ਚੰਡੀਗੜ੍ਹ ਮੇਅਰ ਚੋਣਾਂ ‘ਚ ਭਾਜਪਾ ਨੇ ਵਧਾਇਆ ਤਣਾਅ, ਹੁਣ ਕਾਂਗਰਸ ਨਾਲ ਗਠਜੋੜ ਤੋਂ ਬਿਨਾਂ ਕਿਵੇਂ ਜਿੱਤੇਗੀ ‘ਆਪ’ ?

Updated On: 

19 Jan 2024 13:30 PM IST

Chandigarh Mayor Election: ਚੰਡੀਗੜ੍ਹ ਵਿੱਚ ਮੇਅਰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਇੱਥੇ 18 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਇਕ ਲੋਕ ਸਭਾ ਸੀਟ ਹੈ ਅਤੇ INDIA ਗੱਠਜੋੜ ਵਿਚਾਲੇ ਇਸ ਸੀਟ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋਇਆ ਹੈ। ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਕੀ ਮੇਅਰ ਚੋਣਾਂ ਲਈ ਵਿਰੋਧੀ ਪਾਰਟੀਆਂ ਦਾ ਗਠਜੋੜ ਹੋਵੇਗਾ?

ਚੰਡੀਗੜ੍ਹ ਮੇਅਰ ਚੋਣਾਂ ਚ ਭਾਜਪਾ ਨੇ ਵਧਾਇਆ ਤਣਾਅ, ਹੁਣ ਕਾਂਗਰਸ ਨਾਲ ਗਠਜੋੜ ਤੋਂ ਬਿਨਾਂ ਕਿਵੇਂ ਜਿੱਤੇਗੀ ਆਪ ?
Follow Us On

ਚੰਡੀਗੜ੍ਹ ‘ਚ 18 ਜਨਵਰੀ ਨੂੰ ਮੇਅਰ ਚੋਣਾਂ ਹੋਣ ਜਾ ਰਹੀਆਂ ਹਨ ਪਰ ਇਸ ਤੋਂ ਪਹਿਲਾਂ ਭਾਜਪਾ ਨੇ INDIA ਗਠਜੋੜ ਨੂੰ ਵੱਡੀ ਚੁਣੌਤੀ ਪੇਸ਼ ਕਰ ਦਿੱਤੀ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 18 ਜਨਵਰੀ ਨੂੰ ਹੀ ਹੋਣ ਜਾ ਰਹੀਆਂ ਹਨ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਹੁਣ ਭਾਜਪਾ ਨੂੰ ਮੇਅਰ ਦੀ ਕੁਰਸੀ ਤੋਂ ਤਾਂ ਹੀ ਦੂਰ ਰੱਖਿਆ ਜਾ ਸਕਦਾ ਹੈ ਜੇਕਰ ਇੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਹੱਥ ਮਿਲਾ ਲੈਣ। ਗਠਜੋੜ ਨੂੰ ਅੰਤਿਮ ਰੂਪ ਦਿੱਤੇ ਬਿਨਾਂ ਮੇਅਰ ਦੀ ਚੋਣ ਵਿੱਚ ਭਾਜਪਾ ਨੂੰ ਹਰਾਉਣਾ ਮੁਸ਼ਕਿਲ ਹੋ ਜਾਵੇਗਾ।

ਮੇਅਰ ਦੀ ਚੋਣ ਤੋਂ ਪਹਿਲਾਂ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਗਣਿਤ ਵਿਗਾੜ ਦਿੱਤਾ ਹੈ। ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 31 ਤੋਂ ਕੌਂਸਲਰ ਲਖਬੀਰ ਸਿੰਘ ਬਿੱਲੂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਲਖਬੀਰ ਸਿੰਘ ਬਿੱਲੂ ਨੇ ਚੰਡੀਗੜ੍ਹ ਪ੍ਰਦੇਸ਼ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸੰਸਦ ਮੈਂਬਰ ਕਿਰਨ ਖੇਰ ਅਤੇ ਸਾਬਕਾ ਪ੍ਰਧਾਨ ਸੰਜੇ ਟੰਡਨ ਸਮੇਤ ਹੋਰ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲਈ।

ਕਿਸ ਕੋਲ ਕਿੰਨੇ ਕੌਂਸਲਰ?

ਆਪ ਦੇ ਲਖਬੀਰ ਸਿੰਘ ਬਿੱਲੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਕੋਲ 15 ਕੌਂਸਲਰ ਹਨ। ਭਾਜਪਾ ਨੂੰ 1 ਸਾਂਸਦ ਦੀਆਂ ਵੋਟਾਂ ਵੀ ਮਿਲ ਜਾਵੇਗੀ। ਇਸ ਤਰ੍ਹਾਂ ਭਾਜਪਾ ਦੀਆਂ ਵੋਟਾਂ ਦੀ ਕੁੱਲ ਗਿਣਤੀ 16 ਹੋ ਗਈ, ਹਾਲਾਂਕਿ ਮੇਅਰ ਜਿੱਤਣ ਲਈ ਕਿਸੇ ਵੀ ਪਾਰਟੀ ਨੂੰ 18 ਨੰਬਰ ਚਾਹੀਦੇ ਹਨ ਕਿਉਂਕਿ ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਕੌਂਸਲਰ ਇੱਥੇ ਮੇਅਰ ਦੀ ਚੋਣ ਕਰਦੇ ਹਨ।

ਲਖਬੀਰ ਸਿੰਘ ਬਿੱਲੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ ਹੁਣ 13 ਕੌਂਸਲਰ ਰਹਿ ਗਏ ਹਨ। ਉੱਥੇ ਹੀ ਕਾਂਗਰਸ ਦੇ 6 ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਕੋਲ 1 ਕੌਂਸਲਰ ਹੈ। ਇਹ ਸਾਰੇ ਮਿਲ ਕੇ 20 ਕੌਂਸਲਰ ਬਣਦੇ ਹਨ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮੇਅਰ ਦੀ ਚੋਣ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਗੱਠਜੋੜ ਹੋਵੇਗਾ? ਕਿਉਂਕਿ ਜਦੋਂ ਤੱਕ ਇਹ ਦੋਵੇਂ ਇਕੱਠੇ ਨਹੀਂ ਹੁੰਦੇ, ਉਦੋਂ ਤੱਕ ਮੇਅਰ ਦਾ ਅਹੁਦਾ ਹਾਸਲ ਕਰਨਾ ਮੁਸ਼ਕਿਲ ਹੋਵੇਗਾ।

ਲਖਬੀਰ ਸਿੰਘ ਨੂੰ ਕੋਈ ਖਤਰਾ ਨਹੀਂ

ਚੰਡੀਗੜ੍ਹ ਵਿੱਚ ਮੇਅਰ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ INDIA ਗਠਜੋੜ ਹੇਠ ਆਉਣਾ ਇੱਕ ਮਜਬੂਰੀ ਹੈ। ਭਾਜਪਾ ਨੂੰ ਮੇਅਰ ਦੇ ਅਹੁਦੇ ਤੋਂ ਰੋਕਣ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਹੁਣ ਸਾਂਝੇ ਉਮੀਦਵਾਰ ਖੜ੍ਹੇ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਪਹਿਲਾਂ ਭਾਜਪਾ ਅਤੇ ਆਮ ਆਦਮੀ ਪਾਰਟੀ ਕੋਲ 14-14 ਕੌਂਸਲਰ ਸਨ ਪਰ ਹੁਣ ਭਾਜਪਾ ਕੋਲ 15 ਅਤੇ ਆਪ ਕੋਲ 13 ਕੌਂਸਲਰ ਹਨ।

ਲਖਬੀਰ ਸਿੰਘ ਬਿੱਲੂ ਦੇ ਨਾਲ ‘ਆਪ’ ਦੇ ਸਥਾਨਕ ਆਗੂ ਕੁਲਬੀਰ ਸਿੰਘ, ਮਨਪ੍ਰੀਤ ਕੁਮਾਰ, ਪੱਪੂ ਅਤੇ ਅਸ਼ੋਕ ਕੁਮਾਰ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਨਗਰ ਨਿਗਮ ਵਿੱਚ ਦਲ-ਬਦਲੀ ਵਿਰੋਧੀ ਕਾਨੂੰਨ ਲਾਗੂ ਨਹੀਂ ਹੈ। ਅਜਿਹੇ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਕੌਂਸਲਰ ਦੀ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ ਹੈ।