ਬਹਿਬਲਕਲਾਂ ਗੋਲੀਕਾਂਡ : ਧਰਨੇ ਦਾ ਤੀਜਾ ਦਿਨ, ਐੱਸਆਈਟੀ ਨੇ ਅਦਾਲਤ ‘ਚ ਸੌਂਪੀ ਸਟੇਟਸ ਰਿਪੋਰਟ
ਬਹਿਬਲਕਲਾਂ ਇਨਸਾਫ ਮੋਰਚੇ ਦਾ ਨੈਸ਼ਨਲ ਹਾਈਵੇ ਜਾਮ ਦਾ ਅੱਜ ਤੀਜਾ ਦਿਨ ਹੈ। ਉੱਧਰ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸੀਲਬੰਦ ਸਟੇਟਸ ਰਿਪੋਰਟ ਜ਼ਿਲ੍ਹਾ ਅਦਾਲਤ ਨੂੰ ਸੌਂਪ ਦਿੱਤੀ ਹੈ।
ਫਰੀਦਕੋਟ । ਬਹਿਬਲਕਲਾਂ ਇਨਸਾਫ ਮੋਰਚੇ ਦਾ ਨੈਸ਼ਨਲ ਹਾਈਵੇ ਜਾਮ ਦਾ ਅੱਜ ਤੀਜਾ ਦਿਨ ਹੈ। ਇਨਸਾਫ਼ ਦੀ ਮੰਗ ਨੂੰ ਲੈ ਕੇ ਲੋਕ ਬਜਿਦ ਹਨ। ਉਨ੍ਹਾਂ ਦੀ ਮੰਗ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੇ ਵੱਖ ਵੱਖ ਮਾਮਲਿਆਂ ਦਾ ਇਨਸਾਫ ਨਹੀਂ ਕਰ ਦਿੰਦੀ ਉਦੋਂ ਤੱਕ ਨੈਸ਼ਨਲ ਹਾਈਵੇ ਨੰਬਰ 54 (ਬਠਿੰਡਾ ਅੰਮ੍ਰਿਤਸਰ ਰੋਡ) ਮੁਕੰਮਲ ਬੰਦ ਰਹੇਗਾ। ਉੱਧਰ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸੀਲਬੰਦ ਸਟੇਟਸ ਰਿਪੋਰਟ ਜ਼ਿਲ੍ਹਾ ਅਦਾਲਤ ਨੂੰ ਸੌਂਪ ਦਿੱਤੀ ਗਈ ਹੈ।
ਐਸਆਈਟੀ ਨੇ ਸੌਂਪੀ ਰਿਪੋਰਟ, 29 ਅਪਰੈਲ ਨੂੰ ਸੁਣਵਾਈ
ਧਰਨੇ ਦੇ ਤੀਜੇ ਦਿਨ ਕੱਲ੍ਹ ਆਈਜੀ ਫਰੀਦਕੋਟ ਪ੍ਰਦੀਪ ਕੁਮਾਰ ਯਾਦਵ ਵੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਧਰਨਾ ਸਥਾਨ ਤੇ ਪਹੁੰਚੇ ਸਨ ਪਰ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਤੇ ਬਜ਼ਿਦ ਰਹੇ। ਜਿਥੇ ਪ੍ਰਦਰਸ਼ਨਕਾਰੀਆਂ ਵਲੋਂ ਲਗਾਤਾਰ ਨੈਸ਼ਨਲ ਹਾਈਵੇ ਜਾਮ ਕਰ ਸਰਕਾਰ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ, ਉਥੇ ਹੀ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੀ ਹਰਕਤ ਵਿਚ ਆ ਗਈ ਹੈ। 2015 ਦੇ ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਬਹਿਬਲ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐਸਆਈਟੀ ਨੇ ਪੰਜਾਬ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਕੇਸ ਦੀ ਸੀਲਬੰਦ ਸਟੇਟਸ ਰਿਪੋਰਟ ਜ਼ਿਲ੍ਹਾ ਅਦਾਲਤ ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਵੀ ਆਪਣੀ ਸਟੇਟਸ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਹੈ ਅਤੇ ਹੁਣ ਇਨ੍ਹਾਂ ਰਿਪੋਰਟਾਂ ਤੇ 29 ਅਪਰੈਲ ਨੂੰ ਅਗਲੀ ਸੁਣਵਾਈ ਕੀਤੀ ਜਾਵੇਗੀ।
ਦੋਵਾਂ ਮਾਮਲਿਆਂ ਦੀ ਸੁਣਵਾਈ ਇਕੱਠੇ ਕਰਨ ਦੇ ਨਿਰਦੇਸ਼
ਜਾਣਕਾਰੀ ਅਨੁਸਾਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿਛਲੇ ਸਾਲ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਜ਼ਿਲ੍ਹਾ ਅਦਾਲਤ ਨੂੰ ਦੋਵਾਂ ਮਾਮਲਿਆਂ ਦੀ ਸੁਣਵਾਈ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਗਏ ਸ਼ਨ ਅਤੇ ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਕਰ ਰਹੀਆਂ ਦੋਵੇਂ ਐਸਆਈਟੀ ਨੂੰ ਵੀ ਮਾਮਲੇ ਦੀ ਜਾਂਚ ਸਬੰਧੀ ਇਸ ਦੀ ਰਿਪੋਰਟ ਸਮੇਂ-ਸਮੇਂ ‘ਤੇ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸੇ ਤਹਿਤ ਕੋਟਕਪੂਰਾ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਕੁਝ ਦਿਨ ਪਹਿਲਾਂ ਹੀ ਜ਼ਿਲ੍ਹਾ ਅਦਾਲਤ ਵਿੱਚ ਆਪਣੀ ਰਿਪੋਰਟ ਸੌਂਪੀ ਸੀ, ਜਦੋਂਕਿ ਹੁਣ ਬਹਿਬਲ ਕਲਾਂ ਗੋਲੀਕਾਂਡ ਦੀ ਐਸਆਈਟੀ ਨੇ ਆਪਣੀ ਸਟੇਟਸ ਰਿਪੋਰਟ ਸੌਂਪ ਦਿੱਤੀ ਹੈ। ਦੱਸਣਯੋਗ ਹੈ ਕਿ ਹੁਣ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਦੀ ਤਰਫ਼ੋਂ ਪੁਲੀਸ ਅਧਿਕਾਰੀ ਤੇ ਕੁਝ ਹੋਰ ਲੋਕਾਂ ਦੇ ਖਿਲਾਫ ਅਦਾਲਤ ‘ਚ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਹੈ।
ਜਦੋਂ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਅਜੇ ਤੱਕ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ। ਕਿਉਂਕਿ ਕੋਟਕਪੂਰਾ ਕੇਸ ਵਿੱਚ ਪਹਿਲਾਂ ਦਾਇਰ ਚਾਰਜਸ਼ੀਟ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ ਅਤੇ ਰਾਜ ਸਰਕਾਰ ਨੂੰ ਜਾਂਚ ਲਈ ਨਵੀਂ ਐਸਆਈਟੀ ਬਣਾਉਣ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਸਰਕਾਰ ਨੇ ਏਡੀਜੀਪੀ ਐਲ.ਕੇ.ਯਾਦਵ ਕੀ ਅਗਵਾਈ ਹੇਠ ਇੱਕ ਨਵੀਂ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਜਾਂਚ ਚੱਲ ਰਹੀ ਹੈ।