‘ਕੌਣ ਦਰਦੀ ਕੌਣ ਗੱਦਾਰ, ਪੰਜਾਬ ਦੀ ਜਨਤਾ ਕਰੇਗੀ ਇਨਸਾਫ’, ਮਹਾਡਿਬੇਟ ‘ਚ ਹਰ ਮੁੱਦੇ ‘ਤੇ ਖੱਲ੍ਹਕੇ ਬੋਲੇ-ਸੀਐੱਮ ਮਾਨ

Updated On: 

01 Nov 2023 19:08 PM

ਲੁਧਿਆਣਾ 'ਚ 'ਮੈਂ ਪੰਜਾਬ ਬੋਲਦਾ ਹਾਂ' ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੋਈ ਸਿਆਸੀ ਪਾਰਟੀ ਦਾ ਨੁਮਾਇੰਦਾ ਨਹੀਂ ਪਹੁੰਚਿਆ। ਮੰਗਲਵਾਰ ਸ਼ਾਮ ਨੂੰ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਨੇ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਨਾਲ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸਤੇ ਕਈ ਸ਼ਰਤਾਂ ਲਾ ਦਿੱਤੀਆਂ। ਸੁਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਆਮਦ ਨੂੰ ਲੈ ਕੇ ਵੀ ਸਸਪੈਂਸ ਹੀ ਰਿਹਾ।

ਕੌਣ ਦਰਦੀ ਕੌਣ ਗੱਦਾਰ, ਪੰਜਾਬ ਦੀ ਜਨਤਾ ਕਰੇਗੀ ਇਨਸਾਫ, ਮਹਾਡਿਬੇਟ ਚ ਹਰ ਮੁੱਦੇ ਤੇ ਖੱਲ੍ਹਕੇ ਬੋਲੇ-ਸੀਐੱਮ ਮਾਨ
Follow Us On

ਪੰਜਾਬ ਨਿਊਜ। ‘ਮੈਂ ਪੰਜਾਬ ਬੋਲਦਾਂ ਹਾਂ’ ਦੀ ਮਹਾਡਿਬੇਟ ਲੁਧਿਆਣਾ (Ludhiana) ਵਿਖੇ ਹੋਈ। ਮੁੱਖ ਮੰਤਰੀ ਭਗਵੰਤ ਮਾਨ ਮਹਾਡਿਬੇਟ ‘ਚ ਖੁੱਲ੍ਹ ਕੇ ਹਰ ਮੁੱਦੇ ਉੱਤੇ ਆਪਣੀ ਗੱਲ ਰੱਖੀ। ਐਸਵਾਈਐਲ, ਟ੍ਰਾਂਸਪੋਰਟ, ਟੋਲ ਪਲਾਜ਼ਾ, ਰੁਜ਼ਗਾਰ, ਬ੍ਰੇਨ ਡਰੇਨ, ਸਿੱਖਿਆ, ਕਰਜਾ, ਬਿਜਲੀ ਅਤੇ ਇਨਵੈਸਟ ਪੰਜਾਬ ਸਮੇਤ ਸੂਬੇ ਦੇ ਹਰ ਭਖਦੇ ਮੁੱਦੇ ਤੇ ਮੁੱਖ ਮੰਤਰੀ ਸਬੂਤਾਂ ਸਮੇਤ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਖਬਰ ਲਿੱਖੇ ਜਾਣ ਤੱਕ ਵਿਰੋਧੀ ਧਿਰ ਦਾ ਕੋਈ ਆਗੂ ਨਹੀਂ ਪਹੁੰਚਿਆ ਸੀ। ਵਿਰੋਧੀ ਧਿਰ ਦੇ ਨੇਤਾਵਾਂ ਲਈ ਲਗਾਈਆਂ ਗਈਆਂ ਕੁਰਸੀਆਂ ਖਾਲੀ ਪਈਆਂ ਰਹੀਆਂ, ਪਰ ਕੋਈ ਵੀ ਆਗੂ ਉੱਥੇ ਨਹੀਂ ਪਹੁੰਚਿਆ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਜਦੋਂ ਸਾਰੇ ਵਿਰੋਧੀਆਂ ਨੂੰ ਆਪਣੀ ਗੱਲ ਖੁੱਲ੍ਹ ਕੇ ਰੱਖਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤਾਂ ਇਨ੍ਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸੂਬੇ ਵਿੱਚ ਰਾਜ ਕਰ ਰਹੀਆਂ ਤਿੰਨ ਪਾਰਟੀਆਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਪਹਿਲੀ ਵਾਰ ਪੰਜਾਬ ਤੋਂ ਬਾਹਰ ਹਨ।

SYL ‘ਤੇ ਮੁੱਖ ਮੰਤਰੀ ਨੇ ਸਬੂਤਾਂ ਨਾਲ ਰੱਖੀ ਗੱਲ

ਮੁੱਖ ਮੰਤਰੀ ਮਾਨ ਨੇ ਐਸਵਾਈਐਲ ਤੇ ਸਬੂਤਾਂ ਸਮੇਤ ਆਪਣੀ ਗੱਲ ਰੱਖੀ। ਉਨ੍ਹਾਂ ਨੇ ਐਸਵਾਈਐਲ ਨੂੰ ਲੈ ਕੇ ਹੋਏ ਸਮਝੌਤੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਸਾਰੀਆਂ ਸਾਬਕਾ ਸਰਕਾਰਾਂ ਸਿਆਸਤ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕੀਆਂ, ਪਰ ਸਾਡੀ ਸਰਕਾਰ ਇਸ ਮੁੱਦੇ ਤੇ ਜ਼ਮੀਨੀ ਤੌਰ ਤੇ ਕੰਮ ਕਰ ਰਹੀ ਹੈ।

ਸੀਐੱਮ ਭਗਵੰਤ ਮਾਨ ਨੇ ਡਿਬੇਟ ਵਿੱਚ ਨਾ ਆਉਣ ਵਾਲੇ ਵਿਰੋਧੀਆਂ ਤੇ ਜੰਮਕੇ ਨਿਸ਼ਾਨੇ ਲਾਏ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਹੱਥੀ ਲੈਂਦਿਆ ਕਿਹਾ ਕਿ ਉਹ ਕਹਿੰਦੇ ਹਨ ਕਿ ਅਸੀਂ ਆਪਣੇ ਪੱਤੇ ਨਹੀਂ ਖੋਲੇ। ਸੀਐੱਮ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਕਿਹੜਾ ਸ਼ਹਿਰ ਕਿਹੜੇ ਜਿਲ੍ਹੇ ਵਿੱਚ ਪੈਂਦਾ ਹੈ। ਉਹ ਇਸ ਡਿਬੇਟ ਵਿੱਚ ਕੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਆਪਣੀਆਂ ਗਲਤੀਆਂ ਲੁਕਾਉਣ ਲਈ ਉਹ ਡਿਬੇਟ ਵਿੱਚ ਸ਼ਾਮਲ ਹੋਣ ਤੋਂ ਬੱਚ ਰਹੇ ਹਨ।

ਦੱਸ ਦੇਈਏ ਕਿ ਅਕਾਲੀ ਦਲ ਨੇ ਤਾਂ ਪਹਿਲਾਂ ਹੀ ਇਸ ਡਿਬੇਟ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਸ ਸਭ ਦੇ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਾਡਿਬੇਟ ‘ਚ ਪਹੁੰਚਣ ਦੀ ਗੱਲ ਕਹੀ ਸੀ, ਪਹ ਉਨ੍ਹਾਂ ਨੂੰ ਨਾਕੇ ਤੋਂ ਹੀ ਵਾਪਸ ਕਰ ਦਿੱਤਾ ਗਿਆ।

ਸੂਬੇ ਵਿੱਚ 55000 ਕਰੋੜ ਦੇ ਆਏ ਪ੍ਰੋਜੈਕਟ

ਸੂਬੇ ਵਿੱਚ ਆਏ ਨਵੇ ਨਿਵੇਸ਼ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨਵੈਸਟ ਪੰਜਾਬ ਪ੍ਰੋਗਰਾਮ ਤੋਂ ਬਾਅਦ ਸੂਬੇ ਵਿੱਚ 55000 ਕਰੋੜ ਦਾ ਨਿਵੇਸ਼ ਆਇਆ ਹੈ, ਜਿਸ ਵਿੱਚ ਟਾਟਾ, ਮਹਿੰਦਰਾ, ਜੇਐਸਡਬਲਊ, ਸਟੀਲ ਕੋਟਿੰਗ ਵਰਗ੍ਹੇ ਵੱਡੇ ਉਦਯੋਗਿਕ ਗਰੁੱਪਾਂ ਨੇ ਪੰਜਾਬ ਵਿੱਚ ਨਿਵੇਸ਼ ਕੀਤਾ ਹੇ। ਇਸ ਤੋਂ ਇਲਾਵਾ ਨੀਦਰਲੈਂਦ ਦੀ ਕੰਪਨੀ ਟੱਚ, ਜੋਂ ਪਸ਼ੂਆਂ ਦੀਆਂ ਖੂਰਾਕਾਂ ਬਣਾਉਂਦੀ ਹੈ, ਉਸ ਨੇ ਵੀ ਪੰਜਾਬ ਵਿੱਚ ਵੱਡਾ ਨਿਵੇਸ਼ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਸੂਬੇ ਦੇ ਤਕਰੀਬਨ 2,98,000 ਨੋਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਛੋਟੇ ਉਦਯੋਗਾਂ ਰਾਹੀਂ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਵਿਰੋਧੀਆਂ ਤੇ ਹਮਲਾ ਬੋਲਦਿਆਂ ਸੀਐੱਮ ਮਾਨ ਨੇ ਕਿਹਾ ਕਿ ਪਹਿਲਾਂ ਇਹ ਸਾਰੇ ਐਮਓਯੂ ਇੱਕ ਪਰਿਵਾਰ ਨਾਲ ਨਾਲ ਹੁੰਦੇ ਸਨ, ਪਰ ਹੁਣ ਇਹ ਸਮਝੌਤੇ ਹੁਣ ਪੰਜਾਬ ਨਾਲ ਹੁੰਦੇ ਹਨ।

ਸਿੱਖਿਆ ਦੇ ਮੁੱਦੇ ‘ਤੇ ਸੀਐੱਮ ਨੇ ਰੱਖੇ ਸਬੂਤ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ ਕਈ ਵੱਡੇ ਕੰਮ ਹੋਏ ਹਨ। ਸਕੂਲ ਆਫ਼ ਐਮੀਨੈਂਸ ਵਿੱਚ ਬੱਚੇ ਸ਼ਾਨਦਾਰ ਆਈਡੀਏ ਲੈ ਕੇ ਆ ਰਹੇ ਹਨ। ਉਨ੍ਹਾਂ ਸਾਹਮਣੇ ਵੱਡੇ ਤੋਂ ਵੱਡੇ ਵਿਗਿਆਨੀ ਫੇਲ ਹਨ। ਸਿੱਖਿਆ ਦੇ ਖੇਤਰ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਦਿਆਰਥੀਆਂ ਨੂੰ ਪਹਿਲੀ ਵਾਰ ਇਸਰੋ ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ ਚੰਦਰਯਾਨ ਦੀ ਲਾਈਵ ਲਾਂਚਿੰਗ ਵੇਖੀ। ਪਹਿਲੀ ਵਾਰ ਸਕੂਲ ਦੇ ਪ੍ਰਿੰਸੀਪਲਾਂ ਨੂੰ ਟ੍ਰੇੇਨਿੰਗ ਲਈ ਸਿੰਗਾਪੁਰ ਅਤੇ ਅਹਿਮਦਾਬਾਦ ਟ੍ਰੇਨਿੰਗ ਲਈ ਭੇਜਿਆ ਗਿਆ। ਸਰਕਾਰੀ ਸਕੂਲਾਂ ਵਿੱਚ ਟ੍ਰਾਂਸਪੋਰਟ ਸ਼ੁਰੂ ਕਰਨ ਦਾ ਕੰਮ ਵੀ ਪਹਿਲੀ ਵਾਰ ਹੋਇਆ ਹੈ। ਵਿਦਿਆਰਥੀ ਹੁਣ ਕੈਨੇਡਾ ਅਮਰੀਕਾ ਜਾਣ ਦਾ ਪ੍ਰੋਗਰਾਮ ਕੈਂਸਿਲ ਕਰ ਰਹੇ ਹਨ।

ਸ਼ਹੀਦ ਫੋਜੀਆਂ ਨੂੰ ਦਿੱਤਾ ਸਨਮਾਨ

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਸ਼ਹੀਦ ਜਵਾਨਾਂ ਦੀ ਵਿਧਵਾਵਾਂ ਨੂੰ ਸਿਲਾਈ ਮਸ਼ੀਨ ਦੇ ਕੇ ਆਪਣੀ ਜਿੰਮੇਵਾਰੀ ਪੂਰੀ ਕਰ ਲੈਂਦੇ ਸਨ। ਪਰ ਸਾਡੀ ਸਰਕਾਰ ਹੁਣ ਸ਼ਹੀਦ ਪਰਿਵਾਰਾਂ ਨੂੰ ਇੱਕ ਕਰੋੜ ਦਾ ਚੈੱਕ ਦੇ ਕੇ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਲ ਹੋ ਰਹੀ ਹੈ। ਫੌਜੀ ਜਵਾਨਾਂ ਦੇ ਨਾਲ-ਨਾਲ ਪੁਲਿਸ ਦੇ ਸ਼ਹੀਦ ਜਵਾਨਾਂ ਨੂੰ ਵੀ ਉਨ੍ਹਾਂ ਦੀ ਸਰਕਾਰ ਬਰਾਬਰ ਦਾ ਸਨਮਾਨ ਦੇ ਰਹੀ ਹੈ ਤਾਂ ਜੋਂ ਆਪਣੇ ਬੱਚਿਆਂ ਨੂੰ ਚੰਗਾ ਭਵਿੱਖ ਦੇ ਸਕਣ।

ਸੜਕ ਸੁਰੱਖਿਆ ਦੇ ਚੁੱਕੇ ਵੱਡੇ ਕਦਮ

ਮੁੱਖ ਮੰਤਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਲੋਕਸਭਾ ਤੋਂ ਅੰਕੜੇ ਕੱਢਵਾਏ ਸਨ, ਜਿਨ੍ਹਾਂ ਮੁਤਾਬਕ ਪੰਜਾਬ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ ਤਕਰੀਬਨ 5200 ਬੰਦੇ ਮਰ ਜਾਂਦੇ ਹਨ। ਜਦਕਿ ਜ਼ਖ਼ਮੀਆਂ ਦੀ ਗਿਣਤੀ ਦਾ ਤਾਂ ਪਤਾ ਹੀ ਨਹੀਂ ਹੁੰਦਾ। ਇਨ੍ਹਾਂ ਅੰਕੜਿਆਂ ਨੂੰ ਵੇਖ ਕੇ ਉਨ੍ਹਾਂ ਦੀ ਸਰਕਾਰ ਹੁਣ ਸੜਕ ਸੁਰੱਖਿਆ ਫੋਰਸ ਬਣਾ ਰਹੀ ਹੈ। ਇਸ ਫੋਰਸ ਦੀ ਇੱਕ ਗੱਡੀ ਹਾਈਵੇਅ ਤੇ ਥੋੜੀ-ਥੋੜੀ ਦੂਰੀ ਤੇ ਉਪਲੱਬਧ ਰਹੇਗੀ, ਜੋ 10-15 ਮਿੰਟਾਂ ਵਿੱਚ ਜਖਮੀ ਕੋਲ ਪਹੁੰਚ ਜਾਵੇਗੀ। ਜੇਕਰ ਇਸ ਫੈਸਲੇ ਨਾਲ ਅਸੀਂ ਸਾਲ ਵਿੱਚ 2600 ਲੋਕਾਂ ਦੀ ਵੀ ਜਾਨ ਬਚਾ ਲਈ ਤਾਂ ਸਾਡੇ ਲਈ ਵੱਡੀ ਗੱਲ ਹੋਵੇਗੀ।

ਬਿਜਲੀ ਮੁਫ਼ਤ, ਬਿਜਲੀ ਬੋਰਡ ਦਾ ਕਰਜਾ ਨਹੀਂ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਾਂ ਸਿਰਫ਼ ਗਰਮੀਆਂ ਦੌਰਾਨ ਲੱਗਣ ਵਾਲੇ ਲੰਬੇ-ਲੰਬੇ ਕੱਟਾਂ ਤੋਂ ਮੁਕਤੀ ਦੁਆਈ, ਸਗੋਂ ਮੁਫ਼ਤ ਬਿਜਲੀ ਵੀ ਦਿੱਤੀ ਹੈ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਸਿਰ ਤੇ ਬਿਜਲੀ ਬੋਰਡ ਦਾ ਕਰਜਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਨਾਲ ਲੋਕਾਂ ਦੇ ਪੈਸੇ ਦੀ ਬਚਤ ਹੋ ਰਹੀ ਹੈ।

ਦਿੱਤੀਆਂ ਸਰਕਾਰੀ ਨੌਕਰੀਆਂ,ਭ੍ਰਿਸ਼ਟਾਚਾਰ ਤੇ ਕੱਸੀ ਨਕੇਲ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ ਨਾ ਸਿਰਫ਼ 36000 ਤੋਂ ਉੱਪਰ ਸਰਕਾਰ ਨੌਕਰੀਆਂ ਦਿੱਤੀਆਂ ਹਨ ਸਗੋਂ ਭ੍ਰਿਸ਼ਟਾਚਾਰ ਤੇ ਵੀ ਪੂਰੀ ਤਰ੍ਹਾਂ ਨਾਲ ਠੱਲ੍ਹ ਪਾਈ ਹੈ। ਉਨ੍ਹਾਂ ਨੇ ਇੱਕ ਰਿਸ਼ਵਤਖੋਰ ਤਹਿਸੀਲਦਾਰ ਦਾ ਉਦਾਹਰਨ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਰਿਸ਼ਵਤ ਲੈਣ ਦੇ ਗੁਪਤ ਰਸਤਿਆਂ ਨੂੰ ਲੱਭ ਕੇ ਰਿਸ਼ਵਤਖੋਰਾਂ ਨੂੰ ਫੜਣ ਦਾ ਕੰਮ ਕੀਤਾ ਹੈ।

ਖੇਡਾ ਦੇ ਖੇਤਰ ਵਿੱਚ ਮਾਰੀਆਂ ਮੱਲਾਂ

ਖੇਡਾਂ ਦੇ ਮੁੱਦੇ ਤੇ ਗੱਲ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਖਿਡਾਰੀਆਂ ਦੀ ਸਨਮਾਨ ਰਾਸ਼ੀ ਵਧਾਉਣ ਲਈ ਕਹਿੰਦੀਆਂ ਸਨ। ਪਰ ਉਨ੍ਹਾਂ ਕਿਹਾ ਕਿ ਪਹਿਲਾਂ ਖਿਡਾਰੀਆਂ ਨੂੰ ਗੋਲਡ ਮੈਡਲ ਜਿੱਤਣ ਦਾ ਕਾਬਲ ਤਾਂ ਬਣਾਈਏ। ਇਸੇ ਕਰਕੇ ਉਨ੍ਹਾਂ ਦੀ ਸਰਕਾਰ ਨੇ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਲਈ 10 ਲੱਖ ਰੁਪਏ ਦੇਣ ਦਾ ਫੈਸਲਾ ਲਿਆ। ਉਨ੍ਹਾਂ ਦੇ ਇਸ ਫੈਸਲੇ ਨੇ ਰੰਗ ਵੀ ਵਿਖਾਇਆ ਹੈ। ਸੂਬੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਏਸ਼ੀਆਈ ਖੇਡਾਂ ਵਿੱਚ 19 ਮੈਡਲ ਆਏ ਹਨ। ਹਾਕੀ ਵਿੱਚ ਪਹਿਲੀ ਵਾਰ ਗੋਲਡ ਮੈਡਲ ਆਇਆ। ਅਸੀਂ ਪੰਜਾਬ ਦੇ ਸਾਰੇ 10 ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਦਿੱਤੇ ਹਨ।

ਨਸ਼ੇ ਦੇ ਮੁੱਦੇ ‘ਤੇ ਚੁੱਕੇ ਇਤਿਹਾਸਕ ਕਦਮ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ 35000 ਬੱਚਿਆਂ ਨੂੰ ਲੈ ਕੇ ਨਸ਼ੇ ਖਿਲਾਫ਼ ਸਹੁੰ ਚੁਕਾਈ ਹੈ। ਸੀਐਮ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਏਨਾ ਵਿਅਸਤ ਕਰ ਦੇਵਾਂਗੇ ਕਿ ਉਨਾਂ ਨੂੰ ਨਸ਼ੇ ਦੇ ਅੰਨ੍ਹੇ ਰਾਹ ਤੇ ਜਾਣਾ ਦਾ ਸਮਾਂ ਹੀ ਨਹੀਂ ਮਿਲੇਗਾ। ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਜਿਆਦਾ ਤੋਂ ਜਿਆਦਾ ਰੁਜ਼ਗਾਰ ਦੇ ਕੇ ਵਿਅਸਤ ਕਰ ਰਹੀ ਹੈ।

ਪੰਜਾਬ ਪੁਲਿਸ ਵਿੱਚ ਭਰਤੀ

ਪਹਿਲਾਂ ਪੰਜਾਬ ਪੁਲਿਸ ਵਿੱਚ ਭਰਤੀ ਲਈ ਸਮਾਂ ਨਹੀਂ ਦਿੰਦੇ ਸਨ। ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿੰਦੇ ਸਨ। ਪਰ ਹੁਣ ਅਸੀਂ ਹਰ ਵਾਰ ਦਸੰਬਰ ਵਿੱਚ ਭਰਤੀ ਕਰਾਂਗੇ। ਫਰਵਰੀ ਤੋਂ ਨਵੰਬਰ ਤੱਕ ਉਨ੍ਹਾਂ ਨੂੰ ਤਿਆਰੀ ਕਰਨ ਦਾ ਸਮਾਂ ਦੇ ਰਹੇ ਹਾਂ। ਪੰਜਾਬ ਪੁਲਿਸ ਵਿੱਚ ਹਰ ਸਾਲ 2200 ਪੁਲਿਸ ਮੁਲਾਜ਼ਮ ਰਿਟਾਇਰ ਹੁੰਦੇ ਹਨ, ਜਿਨ੍ਹਾਂ ਦੀ ਥਾਂ ਭਰਨ ਲਈ ਅਸੀਂ ਚਾਰ ਸਾਲ ਦਾ ਅਟੈਂਪਟ ਦੇ ਰਹੇ ਹਾਂ। ਇਸ ਫੈਸਲੇ ਨਾਲ ਨੌਜਵਾਨਾਂ ਨੂੰ ਆਪਣੇ ਸ਼ਰੀਰ ਨਾਲ ਪਿਆਰ ਹੋਵੇਗਾ ਅਤੇ ਉਹ ਭਰਤੀ ਵਿੱਚ ਤਿਆਰੀ ਲਈ ਪਸੀਨਾ ਵਹਾਉਣਗੇ।

ਹਰਜੋਤ ਬੈਂਸ ਦੇ ਵਿਰੋਧੀਆਂ ‘ਤੇ ਹਮਲੇ

ਮਹਾਡਿਬੇਟ ਵਿੱਚ ਵਿਰੋਧੀਆਂ ਦੇ ਆਉਣ ਤੇ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਤਿੱਖਾ ਨਿਸ਼ਾਨਾ ਬੋਲਿਆ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ਸੀਐਮ ਮਾਨ ਵੱਲੋਂ ਸੱਦਾ ਦੇਣ ਦੇ ਬਾਵਜੂਦ ਇਹ ਸਾਰੇ ਆਪਣੀਆਂ ਅਸਲੀਅਤ ਖੁੱਲ੍ਹਣ ਦੇ ਡਰੋਂ ਨਹੀਂ ਆਏ।