ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ ਐਮਪੀਐਲ 10ਵੀਂ ਨੈਸ਼ਨਲ ਅਮੇਚਿਓਰ ਚੈੱਸ ਚੈਂਪੀਅਨਸ਼ਿਪ ਦਾ ਉਦਘਾਟਨ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਐਮਪੀਐਲ 10ਵੀਂ ਨੈਸ਼ਨਲ ਅਮੇਚਿਓਰ ਚੈੱਸ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਮਿਹਨਤ ਤੇ ਲਗਨ ਨਾਲ ਜੁਟੇ ਰਹਿਣ ਵਾਲੇ ਹੀ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹੰਦੇ ਹਨ।
ਸੰਗਰੂਰ, ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਅੱਜ ਸੰਗਰੂਰ ਵਿਖੇ ਐਮਪੀਐਲ 10ਵੀਂ ਨੈਸ਼ਨਲ ਅਮੇਚਿਓਰ ਚੈੱਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੂੰ ਸ਼ਾਨਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਆਪਣੇ ਖੇਡ ਹੁਨਰ ਵਿਚ ਨਿਖਾਰ ਲਿਆਉਣ ਲਈ ਨਿਰੰਤਰ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਜੁਟੇ ਰਹਿਣ ਵਾਲੇ ਹੀ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਸਮਰੱਥ ਬਣਦੇ ਹਨ। ਉਨ੍ਹਾਂ ਚੈੱਸ ਖੇਡ ਮੁਕਾਬਲਿਆਂ ਦਾ ਆਯੋਜਨ ਕਰਨ ਲਈ ਜ਼ਿਲ੍ਹਾ ਸੰਗਰੂਰ ਚੈੱਸ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਸ਼ਤਰੰਜ ਖੇਡ ਦਾ ਨੈਸ਼ਨਲ ਅਮੇਚਿਓਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਦੇਸ਼ ਦੇ 24 ਰਾਜਾਂ ਦੇ 385 ਖਿਡਾਰੀ ਹਿੱਸਾ ਲੈ ਰਹੇ ਹਨ।


