ਕੱਲ੍ਹ ਜਲੰਧਰ ਤੋਂ ਸ਼ੁਰੂ ਹੋਵੇਗੀ ਭਾਜਪਾ ਦੀ ‘ਸਮਰਸਤਾ ਸੰਕਲਪ ਯਾਤਰਾ’, ਨਿਤਿਨ ਨਬੀਨ ਦਿਖਾਉਣਗੇ ਹਰੀ ਝੰਡੀ
ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਯਾਤਰਾ ਕੁੱਲ 2,558 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਤੇ 3 ਦਸੰਬਰ ਨੂੰ ਵਾਰਾਣਸੀ ਵਿਖੇ ਇਸ ਦੀ ਸਮਾਪਤੀ ਹੋਵੇਗੀ।
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਪੱਧਰੀ ‘ਸਮਰਸਤਾ ਸੰਕਲਪ ਯਾਤਰਾ’ ਸ਼ੁਰੂ ਕੀਤੀ ਜਾ ਰਹੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 18 ਨਵੰਬਰ ਨੂੰ ਜਲੰਧਰ ਤੋਂ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਯਾਤਰਾ ਦੀ ਸ਼ੁਰੂਆਤ ਜਲੰਧਰ-ਪਠਾਨਕੋਟ ਹਾਈਵੇਅ ‘ਤੇ ਡੇਰਾ ਸੱਚਖੰਡ ਬੱਲਾਂ ਨੇੜੇ ਪਿੰਡ ਰਾਏਪੁਰ ਰਸੂਲਪੁਰ ਤੋਂ ਹੋਵੇਗੀ।
ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਯਾਤਰਾ ਕੁੱਲ 2,558 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਤੇ 3 ਦਸੰਬਰ ਨੂੰ ਵਾਰਾਣਸੀ ਵਿਖੇ ਇਸ ਦੀ ਸਮਾਪਤੀ ਹੋਵੇਗੀ।
ਸੱਤ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚੋਂ ਲੰਘੇਗੀ ਯਾਤਰਾ
ਕੇਵਲ ਸਿੰਘ ਢਿੱਲੋਂ ਮੁਤਾਬਕ ਇਹ ਯਾਤਰਾ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਸੱਤ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 46 ਸ਼ਹਿਰਾਂ ਵਿੱਚੋਂ ਲੰਘੇਗੀ। ਇਸ ਦੌਰਾਨ 29 ਵੱਡੀਆਂ ਜਨਸਭਾਵਾਂ ਤੇ ਜ਼ਿਲ੍ਹਾ ਪੱਧਰ ‘ਤੇ 27 ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਹ ਵੀ ਪੜ੍ਹੋ: ਪੰਜਾਬ ਚ BJP ਦਾ ਦਲਿਤ ਵੋਟ ਲੁਭਾਉਣ ਦਾ ਮੈਗਾ ਪਲਾਨ, 18 ਨਵੰਬਰ ਨੂੰ ਨਿਤਿਨ ਨਬੀਨ ਕਰਨਗੇ ਸਮਰਸਤਾ ਸੰਕਲਪ ਯਾਤਰਾ
ਪੰਜਾਬ ਦੇ 17 ਜ਼ਿਲ੍ਹਿਆਂ ‘ਚੋਂ ਲੰਘੇਗੀ ਯਾਤਰਾ
ਪੰਜਾਬ ਵਿੱਚ ਇਹ ਯਾਤਰਾ ਪੰਜ ਦਿਨਾਂ ਦੌਰਾਨ 17 ਜ਼ਿਲ੍ਹਿਆਂ ਵਿੱਚੋਂ ਲਗਭਗ 700 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਜਲੰਧਰ ਤੋਂ ਸ਼ੁਰੂ ਹੋਣ ਤੋਂ ਬਾਅਦ ਇਹ ਹੋਸ਼ਿਆਰਪੁਰ, ਮੁਕੇਰੀਆਂ, ਪਠਾਨਕੋਟ, ਬਟਾਲਾ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਸੰਗਰੂਰ, ਲੁਧਿਆਣਾ, ਰੂਪਨਗਰ ਤੇ ਮੋਹਾਲੀ ਸਮੇਤ ਵੱਖ-ਵੱਖ ਇਲਾਕਿਆਂ ‘ਚੋਂ ਲੰਘਦੀ ਹੋਈ ਚੰਡੀਗੜ੍ਹ ਪਹੁੰਚੇਗੀ।
ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦਾ ਉਦੇਸ਼
ਭਾਜਪਾ ਆਗੂ ਅਨੁਸਾਰ ਇਸ ਯਾਤਰਾ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਸਮਾਨਤਾ, ਭਗਤੀ, ਸਮਾਜਿਕ ਏਕਤਾ ਤੇ ਮਨੁੱਖਤਾ ਦਾ ਸੰਦੇਸ਼ ਵੀ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
