ਬ੍ਰਹਮ ਮਹਿੰਦਰਾ ਦੇ ਫਾਰਮ ਹਾਊਸ ‘ਤੇ ਵਿਜੀਲੈਂਸ ਦਾ ਛਾਪਾ ਤਾਂ ਚੰਨੀ ਦੀ ਵੀ ਹੋਈ ਪੇਸ਼ੀ, ਦੋਵਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ
Vigilance Raid on EX Minister: ਇਸਤੋਂ ਪਹਿਲਾਂ ਇਸੇ ਸਾਲ 4 ਫਰਵਰੀ ਨੂੰ ਵਿਜੀਲੈਂਸ ਨੇ ਬ੍ਰਹਮ ਮਹਿੰਦਰਾ ਨੂੰ ਤਲਬ ਕੀਤਾ ਸੀ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮਹਿੰਦਰਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਬੀਤੇ ਛੇ ਸਾਲਾਂ ਦੌਰਾਨ ਆਮਦਨ ਦੇ ਸਰੋਤਾਂ ਤੋਂ ਵੱਧ ਪੈਸਾ ਖਰਚਿਆ ਹੈ। ਉੱਧਰ, ਚੰਨੀ ਖਿਲਾਫ ਵੀ ਇਸੇ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ।

ਪੰਜਾਬ ਦੇ ਵਿਜੀਲੈਂਸ ਵਿਭਾਗ ਨੇ ਬੁੱਧਵਾਰ ਨੂੰ ਕਾਂਗਰਸ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਫਾਰਮ ਹਾਊਸ ‘ਤੇ ਛਾਪਾ ਮਾਰਿਆ ਹੈ। ਫਿਲਹਾਲ, ਵਿਜੀਲੈਂਸ ਕਿਸੇ ਨੂੰ ਵੀ ਬ੍ਰਹਮ ਮਹਿੰਦਰਾ ਦੇ ਫਾਰਮ ਹਾਊਸ ਦੇ ਨੇੜੇ ਨਹੀਂ ਜਾਣ ਦੇ ਰਹੀ।
ਜਿਕਰਯੋਗ ਹੈ ਕਿ ਬ੍ਰਹਮ ਮਹਿੰਦਰਾ ਤੇ ਵਿਜੀਲੈਂਸ ਦੀ ਇਹ ਕਾਰਵਾਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਖਬਰ ਲਿੱਖੇ ਜਾਣ ਤੱਕ ਵਿਜੀਲੈਂਸ ਦਾ ਕੋਈ ਵੀ ਸਬੰਧਤ ਅਫਸਰ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ।
ਵਿਜੀਲੈਂਸ ਨੇ ਮਹਿੰਦਰਾ ਦੇ ਨਿਊ ਚੰਡੀਗੜ੍ਹ ਵਿੱਚ ਬਣੇ ਫਾਰਮ ਹਾਊਸ ਅਤੇ ਹੋਰ ਜਾਇਦਾਦਾਂ ਦਾ ਰਿਕਾਰਡ ਚੈੱਕ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਚਿੱਠੀ ਲਿਖੀ ਸੀ। ਉੱਧਰ, ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਿੱਚ ਕੰਮ ਕਰ ਰਹੇ ਇੱਕ ਅਫਸਰ ਦੀ ਭੂਮਿਕਾ ਦੀ ਵੀ ਜਾਂਚ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਅਧਿਕਾਰੀ ਤੇ ਇਲਜ਼ਾਮ ਹਨ ਕਿ ਉਸਨੇ ਮਹਿੰਦਰਾ ਨਾਲ ਉਚੇਚੇ ਤੌਰ ਤੇ ਆਪਣੀ ਤਾਇਨਾਤੀ ਕਰਵਾ ਕੇ ਇਸਨੂੰ ਅੰਜਾਮ ਦਿੱਤਾ ਸੀ।