪੈਸਾ ਨਹੀਂ ਰੱਖਿਆ ਗਿਆ। ਬਾਜਵਾ ਨੇ ਮੰਗ ਕੀਤੀ ਸੂਬਾ ਸਰਕਾਰ ਇਹ ਗਰੰਟੀ ਦੇਵੇ ਕਿ ਕੋਈ ਵੀ ਵਪਾਰੀ ਐਮ ਐਸ ਪੀ ਤੋਂ ਘੱਟ ਕਿਸਾਨਾਂ ਦੀ ਫ਼ਸਲ ਨਹੀਂ ਖਰੀਦੇਗਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇ।
ਮੁੱਖ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਦੇ ਸਵਾਲਾਂ ਦੇ ਜਵਾਬ ਦਿੱਤੇ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਸ਼ੁਰੂ ਕੀਤੀ ਸੀ ਤਾਂ ਹੁਣ ਮੋਦੀ ਨੂੰ ਵੀ ਗਾਰੰਟੀ ਮਿਲ ਗਈ ਹੈ। ਇਹ ਬਜਟ ਨਹੀਂ ਸਗੋਂ ਗਾਰੰਟੀ ਹੈ ਜੋ ਉਨ੍ਹਾਂ ਨੇ ਅਗਲੇ ਸਾਲ ਤੱਕ ਪੂਰੀ ਕਰਨੀ ਹੈ। ਸੀਐਮ ਮਾਨ ਨੇ ਕਿਹਾ ਕਿ ਜਦੋਂ ਵੀ ਕਿਸੇ ਘਰ ਵਿੱਚ ਸਰਕਾਰੀ ਨੌਕਰੀ ਮਿਲਦੀ ਹੈ ਤਾਂ ਘਰ ਦੀ ਪੀੜ੍ਹੀ ਬਦਲਗੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ ਉਹ ਪੂਰਾ ਵੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੌਕਰੀਆਂ ਦਾ ਰਿਕਾਰਡ ਮੰਗ ਰਹੇ ਹਨ। ਉਹ ਸਾਰਾ ਰਿਕਾਰਡ ਲੈ ਕੇ ਆਏ ਹਨ। ਉਹ ਸਦਨ ਵਿੱਚ ਇਸ ਨੂੰ ਪੜ੍ਹ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਕੋਈ ਅਧਿਕਾਰੀ ਮੇਰੇ ਵੱਲੋਂ ਇਹ ਪੱਤਰ ਉਨ੍ਹਾਂ ਤੱਕ ਪਹੁੰਚਾਵੇ।
ਹੁਣ ਤੱਕ ਨੌਜਵਾਨ ਮੁੰਡੇ-ਕੁੜੀਆਂ ਨੂੰ 40 ਹਜ਼ਾਰ 437 ਸਰਕਾਰੀ ਨੌਕਰੀਆਂ ਅਸੀਂ ਦੇ ਚੁੱਕੇ ਹਾਂ… ਕੱਲ੍ਹ ਹੋਰ 2487 ਸਰਕਾਰੀ ਨੌਕਰੀਆਂ ਦੇਣ ਜਾ ਰਹੇ ਹਾਂ… ਸਾਡਾ ਮੁੱਖ ਮਕਸਦ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣਾ ਅਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ… pic.twitter.com/MRvLS0K1h0
— Bhagwant Mann (@BhagwantMann) March 6, 2024
ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ 2487 ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਵਿੱਚ ਪੁਲਿਸ ਸਮੇਤ ਕਈ ਵਿਭਾਗਾਂ ਵਿੱਚ ਨੌਕਰੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੇਰੀਆਂ ਦੋਵੇਂ ਚਿੱਠੀਆਂ ਪ੍ਰਤਾਪ ਸਿੰਘ ਬਾਜਵਾ ਤੱਕ ਪਹੁੰਚਾ ਦਿੱਤੀਆਂ ਜਾਣ।
ਪ੍ਰਤਾਪ ਬਾਜਵਾ ਸਮੇਤ 9 ਆਗੂ ਮੁਅੱਤਲ
ਪ੍ਰਤਾਪ ਬਾਜਵਾ ਸਮੇਤ ਕਈ ਆਗੂ ਅੱਜ ਦੇ ਦਿਨ ਲਈ ਵਿਧਾਨ ਸਭਾ ਤੋਂ ਮੁਅੱਤਲ ਕਰ ਦਿੱਤੇ ਗਏ ਹਨ। ਇਨ੍ਹਾਂ ਕਾਂਗਰਸੀ ਆਗੂਆਂ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਸਰਕਾਰੀਆ, ਹਰਦੇਵ ਸਿੰਘ ਲਾਡੀ, ਅਵਤਾਰ ਸਿੰਘ ਜੂਨੀਅਰ, ਬਰਿੰਦਰਮੀਤ ਸਿੰਘ ਬਹਾੜਾ, ਡਾ. ਰਾਜਕੁਮਾਰ ਚੱਬੇਵਾਲ, ਸ਼੍ਰੀ ਵਿਕਰਮਜੀਤ ਸਿੰਘ ਚੌਧਰੀ ਅਤੇ ਰਾਣਾ ਗੁਰਜੀਤ ਸਿੰਘ ਸ਼ਾਮਲ ਹਨ।
ਅਕਾਲੀ ਦਲ ਨੇ ਵੀ ਬਜਟ ਦਾ ਵਿਰੋਧ ਕੀਤਾ
ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਬਜਟ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਇਸ ਵਿੱਚ ਪੰਜਾਬ ਵਾਸੀਆਂ ਲਈ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪਰ ਸਰਕਾਰ ਨੇ ਖੇਤੀ ਬਜਟ ਵਿੱਚ 105 ਕਰੋੜ ਦੀ ਕਟੌਤੀ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਔਰਤਾਂ ਦੀ ਪੈਨਸ਼ਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੈਨਸ਼ਨ ਲਈ ਵੀ ਕੁਝ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਪੁਲਿਸ ਦਾ ਬਜਟ ਵਧਾ ਦਿੱਤਾ ਗਿਆ ਹੈ, ਇਸ ਦੇ ਨਾਲ ਜਿੰਮੇਵਾਰੀ ਵੀ ਵੱਧਦੀ ਹੈ। ਇਆਲੀ ਨੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਵੀ ਸੁਧਾਰ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਜ਼ਰੂਰੀ ਦਵਾਈਆਂ ਉਪਲਬਧ ਨਹੀਂ ਹਨ।