ਚੰਨੀ ਦੇ ਬਿਆਨ ‘ਤੇ ਗਰਮਾਈ ਸਿਆਸਤ: ਵੜਿੰਗ ਨੇ ਕਿਹਾ- ਜਾਤ ਧਰਮ ਨਾਲ ਜੋ ਖੇਡੇਗਾ ਉਹ ਸੜ ਜਾਵੇਗਾ, ਜਾਣੋ ਕੀ ਬੋਲੇ ਰਵਨੀਤ ਬਿੱਟੂ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਦੇਖ ਕੇ ਹੈਰਾਨ ਹਨ। ਜਿਸ ਵਿੱਚ ਉਹ ਪੰਜਾਬ ਕਾਂਗਰਸ ਵਿੱਚ ਉੱਚ ਜਾਤੀ ਦੇ ਆਗੂਆਂ ਨੂੰ ਜ਼ਿੰਮੇਵਾਰ ਅਹੁਦਿਆਂ 'ਤੇ ਨਿਯੁਕਤ ਕਰਨ ਬਾਰੇ ਗੱਲ ਕਰ ਰਹੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਉੱਚ ਅਤੇ ਨੀਵੀਆਂ ਜਾਤਾਂ ਬਾਰੇ ਦਿੱਤੇ ਬਿਆਨ ਨੇ ਕਾਂਗਰਸ ਪਾਰਟੀ ਦੇ ਅੰਦਰ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਜੋ ਵੀ ਪੰਜਾਬ ਵਿੱਚ ਜਾਤੀਵਾਦ ਨਾਲ ਖੇਡੇਗਾ, ਉਹ ਸੜ ਜਾਵੇਗਾ। ਕਿਉਂਕਿ ਪੰਜਾਬ ਇੱਕ ਧਰਮ ਨਿਰਪੱਖ ਸੂਬਾ ਹੈ। ਇੱਥੇ ਜਾਤੀਵਾਦ ਬਾਰੇ ਗੱਲ ਕਰਨਾ ਖੁਦਕੁਸ਼ੀ ਦੇ ਬਰਾਬਰ ਹੈ।
ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਚੰਨੀ ਦੀ ਇੱਕ ਵੀਡੀਓ ਦੇਖ ਕੇ ਹੈਰਾਨ ਹਨ। ਜਿਸ ਵਿੱਚ ਉਹ ਪੰਜਾਬ ਕਾਂਗਰਸ ਦੇ ਅੰਦਰ ਉੱਚ ਜਾਤੀ ਦੇ ਆਗੂਆਂ ਨੂੰ ਜ਼ਿੰਮੇਵਾਰ ਅਹੁਦਿਆਂ ‘ਤੇ ਨਿਯੁਕਤ ਕਰਨ ਬਾਰੇ ਚਰਚਾ ਕਰ ਰਹੇ ਹਨ। ਉਹ ਇਹ ਕਿਵੇਂ ਭੁੱਲ ਸਕਦੇ ਹਨ ਕਿ ਉਹ ਵੀ ਇੱਕ ਨੀਵੀਂ ਜਾਤੀ ਨਾਲ ਸਬੰਧਤ ਹਨ ਅਤੇ ਪਾਰਟੀ ਨੇ ਸਾਰਿਆਂ ਨੂੰ ਬਾਈਪਾਸ ਕਰਕੇ ਉਨ੍ਹਾਂ ਨੂੰ ਸੂਬੇ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਸੀ?
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਦਲਿਤ ਸਾਡੇ ਸਿਰ ਦਾ ਤਾਜ ਹਨ ਅਤੇ ਹਮੇਸ਼ਾ ਰਹਿਣਗੇ। ਜੇਕਰ ਚੰਨੀ ਨੇ ਅਣਜਾਣੇ ਵਿੱਚ ਅਜਿਹੀ ਵਿਵਾਦਪੂਰਨ ਟਿੱਪਣੀ ਕੀਤੀ ਹੈ ਤਾਂ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਪੰਜਾਬ ਚੋਣਾਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਲੜਨ ਦੇ ਸਵਾਲ ‘ਤੇ, ਵੜਿੰਗ ਨੇ ਕਿਹਾ, “ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਸਾਡੇ ਚਿਹਰੇ ਹਨ ਅਤੇ ਅਸੀਂ ਉਨ੍ਹਾਂ ਦੀ ਤਾਕਤ ‘ਤੇ ਪੰਜਾਬ ਚੋਣਾਂ ਲੜਾਂਗੇ।” ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਦੇ ਬਿਆਨ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਨਾ ਹੀ ਵਰਕਰਾਂ ਅਤੇ ਨੇਤਾਵਾਂ ਵਿਚਕਾਰ ਨੀਵੀਆਂ ਅਤੇ ਉੱਚ ਜਾਤੀਆਂ ਨੂੰ ਲੈ ਕੇ ਕੋਈ ਮੁੱਦਾ ਹੋਵੇਗਾ। ਕਾਂਗਰਸ ਦੀ ਜਿੱਤ ਲਈ ਹਰ ਕੋਈ ਇਕੱਠੇ ਹੋ ਕੇ ਚੋਣਾਂ ਲੜੇਗਾ।
ਰਵਨੀਤ ਬਿੱਟੂ ਨੇ ਕਾਂਗਰਸ ਆਗੂਆਂ ਨੂੰ ਦਿੱਤਾ ਆਫਰ
ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਆਫਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਗੂਆਂ ਨੂੰ ਤੁਰੰਤ ਕਾਂਗਰਸ ਛੱਡ ਦੇਣੀ ਚਾਹੀਦੀ ਹੈ। ਨਹੀਂ ਤਾਂ ਸਾਰੀ ਮਿਹਨਤ ਬੇਕਾਰ ਹੋ ਜਾਵੇਗੀ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸਵੀਕਰ ਕਰ ਚੁੱਕੇ ਹਨ ਕਿ ਪਾਰਟੀ ਵਿੱਚ ਉਹ ਹੀ ਹੁੰਦਾ ਹੈ, ਜੋ ਉਨ੍ਹਾਂ ਦੇ ਆਗੂ ਰਾਹੁਲ ਗਾਂਧੀ ਕਹਿੰਦੇ ਹਨ ਅਤੇ ਇਹ ਗੱਲ ਸਹੀ ਹੈ।
ਇਹ ਵੀ ਪੜ੍ਹੋ
MoS @RavneetBittu on the Congress Infighting ! pic.twitter.com/rm08joz6iH
— Akashdeep Thind (@thind_akashdeep) January 20, 2026
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪਹਿਲਾਂ ਜ਼ਿਆਦਾਤਰ ਵਿਧਾਇਕ ਸੁਨੀਲ ਜਾਖੜ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਸਨ। ਦੋਵੇਂ ਆਗੂ ਪੰਜਾਬ ਦੇ ਮੁੱਖ ਮੰਤਰੀ ਦੇ ਵੱਡੇ ਦਾਵੇਦਾਰ ਸਨ, ਪਰ ਅਚਾਨਕ ਗਾਂਧੀ ਪਰਿਵਾਰ ਦਾ ਹੁਕਮ ਆਉਂਦਾ ਹੈ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇੱਕ ਪਰਿਵਾਰ ਦੇ ਇੱਕ ਹੁਕਮ ਤੋਂ ਬਾਅਦ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਮਿਹਨਤ ਖਰਾਬ ਹੋ ਜਾਂਦੀ ਹੈ। ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਉਹ ਬੀਜੇਪੀ ਵਿੱਚ ਸ਼ਾਮਲ ਹੋ ਜਾਣ।
