ਜਨਵਰੀ ‘ਚ ਚੰਡੀਗੜ੍ਹ ਤੋਂ 113 ਉਡਾਣਾਂ ਰੱਦ, ਟੁੱਟਿਆ ਪਿਛਲੇ 2 ਸਾਲਾਂ ਦਾ ਰਿਕਾਰਡ
Flight Delay: ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਦਿਨ ਵੇਲੇ ਕਾਫੀ ਦੇਰ ਤੱਕ ਧੁੰਦ ਪੈ ਰਹੀ ਹੈ। ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਕਾਰਨ ਫਲਾਈਟਾਂ ਦੇ ਟੇਕ-ਆਫ ਅਤੇ ਲੈਂਡਿੰਗ 'ਚ ਦਿੱਕਤਾਂ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਇਸ ਸਾਲ ਉਡਾਣਾਂ ਰੱਦ ਹੋਣ ਤੋਂ ਇਲਾਵਾ ਉਡਾਣਾਂ 'ਚ ਦੇਰੀ ਵੀ ਇਕ ਵੱਡਾ ਕਾਰਨ ਬਣ ਗਈ ਹੈ।ਉੱਡਾਣਾਂ ਵਿੱਚ ਦੇਰੀ ਕਾਰਨ ਯਾਤਰੀਆਂ ਨੂੰ ਵੀ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸੰਘਣੀ ਧੁੰਦ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਈ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ। ਅੰਕੜਿਆਂ ਮੁਤਾਬਕ ਇਸ ਵਾਰ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਜ਼ਿਆਦਾ ਉਡਾਣਾਂ ਰੱਦ ਹੋਈਆਂ ਹਨ।
ਸਾਲ 2022 ਦੇ ਦਸੰਬਰ ਮਹੀਨੇ ਵਿੱਚ ਜਿੱਥੇ 63 ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਤਾਂ ਉੱਥੇ ਹੀ ਸਾਲ 2023 ਵਿੱਚ ਵੱਖ-ਵੱਖ ਕਾਰਨਾਂ ਕਰਕੇ 57 ਉਡਾਣਾਂ ਨੂੰ ਰੱਦ ਕਰਨਾ ਪਿਆ ਸੀ। ਇਸ ਸਾਲ ਜਨਵਰੀ ਵਿੱਚ ਹੁਣ ਤੱਕ 113 ਉਡਾਣਾਂ ਨੂੰ ਰੱਦ ਕੀਤਾ ਗਿਆ ਹੈ।
ਦੇਰੀ ਨਾਲ ਉੱਡ ਰਹੀਆਂ ਨੇ ਉੱਡਾਣਾਂ
ਜਨਵਰੀ ‘ਚ ਹੁਣ ਤੱਕ 370 ਉਡਾਣਾਂ ‘ਚ ਦੇਰੀ ਹੋਈ ਹੈ, ਜਦਕਿ ਸਾਲ 2022 ‘ਚ 411 ਉਡਾਣਾਂ ‘ਚ ਦੇਰੀ ਹੋਈ ਹੈ, ਇਸ ਤੋਂ ਇਲਾਵਾ ਸਾਲ 2023 ‘ਚ ਸਿਰਫ 67 ਉਡਾਣਾਂ ‘ਚ ਦੇਰੀ ਹੋਈ ਹੈ।
ਕਈ ਉਡਾਣਾਂ ਨੂੰ ਕਰਨਾ ਪਿਆ ਡਾਇਵਰਟ
ਅੰਕੜੇ ਦੱਸਦੇ ਹਨ ਕਿ ਕਈ ਉਡਾਣਾਂ ਨੂੰ ਡਾਇਵਰਟ ਕਰਨਾ ਪਿਆ ਹੈ। ਸਾਲ 2022 ਵਿੱਚ ਚੰਡੀਗੜ੍ਹ ਆਉਣ ਵਾਲੀਆਂ 7 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ ਸੀ। ਇਸੇ ਤਰ੍ਹਾਂ 2023 ਵਿੱਚ 9 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਸੀ, ਜਦੋਂ ਕਿ ਸਾਲ 2024 ਵਿੱਚ ਹੁਣ ਤੱਕ 10 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਹੈ।
ਬੁੱਧਵਾਰ ਨੂੰ 4 ਉਡਾਣਾਂ ਹੋਈਆਂ ਰੱਦ
ਪਿਛਲੇ ਬੁੱਧਵਾਰ ਨੂੰ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 24 ਉਡਾਣਾਂ ਲੇਟ ਹੋਈਆਂ ਸਨ ਅਤੇ ਚਾਰ ਉਡਾਣਾਂ ਨੂੰ ਰੱਦ ਕਰਨਾ ਪਿਆ। ਮੁੰਬਈ, ਦਿੱਲੀ ਅਤੇ ਬੈਂਗਲੁਰੂ ਲਈ ਉਡਾਣਾਂ ਵੀ ਰੱਦ ਕਰਨੀਆਂ ਪਈਆਂ। ਪੁਣੇ ਤੋਂ ਆਉਣ ਵਾਲੀ ਫਲਾਈਟ ਨੂੰ ਵੀ ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਰੱਦ ਕਰਨਾ ਪਿਆ।