ਬਹਿਬਲਕਲਾਂ ਗੋਲੀਕਾਂਡ – ਥਾਣਾ ਬਾਜਾਖਾਨਾ ਦੇ ਐਸਐਚਓ ਨੇ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਮੰਗਿਆ ਹੋਰ ਸਮਾਂ, ਹੁਣ 21 ਨੂੰ ਅਗਲੀ ਸੁਣਵਾਈ
Bahbal Kalan Firing: ਪੀੜਤ ਪਰਿਵਾਰ ਅਤੇ ਇਹਨਾਂ ਮਾਮਲਿਆਂ ਦੇ ਗਵਾਹ ਅੱਜ ਤੱਕ ਇਨਸਾਫ ਦੀ ਉਡੀਕ ਵਿਚ ਸਰਕਾਰਾਂ ਖਿਲਾਫ ਸਿਵਾਏ ਰੋਸ਼ ਪ੍ਰਕਟ ਕਰਨ ਦੇ ਕੁਝ ਵੀ ਕਰਨ ਤੋਂ ਅਸਮਰੱਥ ਜਾਪ ਰਹੇ ਨੇ।
ਪਿਛਲੇ ਦਿਨੀ ਬਹਿਬਲਕਲਾਂ ਗੋਲੀਕਾਂਡ (Bahbal Kalan Firing) ਦੇ ਕਰੀਬ 7 ਅਹਿਮ ਗਵਾਹਾਂ ਨੇ ਮਾਨਯੋਗ ਅਦਾਲਤ ਵਿਚ ਅਰਜੀ ਦਾਖਲ ਕਰ ਉਹਨਾਂ ਦੇ ਬਿਆਨ ਮੁੜ ਤੋਂ ਦਰਜ ਕਰਵਾਏ ਜਾਣ ਦੀ ਮੰਗ ਕਰਦਿਆ ਪਹਿਲਾਂ ਦਰਜ ਹੋਏ ਬਿਆਨਾਂ ਨਾਲ ਕਥਿਤ ਛੇੜ-ਛਾੜ ਕੀਤੇ ਜਾਣ ਦੀ ਗੱਲ ਕਹੀ ਸੀ, ਜਿਸ ਤੇ ਅਦਾਲਤ ਵੱਲੋਂ ਸੋਮਵਾਰ ਨੂੰ ਐਸਐਚਓ ਥਾਣਾ ਬਾਜਾਖਾਨਾ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਸੀ ਪਰ ਅੱਜ ਇਸ ਮਾਮਲੇ ਵਿਚ ਸੁਣਵਾਈ ਦੌਰਾਨ ਅਗਲੀ ਤਾਰੀਖ 21 ਜੁਲਾਈ ਰੱਖੀ ਗਈ ਹੈ।
ਜਾਣਕਾਰੀ ਅਨੁਸਾਰ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਕਰੀਬ 7 ਗਵਾਹਾਂ ਨੇ ਫਰੀਦਕੋਟ ਅਦਾਲਤ ਵਿਚ ਅਰਜੀ ਦਾਖਲ ਕਰ ਕੇ ਇਹ ਮੰਗ ਕੀਤੀ ਸੀ ਕਿ ਉਹਨਾਂ ਦੇ ਬਿਆਨ ਵਿਸੇਸ ਜਾਂਚ ਟੀਮ ਦੁਬਾਰਾ ਦਰਜ ਕਰੇ ਕਿਉਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਵਿਸੇਸ ਜਾਂਚ ਟੀਮ ਨੇ ਉਹਨਾਂ ਦੇ ਬਿਆਨਾਂ ਨਾਲ ਕਥਿਤ ਛੇੜਛਾੜ ਕੀਤੀ ਹੈ। ਨਾਲ ਹੀ ਉਹਨਾਂ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਨਵੀਂ ਬਣੀ ਵਿਸੇਸ ਜਾਂਚ ਟੀਮ ਵੱਲੋਂ ਵੀ ਹਾਲੇ ਤੱਕ ਉਹਨਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ ਅਜਿਹੇ ਵਿਚ ਉਹਨਾਂ ਨੂੰ ਇਨਸਾਫ ਦੀ ਆਸ ਨਹੀਂ, ਜਿਸ ਤੇ ਅਦਾਲਤ ਨੇ ਸੁਣਵਾਈ ਲਈ 3 ਜੁਲਾਈ ਦਾ ਸਮਾਂ ਰੱਖਿਆ ਸੀ।
ਮਾਮਲੇ ਦੀ ਅਗਲੀ ਸੁਣਵਾਈ 21 ਜੁਲਾਈ
ਕੋਰਟ ਨੇ ਥਾਣਾ ਬਾਜਾਖਾਨਾ ਦੇ ਐਸਐਚਓ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਸੀ ਪਰ ਸੋਮਵਾਰ ਨੂੰ ਪਤਾ ਚੱਲਿਆ ਕਿ ਅਦਾਲਤ ਵਿਚ ਸੁਣਵਾਈ ਦੌਰਾਨ ਨਾਂ ਤਾ ਵਿਸੇਸ਼ ਜਾਂਚ ਟੀਮ ਪ੍ਰਮੁੱਖ ਪੇਸ਼ ਹੋਏ ਅਤੇ ਨਾਂ ਹੀ ਥਾਣਾ ਬਾਜਾਖਾਨਾ ਦੇ ਐਸਐਚਓ ਵੱਲੋਂ ਕੋਈ ਰਿਪੋਰਟ ਦਾਖਲ ਕੀਤੀ ਗਈ। ਵਿਸੇਸ਼ ਜਾਂਚ ਟੀਮ ਵੱਲੋਂ ਸਰਕਾਰੀ ਵਕੀਲ ਰਾਹੀਂ ਆਪਣਾ ਜਵਾਬ ਦਾਖਲ ਕਰਨ ਲਈ ਅਦਾਲਤ ਕੋਲੋਂ ਸਮੇਂ ਦੀ ਮੰਗ ਕੀਤੀ ਗਈ ਹੈ । ਜਿਸ ਤੇ ਅਦਾਲਤ ਨੇ ਹੁਣ ਇਸ ਮਾਮਲੇ ਦੀ ਸੁਣਵਾਈ 21 ਜੁਲਾਈ ਨੂੰ ਰੱਖੀ ਹੈ ਅਤੇ ਉਸੇ ਦਿਨ ਹੁਣ ਗਵਾਹਾਂ ਦੀ ਮੰਗ ਬਾਰੇ ਕੋਈ ਫੈਸਲਾ ਆਉਣ ਦੇ ਵੀ ਆਸਾਰ ਹਨ।
ਦੂਜੇ ਪਾਸੇ ਗਵਾਹਾਂ ਦੀ ਮੰਗ ਦੀ ਜੇਕਰ ਗੱਲ ਕਰੀਏ ਤਾਂ ਬਹਿਬਲਕਲਾਂ ਗੋਲੀਕਾਂਡ ਦੇ ਕਰੀਬ 7 ਗਵਾਹਾਂ ਫਰੀਦਕੋਟ ਅਦਾਲਤ ਵਿਚ ਪਿਛਲੇ ਦਿਨੀ ਇਕ ਅਰਜੀ ਦਾਖਲ ਕੀਤੀ ਸੀ। ਗਵਾਹਾਂ ਦਾ ਕਹਿਣਾ ਕਿ ਆਈਜੀ ਕੁੰਵਰ ਵਿਜੇ ਪ੍ਰਥਾਪ ਦੀ ਅਗਵਾਈ ਵਾਲੀ ਵਿਸ਼ੇਸ ਜਾਂਚ ਟੀਮ ਵੱਲੋਂ ਗੋਲੀਕਾਂਡ ਦੇ ਦੋਸ਼ੀਆਂ ਵਿਚੋਂ ਹੀ ਪ੍ਰਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਹੈ ਜੋ ਉਸ ਵਕਤ ਮੋਗਾ ਦੇ ਐਸਐਸਪੀ ਚਰਨਜੀਤ ਸਿੰਘ ਸ਼ਰਮਾਂ ਦਾ ਰੀਡਰ ਸੀ ਅਤੇ ਬਹਿਬਲਕਲਾਂ ਵਿਖੇ ਰੋਸ ਧਰਨਾਂ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਆਏ ਚਰਨਜੀਤ ਸਿੰਘ ਸ਼ਰਮਾਂ ਦੇ ਨਾਲ ਆਏ ਸਨ।
ਗਵਾਹਾਂ ਨੇ ਲਗਾਇਆ ਸਾਜਿਸ਼ ਦਾ ਇਲਜ਼ਾਮ
ਗਵਾਹਾਂ ਦਾ ਕਹਿਣਾ ਹੈ ਕਿ ਐਸਆਈਟੀ ਨੇ ਉਹਨਾਂ ਪੁਲਿਸ ਅਫਸਰਾਂ ਦੇ ਨਾਮ ਵੀ ਬਿਆਨਾਂ ਵਿਚ ਲਿਖੇ ਹਨ ਜੋ ਉਸ ਵਕਤ ਮੌਕੇ ਤੇ ਮੌਜੂਦ ਨਹੀਂ ਸਨ ਜਿੰਨਾਂ ਵਿਚ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐਸਐਚਓ ਗੁਰਦੀਪ ਸਿੰਘ ਪੰਧੇਰ ਵਰਗੇ ਕਈ ਨਾਮ ਅਹਿਮ ਹਨ ਜੋ ਕੋਟਕਪੂਰਾ ਵਿਖੇ ਤਾਂ ਮੌਜੂਦ ਸਨ ਪਰ ਬਹਿਬਲਕਲਾਂ ਵਿਖੇ ਮੌਜੂਦ ਨਹੀਂ ਸਨ। ਗਵਾਹਾਂ ਦਾ ਕਹਿਣਾ ਹੈ ਕਿ ਇਹ ਸਭ ਗਿਣੀ ਮਿਥੀ ਸਾਜਿਸ ਤਹਿਤ ਹੋਇਆ ਹੈ ਇਸੇ ਲਈ ਉਹਨਾਂ ਵੱਲੋਂ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਹੇ ਅਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਅਦਾਲਤ ਤੋਂ ਇਨਸਾਫ ਜਰੂਰ ਮਿਲੇਗਾ।
ਇਹ ਵੀ ਪੜ੍ਹੋ
ਬਹਿਬਲਕਲਾਂ ਗੋਲੀਕਾਂਡ ਮਾਮਲਾ
ਬਹਿਬਲਕਲਾਂ ਗੋਲੀਕਾਂਡ ਮਾਮਲੇ ਦਾ ਨਾਮ ਸੁਣਦੇ ਹੀ ਸਾਲ 2015 ਦੇ ਅਕਤੂਬਰ 14 ਦੀ ਉਹ ਸਵੇਰ ਦਾ ਪੂਰਾ ਮੰਜਰ ਅੱਖਾਂ ਮੂਹਰੋਂ ਘੁੰਮ ਜਾਂਦਾਂ ਜੋ ਪਹਿਲਾ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਵਿਚ ਅਤੇ ਫਿਰ ਬਹਿਬਲਕਲਾਂ ਵਿਖੇ ਨੈਸ਼ਨਲ ਹਾਈਵੇ 54 ਤੇ ਵਾਪਰਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੀੜਤ ਪਰਿਵਾਰਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਈ ਕਮਿਸ਼ਨ ਅਤੇ ਵਿਸੇਸ ਜਾਂਚ ਟੀਮਾਂ ਬਨਣ ਦੇ ਬਾਵਜੂਦ ਇਹਨਾਂ ਮਾਮਲਿਆ ਵਿਚ ਹਾਲੇ ਤੱਕ ਕੋਈ ਵੀ ਵੱਡੀ ਪ੍ਰਾਪਤੀ ਨਜਰ ਨਹੀਂ ਆ ਰਹੀ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ