ਫਰੀਦਕੋਟ ‘ਚ ਨਸ਼ੇ ਦਾ ਵਿਰੋਧ ਕਰ ਰਹੇ ਨੌਜਵਾਨ ਦੀ ਗੋਲੀ ਮਾਰਕੇ ਹੱਤਿਆ,ਐੱਸਪੀ ਬੋਲੇ, ਬਖਸ਼ੇ ਨਹੀਂ ਜਾਣਗੇ ਮੁਲਜ਼ਮ
ਜ਼ਖਮੀ ਹਰਭਗਵਾਨ ਸਿੰਘ ਨੂੰ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਮਲੇ 'ਚ ਐੱਸਪੀ ਜਸਮੀਤ ਸਿੰਘ ਨੇ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਫਰੀਦਕੋਟ। ਪੰਜਾਬ ਸਰਕਾਰ ਬੇਸ਼ੱਕ ਨਸ਼ਾ ਖਤਮ ਕਰਨ ਲਈ ਸੂਬੇ ਵਿੱਚ ਸਖਤੀ ਕਰ ਰਹੀ ਹੈ ਪਰ ਹਾਲੇ ਵੀ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹਨ। ਗੱਲ ਫਰੀਦਕੋਟ ਦੀ ਕਰੀਏ ਤਾਂ ਇੱਥੇ ਫਰੀਦਕੋਟ ਜਿਲ੍ਹੇ ਦੇ ਪਿੰਡ ਢਿਲਵਾਂ ਖੁਰਦ ਵਿੱਚ ਨਸ਼ੇ ਦਾ ਵਿਰੋਧ ਕਰਨ ਵਾਲੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ (Police) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 30 ਸਾਲਾ ਹਰਭਗਵਾਨ ਸਿੰਘ ਵਜੋਂ ਹੋਈ ਹੈ, ਜੋ ਕਿ ਬਿਜਲੀ ਮੁਰੰਮਤ ਦਾ ਕੰਮ ਕਰਦਾ ਸੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਬਣਾਈ ਗਈ ਨਸ਼ਾ ਵਿਰੋਧੀ ਕਮੇਟੀ ਦਾ ਮੈਂਬਰ ਸੀ।
ਨਸ਼ਾ ਵਿਰੋਧੀ ਕਮੇਟੀ ਵੱਲੋਂ ਆਪਣੇ ਪਿੰਡ ਵਿੱਚ ਨਸ਼ਾ (Drugs) ਰੋਕਣ ਲਈ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਸੀ। ਸ਼ੁੱਕਰਵਾਰ ਨੂੰ ਵੀ ਹਰਭਗਵਾਨ ਸਿੰਘ ਅਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਦੋ ਨਸ਼ੇੜੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ, ਜਿਨ੍ਹਾਂ ਨੇ ਸਭ ਦੇ ਸਾਹਮਣੇ ਕਬੂਲ ਕੀਤਾ ਕਿ ਇਹ ਨਸ਼ਾ ਉਨ੍ਹਾਂ ਪਿੰਡ ਦੇ ਹੀ ਅਮਨਦੀਪ ਸਿੰਘ ਤੋਂ ਖਰੀਦਿਆ ਸੀ। ਇਸ ਦੌਰਾਨ ਹੋਈ ਤਕਰਾਰ ਦੌਰਾਨ ਅਮਨਦੀਪ ਸਿੰਘ ਵੀ ਮੌਕੇ ਤੇ ਆ ਗਿਆ ਅਤੇ ਹਰਭਗਵਾਨ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ।