Subscribe to
Notifications
Subscribe to
Notifications
ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ (Jaswant Singh Khalra) ਦੀ ਜਿੰਦਗੀ ‘ਤੇ ਬਣੀ ਅਦਾਕਾਰ ਦਿਲਜੀਤ ਦੋਸਾਂਝ ਦੀ ਅਪਕਮਿੰਗ ਫਿਲਮ ਪੰਜਾਬ-95 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਆਪਣੇ ਸਾਰੇ ਸੋਸ਼ਲ ਮੀਡੀਆਂ ਅਕਾਉਂਟਸ ਤੇ ਲੰਬੀਆਂ ਚੋੜੀਆ ਪੋਸਟਾਂ ਪਾਈਆਂ ਹਨ। ਬਾਦਲ ਨੇ ਆਪਣੀਆਂ ਪੋਸਟਾਂ ਵਿੱਚ ਸੈਂਸਰ ਬੋਰਡ ਨੂੰ ਅਪੀਲ ਕੀਤੀ ਹੈ ਕਿ ਫਿਲਮ ਪੰਜਾਬੀ-95 ਨੂੰ ਬਗੈਰ ਇੱਕ ਵੀ ਕੱਟ ਲਾਏ ਪਾਸ ਕੀਤਾ ਜਾਵੇ, ਤਾਂ ਜੋਂ ਲੋਕਾਂ ਦੇ ਸਾਹਮਣੇ ਸਹੀ ਸੱਚ ਆ ਸਕੇ।
ਸੁਖਬੀਰ ਸਿੰਘ ਬਾਦਲ ਨੇ ਸੈਂਸਰ ਬੋਰਡ ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਸੈਂਸਰ ਬੋਰਡ ਕਸ਼ਮੀਰੀ ਪੰਡਿਤਾਂ ਦੀ ਨਸਲਕੁਸ਼ੀ ‘ਤੇ ਬਣੀ ਫਿਲਮ ‘ਕਸ਼ਮੀਰ ਫਾਈਲਜ਼ ‘ ਨੂੰ ਬਗੈਰ ਕੱਟ ਦੇ ਪਾਸ ਕਰ ਸਕਦਾ ਹੈ ਤਾਂ ਪੰਜਾਬ 95 ‘ਤੇ ਉਸਨੂੰ ਇਤਰਾਜ਼ ਕਿਉਂ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੈਂਸਰ ਬੋਰਡ ਨੂੰ ਅਪੀਲ ਕਰਦਾ ਹੈ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ਨੂੰ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕੀਤਾ ਜਾਵੇ।
‘ਸੈਂਸਰ ਬੋਰਡ ਦੀ ਕਾਰਵਾਈ ਤੋਂ ਸਿੱਖ ਭਾਈਚਾਰੀ ਦੁਖੀ’
ਫੇਸਬੁੱਕ ਤੇ ਪਾਈ ਪੋਸਟ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਿੱਖਿਆ ਕਿ ਫਿਲਮ ਪੰਜਾਬ 95 ਇੱਕ ਮਨੁੱਖੀ ਅਧਿਕਾਰ ਕਾਰਕੁਨ ਵਿਰੁੱਧ ਰਾਜ ਦੇ ਜਬਰ ਨੂੰ ਉਜਾਗਰ ਕਰਦੀ ਹੈ ਅਤੇ ਇਹ ਅਦਾਲਤੀ ਦਸਤਾਵੇਜ਼ਾਂ ‘ਤੇ ਅਧਾਰਤ ਹੈ। ਸਿੱਖ ਭਾਈਚਾਰਾ ਇਸ ਗੱਲ ਤੋਂ ਦੁਖੀ ਹੈ ਕਿ ਸੈਂਸਰ ਬੋਰਡ ਇੱਕ ਕਾਰਕੁਨ ਵਿਰੁੱਧ ਰਾਜ ਦੁਆਰਾ ਕੀਤੇ ਗਏ ਅੱਤਿਆਚਾਰਾਂ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸਰਕਾਰੀ ਅੰਕੜਿਆਂ ਤੋਂ ਬਾਹਰ ਹੋਈਆਂ ਹੱਤਿਆਵਾਂ ਦੇ ਅੰਕੜੇ ਇਕੱਠੇ ਕਰ ਰਿਹਾ ਸੀ।
ਖਾਲੜਾ ਦੇ ਜੀਵਨ ‘ਤੇ ਬਣੀ ਬਾਇਓਪਿਕ ਹੈ ਪੰਜਾਬੀ-95
ਪੰਜਾਬ-95 ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਬਾਇਓਪਿਕ ਹੈ, ਜਿਨ੍ਹਾਂ ਨੇ ਪੁਲਿਸ ਦੁਆਰਾ ਹਜ਼ਾਰਾਂ ਅਣਪਛਾਤੇ ਲੋਕਾਂ ਦੇ ਅਗਵਾ, ਕਤਲ ਅਤੇ ਸਸਕਾਰ ਦੇ ਸਬੂਤ ਲੱਭਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਖਾਲੜਾ ਵੱਲੋਂ 1980 ਦੇ ਦਹਾਕੇ ਦੇ ਅੱਧ ਤੋਂ 1990 ਦੇ ਦਹਾਕੇ ਦੇ ਅੱਧ ਤੱਕ ਬਗਾਵਤ ਦੌਰਾਨ ਪੰਜਾਬ ਵਿੱਚ ਹੋਏ 25,000 ਗੈਰ-ਕਾਨੂੰਨੀ ਸਸਕਾਰਾਂ ਦੀ ਜਾਂਚ ਤੋਂ ਬਾਅਦ ਦੁਨੀਆ ਭਰ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋਏ ਸਨ।
ਇਸ ਤੋਂ ਬਾਅਦ ਸੀਬੀਆਈ ਦੀ ਜਾਂਚ ਤੋਂ ਬਾਅਦ ਇਹ ਸਿੱਟਾ ਸਾਹਮਣੇ ਆਇਆ ਕਿ ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਹੀ 2097 ਲੋਕਾਂ ਦਾ ਗੁਪਤ ਤਰੀਕੇ ਨਾਲ ਸਸਕਾਰ ਕੀਤਾ ਸੀ। ਇਸ ਖੁਲਾਸੇ ਤੋਂ ਬਾਅਦ ਖਾਲੜਾ ਅਚਾਨਕ ਗਾਇਬ ਹੋ ਗਏ। ਉਨ੍ਹਾਂ ਦੀ ਮੌਤ ਨੂੰ ਪੰਜਾਬ ਪੁਲਿਸ ਨੇ ਸ਼ੁਰੂ ਵਿੱਚ ਖੁਦਕੁਸ਼ੀ ਮੰਨਿਆ, ਪਰ ਬਾਅਦ ਵਿੱਚ, ਛੇ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਖਾਲੜਾ ਦੇ ਅਗਵਾ ਅਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਅਤੇ ਇਨ੍ਹਾਂ ਸਾਰਿਆਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ।
ਪਹਿਲਾਂ ਘੱਲੂਘਾਰਾ ਸੀ ਫਿਲਮ ਦਾ ਨਾਂ
ਪਹਿਲਾਂ ਇਸ ਫਿਲਮ ਦਾ ਨਾਂ ਘੱਲੂਘਾਰਾ ਸੀ। ਘੱਲੂਘਾਰ ਨਾਂ ਰੱਖਦਿਆਂ ਹੀ ਇਹ ਫਿਲਮ ਚਰਚਾ ਵਿੱਚ ਆ ਗਈ ਸੀ। ਸੈਂਸਰ ਬੋਰਡ ਨੇ ਇਸ ਫਿਲਮ ਨੂੰ ਸਰਟੀਫਿਕੇਟ ਦੇਣ ਵਿੱਚ ਛੇ ਮਹੀਨੇ ਤੋਂ ਵੱਧ ਦਾ ਸਮਾਂ ਲਗਾ ਦਿੱਤਾ। ਪਰ ਜਦੋਂ ਇਸਦੀ ਰਿਲੀਜ਼ ਨੂੰ ਹਰੀ ਝੰਡੀ ਦਿੱਤੀ ਤਾਂ ਇਸ ਫਿਲਮ ਨੂੰ ਏ ਸਰਟੀਫਿਕੇਟ ਦੇ ਨਾਲ 21 ਕੱਟਾਂ ਦਾ ਵੀ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਫਿਲਮ ਨਿਰਮਾਤਾਵਾਂ ਨੇ CBFC ਦੇ ਖਿਲਾਫ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ , ਲੇਟੇਸਟ ਵੇੱਬ ਸਟੋਰੀ , NRI ਨਿਊਜ਼ , ਮਨੋਰੰਜਨ ਦੀ ਖਬਰ , ਵਿਦੇਸ਼ ਦੀ ਬ੍ਰੇਕਿੰਗ ਨਿਊਜ਼ , ਪਾਕਿਸਤਾਨ ਦਾ ਹਰ ਅਪਡੇਟ , ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ