ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਸਹੀ ਰਿਪੋਰਟ ਨਹੀਂ ਦਿੱਤੀ- ਚੰਨੀ ਧੜਾ ਦਾ ਦਾਅਵਾ

Updated On: 

07 Jul 2026 16:08 PM IST

ਚੰਨੀ ਧੜੇ ਵੱਲੋਂ ਬਘੇਲ ਦਾ ਬਾਈਕਾਟ ਕਰਨ ਪਿੱਛੇ ਇਹ ਹੀ ਵਜ੍ਹਾ ਸਾਹਮਣੇ ਆਈ ਹੈ। ਚੰਨੀ ਧੜੇ ਨਾਲ ਜੁੜੇ ਇੱਕ ਆਗੂ ਨੇ ਕਿਹਾ, "ਸਾਨੂੰ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ, ਤਾਂ ਉਨ੍ਹਾਂ ਨੂੰ ਮਿਲਣ ਦਾ ਕੋਈ ਮਤਲਬ ਨਹੀਂ।" ਇਸ ਦੌਰਾਨ ਬਘੇਲ ਨੇ ਕਿਹਾ, "ਮੈਨੂੰ ਦੋ ਦਿਨ ਕੰਮ ਕਰਨ ਦਿਓ ਅਤੇ ਮੈਂ ਸਭ ਕੁਝ ਸਮਝਾਵਾਂਗਾ।"

ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਸਹੀ ਰਿਪੋਰਟ ਨਹੀਂ ਦਿੱਤੀ- ਚੰਨੀ ਧੜਾ ਦਾ ਦਾਅਵਾ

ਪੰਜਾਬ ਕਾਂਗਰਸ ਵਿੱਚ ਚੋਣਾਂ ਤੋਂ ਅੱਠ ਮਹੀਨੇ ਪਹਿਲਾਂ ਮੱਚੇ ਕਲੇਸ਼ ਵਿਚਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਧੜੇ ਨੇ ਇੱਕ ਮਹੱਤਵਪੂਰਨ ਦਾਅਵਾ ਕੀਤਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਹਾਈਕਮਾਨ ਨੂੰ ਗੁੰਮਰਾਹ ਕੀਤਾ ਅਤੇ ਪੰਜਾਬ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਲੁਕਾਈ। ਇਸੇ ਕਰਕੇ ਕੇਂਦਰੀ ਲੀਡਰਸ਼ਿਪ ਨੇ ਰਾਜਾ ਵੜਿੰਗ ਦੀ ਲੀਡਰਸ਼ਿਪ ਨੂੰ ਬਰਕਰਾਰ ਰੱਖਿਆ।

ਬਘੇਲ ਦਾ ਬਾਈਕਾਟ ਕਰਨ ਪਿੱਛੇ ਇਹ ਹੀ ਵਜ੍ਹਾ ਸਾਹਮਣੇ ਆਈ ਹੈ। ਚੰਨੀ ਧੜੇ ਨਾਲ ਜੁੜੇ ਇੱਕ ਆਗੂ ਨੇ ਕਿਹਾ, “ਸਾਨੂੰ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ, ਤਾਂ ਉਨ੍ਹਾਂ ਨੂੰ ਮਿਲਣ ਦਾ ਕੋਈ ਮਤਲਬ ਨਹੀਂ।” ਇਸ ਦੌਰਾਨ ਬਘੇਲ ਨੇ ਕਿਹਾ, “ਮੈਨੂੰ ਦੋ ਦਿਨ ਕੰਮ ਕਰਨ ਦਿਓ ਅਤੇ ਮੈਂ ਸਭ ਕੁਝ ਸਮਝਾਵਾਂਗਾ।” ਬਘੇਲ ਨੇ ਅੱਗੇ ਕਿਹਾ, “ਜੇਕਰ ਕੋਈ ਮੈਨੂੰ ਚਾਹ ਲਈ ਸੱਦਾ ਦਿੰਦਾ ਹੈ ਤਾਂ ਮੈਂ ਉਨ੍ਹਾਂ ਦੇ ਘਰ ਵੀ ਜਾਵਾਂਗਾ।”

ਭੁਪੇਸ਼ ਬਘੇਲ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ

ਭੁਪੇਸ਼ ਬਘੇਲ ਨੇ ਅੱਜ ਚੰਡੀਗੜ੍ਹ ਵਿੱਚ ਦੋ ਮੀਟਿੰਗਾਂ ਬੁਲਾਈਆਂ ਹਨ। ਪਹਿਲੀ ਕਾਰਜਕਾਰੀ ਮੁਖੀਆਂ ਅਤੇ ਅਹੁਦੇਦਾਰਾਂ ਨਾਲ ਹੈ, ਜਿਨ੍ਹਾਂ ਦਾ ਚੰਨੀ ਧੜੇ ਨੇ ਬਾਈਕਾਟ ਕੀਤਾ ਹੈ। ਦੂਜੀ ਜ਼ਿਲ੍ਹਾ ਮੁਖੀਆਂ ਨਾਲ ਹੈ, ਜੋ ਸਾਰੇ ਵੜਿੰਗ ਦੇ ਸਮਰਥਕ ਹਨ। ਇਸ ਤੋਂ ਬਾਅਦ, ਬਘੇਲ ਸੀਨੀਅਰ ਆਗੂਆਂ ਨਾਲ ਇੱਕ-ਨਾਲ-ਇੱਕ ਮੀਟਿੰਗਾਂ ਵੀ ਕਰਨਗੇ। ਦੱਸ ਦਈਏ ਕਿ ਬੀਤੇ ਕੱਲ੍ਹ ਯਾਨੀ 6 ਜੁਲਾਈ ਨੂੰ ਭੂਪੇਸ਼ ਬਘੇਲ ਚੰਡੀਗੜ੍ਹ ਪਹੁੰਚੇ ਸਨ। ਉਹ ਪੰਜ ਦਿਨਾਂ ਦੇ ਲਈ ਪੰਜਾਬ ਦੌਰੇ ‘ਤੇ ਹਨ।

ਰਾਜ ਕੁਮਾਰ ਵੇਰਕਾ ਨੇ ਬਘੇਲ ਤੇ ਚੰਨੀ ਨਾਲ ਕੀਤੀ ਮੁਲਾਕਾਤ

ਇਸ ਵਿਚਾਲੇ ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ ਨੇ ਸਵੇਰੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕੀਤੀ। ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਰਾਜ ਕੁਮਾਰ ਵੇਰਕਾ ਚਰਨਜੀਤ ਸਿੰਘ ਚੰਨੀ ਦੇ ਨਾਲ ਨਜ਼ਰ ਆਏ।

ਦੱਸ ਦਈਏ ਕਿ ਰਾਹੁਲ ਗਾਂਧੀ ਅੱਜ ਵਿਦੇਸ਼ ਤੋਂ ਵਾਪਿਸ ਆ ਰਹੇ ਹਨ। ਹਲਾਂਕਿ, ਪਹਿਲਾਂ ਖ਼ਬਰਾਂ ਇਹ ਸਨ ਕਿ ਚੰਨੀ ਆਪਣੇ ਧੜੇ ਦੇ ਨਾਲ ਦਿੱਲੀ ਪਹੁੰਚ ਗਏ ਹਨ। ਸੰਭਾਵਨਾ ਹੈ ਕਿ ਰਾਹੁਲ ਗਾਂਧੀ ਦੇ ਭਾਰਤ ਆਉਣ ਤੋਂ ਬਾਅਦ ਚਰਨਜੀਤ ਸਿੰਘ ਉਨ੍ਹਾਂ ਦੇ ਨਾਲ ਜਲਦ ਮੁਲਾਕਾਤ ਕਰ ਸਕਦੇ ਹਨ।

ਜਾਣੋ ਪੂਰਾ ਮਾਮਲਾ

ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਇਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਹਟਾਉਣ ‘ਤੇ ਅੜੇ ਹਨ। ਇਸ ਲਈ ਉਨ੍ਹਾਂ ਨੇ 3 ਜੁਲਾਈ ਨੂੰ ਮੋਰਿੰਡਾ ਸਥਿਤ ਆਪਣੇ ਘਰ ‘ਤੇ ਲਗਭਗ 50 ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਜਿਸ ਤੋਂ ਬਾਅਦ ਪ੍ਰਧਾਨ ਰਾਜਾ ਵੜਿੰਗ ਚਰਨਜੀਤ ਚੰਨੀ ਦਾ ਮੁਕਾਬਲਾ ਕਰਨ ਲਈ ਘਰ-ਘਰ ਜਾ ਕੇ ਆਗੂਆਂ ਨੂੰ ਮਿਲਨਾ ਸ਼ੁਰੂ ਕਰ ਦਿੱਤਾ।

Follow Us