ਅਕਾਲੀ ਦਲ ਵਧਾਏਗਾ ਆਪਣਾ ਦਾਇਰਾ , ਸਿੱਖ ਅਬਾਦੀ ਵਾਲੇ ਸੂਬਿਆਂ ‘ਚ ਪਾਰਟੀ ਯੂਨਿਟ ਬਣਾਏਗਾ, ਸੁਖਬੀਰ ਸਿੰਘ ਬਾਦਲ ਦਾ ਐਲਾਨ

Updated On: 

25 Dec 2023 22:12 PM

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਏਕਤਾ ਨਾ ਹੋਣ ਕਾਰਨ ਚੋਣਾਂ ਵਿੱਚ ਨੁਕਸਾਨ ਹੁੰਦਾ ਹੈ ਅਤੇ ਵੱਡੀ ਆਬਾਦੀ ਹੋਣ ਦੇ ਬਾਵਜੂਦ ਕੋਈ ਫਾਇਦਾ ਨਹੀਂ ਹੁੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਸਿੱਖ ਆਬਾਦੀ 2 ਫੀਸਦੀ ਦੇ ਕਰੀਬ ਹੈ, ਪਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਇੱਕਮੁੱਠ ਹਾਂ ਅਤੇ ਤੁਸੀਂ ਲੋਕ ਕਦੇ ਵੀ ਅਲਗ ਨਾ ਹੋਵੋ।

ਅਕਾਲੀ ਦਲ ਵਧਾਏਗਾ ਆਪਣਾ ਦਾਇਰਾ , ਸਿੱਖ ਅਬਾਦੀ ਵਾਲੇ ਸੂਬਿਆਂ ਚ ਪਾਰਟੀ ਯੂਨਿਟ ਬਣਾਏਗਾ, ਸੁਖਬੀਰ ਸਿੰਘ ਬਾਦਲ ਦਾ ਐਲਾਨ

(Photo Credit: @Akali_Dal_ )

Follow Us On

2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਦਾਇਰਾ ਵਧਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੇਸ਼ ਭਰ ਦੇ ਸਿੱਖ ਭਾਈਚਾਰੇ ਨੂੰ ਇਕਜੁੱਟ ਕਰਨ ਦੀ ਗੱਲ ਕਰਦਿਆਂ ਸੋਮਵਾਰ ਨੂੰ ਸਿੱਖ ਆਬਾਦੀ ਵਾਲੇ ਸਾਰੇ ਸੂਬਿਆਂ ਵਿੱਚ ਪਾਰਟੀ ਇਕਾਈਆਂ ਦੀ ਸਥਾਪਨਾ ਦਾ ਐਲਾਨ ਕੀਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਪਾਰਟੀ ਦੀ ਦਿੱਲੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਗ੍ਰਹਿ ਵਿਖੇ ਸ੍ਰੀ ਪਟਨਾ ਸਾਹਿਬ (ਬਿਹਾਰ) ਅਤੇ ਮੁੰਬਈ (ਮਹਾਰਾਸ਼ਟਰ) ਦੀਆਂ ਸਿੱਖ ਸੰਗਤ ਦੇ ਮੈਂਬਰਾਂ ਨਾਲ ਅਹਿਮ ਮੀਟਿੰਗ ਕਰਨ ਉਪਰੰਤ ਕੀਤਾ। ਇਸ ਮੰਤਵ ਲਈ ਅਕਾਲੀ ਦਲ ਦੀ ਇੱਕ ਕਮੇਟੀ 30 ਦਸੰਬਰ ਨੂੰ ਸ੍ਰੀ ਪਟਨਾ ਸਾਹਿਬ ਵਿਖੇ ਭੇਜੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਮੇਟੀ ਨਾ ਸਿਰਫ਼ ਉੱਥੇ ਦੀ ਸਥਾਨਕ ਸਿੱਖ ਸੰਗਤ ਨਾਲ ਮੀਟਿੰਗ ਕਰੇਗੀ, ਸਗੋਂ ਯੂਨਿਟ ਦੀ ਸਥਾਪਨਾ ਲਈ ਸਾਰੇ ਲੋੜੀਂਦੇ ਪ੍ਰਬੰਧ ਵੀ ਕਰੇਗੀ।

ਕਮੇਟੀ ਸੂਬਿਆਂ ਦਾ ਦੌਰਾ ਕਰੇਗੀ : ਸੁਖਬੀਰ ਸਿੰਘ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਕਮੇਟੀ ਹੋਰਨਾਂ ਸੂਬਿਆਂ ਦਾ ਦੌਰਾ ਕਰੇਗੀ ਜਿੱਥੋਂ ਮੰਗ ਆ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿੱਖ ਕੌਮ ਵਿੱਚ ਪੰਥਕ ਏਕਤਾ ਨੂੰ ਪ੍ਰਭਾਵਿਤ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਹੈ। ਸਿੱਖ ਕੌਮ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਾਰਿਆਂ ਦਾ ਹੱਲ ਉਸ ਵੇਲੇ ਕੱਢਿਆ ਜਾ ਸਕਦਾ ਹੈ ਜਦੋਂ ਸਾਡੇ ਸਾਰੇ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕਜੁੱਟ ਹੋਣ।

ਸੁਖਬੀਰ ਬਾਦਲ ਨੇ ਸਿੱਖ ਕੌਮ ਦੀ ਏਕਤਾ ਦੀ ਗੱਲ ਆਖੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਕੌਮ ਦੀ ਏਕਤਾ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਮੁਸਲਮਾਨਾਂ ਦੀ ਆਬਾਦੀ 18 ਫੀਸਦੀ ਦੇ ਕਰੀਬ ਹੈ ਪਰ ਉਨ੍ਹਾਂ ਕੋਲ ਅਗਵਾਈ ਕਰਨ ਵਾਲਾ ਕੋਈ ਨਹੀਂ ਕਿਉਂਕਿ ਉਹ ਆਪਸ ਵਿੱਚ ਏਕਤਾ ਨਹੀਂ ਰੱਖਦੇ। ਉਨ੍ਹਾਂ ਦੀ ਕੋਈ ਪਾਰਟੀ ਨਹੀਂ ਹੈ ਅਤੇ ਉਹ ਇੱਕ ਝੰਡੇ ਹੇਠ ਇਕੱਠੇ ਵੀ ਨਹੀਂ ਹਨ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਏਕਤਾ ਨਾ ਹੋਣ ਕਾਰਨ ਚੋਣਾਂ ਵਿੱਚ ਨੁਕਸਾਨ ਹੁੰਦਾ ਹੈ ਅਤੇ ਵੱਡੀ ਆਬਾਦੀ ਹੋਣ ਦੇ ਬਾਵਜੂਦ ਕੋਈ ਫਾਇਦਾ ਨਹੀਂ ਹੁੰਦਾ। ਬਾਬਰੀ ਮਸਜਿਦ ਮਾਮਲੇ ਦੀ ਉਦਾਹਰਣ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਭ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਕੋਲ ਲੀਡਰਸ਼ਿਪ ਨਹੀਂ ਸੀ ਅਤੇ ਉਹ ਲੜ ਨਹੀਂ ਸਕਦੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਸਿੱਖ ਆਬਾਦੀ 2 ਫੀਸਦੀ ਦੇ ਕਰੀਬ ਹੈ, ਪਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਇੱਕਮੁੱਠ ਹਾਂ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਵੰਡੀਆਂ ਨਾ ਪਾਓ ਅਤੇ ਹਮੇਸ਼ਾ ਇਕਜੁੱਟ ਰਹੋ।