ਕਦੇ ਮੰਡੀ, ਕਦੇ ਮੌਸਮ ਅਤੇ ਹੁਣ ਜੰਗ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨ, ਖੇਤਾਂ ਵਿੱਚ ਹੀ ਖਰਾਬ ਹੋ ਰਹੀ ਫ਼ਸਲ
ਫਰੀਦਕੋਟ ਜਿਲ੍ਹੇ ਦੇ ਪਿੰਡ ਘੁਗਿਆਣਾ ਦੇ ਕਿਸਾਨ ਦੱਸਦੇ ਹਨ ਕਿ ਉਹਨਾਂ ਨੇ ਬਦਲਵੀਂ ਖੇਤੀ ਦੇ ਤਹਿਤ ਸ਼ਬਜੀਆਂ ਬੀਜਣੀਆਂ ਸ਼ੁਰੂ ਕੀਤੀਆਂ, ਪਹਿਲਾਂ ਗੋਭੀ ਦੀ ਫ਼ਸਲ ਲਗਾਈ ਜਿਸ ਨੂੰ ਮਾਰਕਿਟ ਵਿੱਚ ਸਹੀ ਭਾਅ ਨਾ ਮਿਲਣ ਕਾਰਨ ਖੇਤਾਂ ਵਿੱਚ ਹੀ ਵਾਹਉਣਾ ਪਿਆ। ਜਿਸ ਕਾਰਨ ਜੋ ਨੁਕਸਾਨ ਹੋਇਆ ਉਸ ਦਾ ਖਰਚ ਕਿਸਾਨਾਂ ਨੂੰ ਆਪਣੀ ਜੇਬ ਵਿੱਚੋਂ ਭਰਨਾ ਪਿਆ।

ਅਕਸਰ ਹੀ ਕਿਸਾਨਾਂ ਨੂੰ ਕੋਸਿਆ ਜਾਂਦਾ ਕਿ ਉਹ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਕੋਈ ਹੋਰ ਫਸਲ ਕਿਉਂ ਨਹੀਂ ਬੀਜਦੇ, ਕਿਉਂਕਿ ਝੋਨੇ ਅਤੇ ਕਣਕ ਦੀ ਫ਼ਸਲ ਨਾਲ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਨੂੰ ਨੁਕਸਾਨ ਹੋ ਰਿਹਾ ਹੈ। ਪਰ ਅਜਿਹੇ ਕਿਸਾਨ ਕੀ ਕਰਨ, ਜੋ ਇਸ ਫਸਲੀ ਚੱਕਰ ਵਿੱਚੋਂ ਨਿਕਲਣ ਦੀ ਕੋਸ਼ਿਸ ਕਰਦੇ ਹਨ ਅਤੇ ਸਰਕਾਰਾਂ ਦੀਆਂ ਅਪੀਲਾਂ ਅਨੁਸਾਰ ਬਦਲਵੀਂ ਖੇਤੀ ਨੂੰ ਤਰਜ਼ੀਹ ਦੇਂਦੇ ਹਨ। ਕਿਉਂਕਿ ਕਈ ਵਾਰ ਸਮਾਂ ਅਜਿਹੀ ਕਰਵਟ ਲੈਂਦਾ ਹੈ ਕਿ ਬਦਲਵੀਂ ਖੇਤੀ ਅਪਨਾਉਣ ਵਾਲੇ ਕਿਸਾਨਾਂ ਨੂੰ ਕਦੇ ਕਦੇ ਰੋਟੀ ਦੇ ਵੀ ਲਾਲੇ ਪੈ ਜਾਂਦੇ ਹਨ। ਉਹਨਾਂ ਨੂੰ ਆਪਣਾ ਘਾਟਾ ਪੂਰਾ ਕਰਨ ਲਈ ਆਉਣ ਵਾਲੀਆਂ ਫ਼ਸਲਾਂ ਵੱਲ ਦੇਖਣਾ ਪੈਂਦਾ ਹੈ।
ਕਈ ਵਾਰ ਤਾਂ ਕਿਸਾਨ ਅਜਿਹੀਆਂ ਪ੍ਰਸਥਿਤੀਆਂ ਹੋਣ ਤੋਂ ਬਾਅਦ ਨਿਰਾਸ਼ ਵੀ ਹੋ ਜਾਂਦੇ ਹਨ ਅਤੇ ਮੁੜ ਉਸੇ ਕਣਕ ਝੋਨੇ ਦੇ ਗੇੜ੍ਹ ਵਿੱਚ ਚਲੇ ਜਾਂਦੇ ਹਨ। ਜਿਸ ਵਿੱਚੋਂ ਨਿਕਲਕੇ ਉਹਨਾਂ ਨੇ ਬਦਲਵੀਂ ਖੇਤੀ ਦਾ ਰਾਹ ਚੁਣਿਆ ਸੀ। ਅਜਿਹੇ ਹੀ ਕੁੱਝ ਕਿਸਾਨ ਜ਼ਿਲ੍ਹਾ ਫਰੀਦਕੋਟ ਦੇ ਹਨ ਜੋ ਬਦਲਵੀਂ ਖੇਤੀ ਨੂੰ ਅਪਨਾਉਣ ਤੋਂ ਬਾਅਦ ਹੁਣ ਸਮੇਂ ਦੀ ਮਾਰ ਝੱਲ ਰਹੇ ਹਨ।
ਝੋਨਾ ਛੱਡ ਸ਼ਬਜੀਆਂ ਬੀਜਣੀਆਂ ਕੀਤੀਆਂ ਸ਼ੁਰੂ
ਫਰੀਦਕੋਟ ਜਿਲ੍ਹੇ ਦੇ ਪਿੰਡ ਘੁਗਿਆਣਾ ਦੇ ਕਿਸਾਨ ਦੱਸਦੇ ਹਨ ਕਿ ਉਹਨਾਂ ਨੇ ਬਦਲਵੀਂ ਖੇਤੀ ਦੇ ਤਹਿਤ ਸ਼ਬਜੀਆਂ ਬੀਜਣੀਆਂ ਸ਼ੁਰੂ ਕੀਤੀਆਂ, ਪਹਿਲਾਂ ਗੋਭੀ ਦੀ ਫ਼ਸਲ ਲਗਾਈ ਜਿਸ ਨੂੰ ਮਾਰਕਿਟ ਵਿੱਚ ਸਹੀ ਭਾਅ ਨਾ ਮਿਲਣ ਕਾਰਨ ਖੇਤਾਂ ਵਿੱਚ ਹੀ ਵਾਹਉਣੀ ਪਈ। ਜਿਸ ਕਾਰਨ ਜੋ ਨੁਕਸਾਨ ਹੋਇਆ ਉਸ ਦਾ ਖਰਚ ਕਿਸਾਨਾਂ ਨੂੰ ਆਪਣੀ ਜੇਬ ਵਿੱਚੋਂ ਭਰਨਾ ਪਿਆ। ਇਸ ਤੋਂ ਬਾਅਦ ਉਹਨਾਂ ਨੇ ਟਮਾਟਰ ਦੀ ਫ਼ਸਲ ਬੀਜੀ। ਜਿਸ ਤੋ ਉਮੀਦ ਸੀ ਕਿ ਉਹ ਫ਼ਸਲ ਮੁਨਾਫਾ ਦੇਵੇਗੀ ਅਤੇ ਪਿਛਲੇ ਨੁਕਸਾਨ ਦੀ ਭਰਪਾਈ ਹੋ ਜਾਵੇਗੀ। ਪਰ ਹੁਣ ਕਿਸਾਨਾਂ ਦੀ ਇਸ ਫਸਲ ਉੱਪਰ ਭਾਰਤ ਪਾਕਿਸਤਾਨ ਦੀ ਜੰਗ ਦਾ ਅਸਰ ਪੈ ਗਿਆ।
ਭਾਰਤ ਪਾਕਿਸਤਾਨ ਦੀ ਜੰਗ ਕਾਰਨ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਪਾਰੀਆਂ ਨੇ ਪੰਜਾਬ ਦੀਆਂ ਮੰਡੀਆਂ ਤੋਂ ਰੁਖ ਬਦਲ ਲਿਆ ਅਤੇ ਪੰਜਾਬ ਅੰਦਰ ਸਬਜੀ ਦੀਆਂ ਮੰਡੀ ਵਿਚੋਂ ਵੀ ਸਹੀ ਰੇਟ ਨਹੀਂ ਰਿਹਾ। ਜਿਸ ਦਾ ਨਤੀਜਾ ਇਹ ਹੋਇਆ ਕਿ ਫ਼ਸਲ ਖੇਤਾਂ ਵਿੱਚ ਹੀ ਪੱਕ ਕੇ ਖਰਾਬ ਹੋਣ ਲੱਗ ਪਈ। ਹਾਲੇ ਕਿਸਾਨ ਜੰਗ ਵਰਗੇ ਹਲਾਤਾਂ ਦੀ ਮਾਰ ਤੋਂ ਕਿਸਾਨ ਉਭਰੇ ਨਹੀਂ ਸਨ ਕਿ ਬੇਮੌਸਮੀਂ ਬਰਸਾਤ ਨੇ ਉਹਨਾਂ ਦੀ ਟਮਾਟਰਾਂ ਦੀ ਬਚੀ ਖੁਚੀ ਫਸਲ ਵੀ ਬਰਬਾਦ ਕਰ ਦਿੱਤੀ।
ਇਹ ਵੀ ਪੜ੍ਹੋ
ਹੁਣ ਮੁੜ ਕਿਸਾਨ ਸਰਕਾਰ ਵੱਲ ਨੂੰ ਆਸ ਅਤੇ ਉਮੀਦ ਨਾਲ ਵੇਖ ਰਹੇ ਹਨ ਕਿ ਸ਼ਾਇਦ ਸਰਕਾਰ ਉਹਨਾਂ ਦਾ ਹੱਥ ਫੜ੍ਹੇਗੀ ਅਤੇ ਇਸ ਮੁਸ਼ਕਿਲ ਦੀ ਘੜ੍ਹੀ ਵਿੱਚੋ ਬਾਹਰ ਕੱਢੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੁਦ ਝੋਨੇ ਵਰਗੀਆਂ ਫਸਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਪਰ ਕਣਕ ਤੇ ਝੋਨਾ ਵਰਗੀਆਂ ਫਸਲਾਂ ਵਾਂਗ ਦੂਜੀਆਂ ਹੋਰ ਫ਼ਸਲਾਂ ਦਾ ਭਾਅ ਨਹੀਂ ਮਿਲਦਾ। ਜਿਸ ਕਰਕੇ ਕਿਸਾਨਾਂ ਨੂੰ ਕਣਕ ਅਤੇ ਝੋਨਾ ਬੀਜਣਾ ਹੀ ਫਾਇਦੇ ਦਾ ਸੌਦਾ ਲੱਗਦਾ ਹੈ।