ਲੁਧਿਆਣਾ ਬੱਸ ਸਟੈਂਡ ਦੀ ਵਰਕਸ਼ਾਪ ‘ਚ ਲੱਗੀ ਭਿਆਨਕ ਅੱਗ, 8 ਫਾਇਰ ਬ੍ਰਿਗੇਡ ਗੱਡੀਆਂ ਨੇ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ

Updated On: 

17 Nov 2026 10:16 AM IST

ਵਰਕਸ਼ਾਪ 'ਚ ਵੱਡੀ ਗਿਣਤੀ 'ਚ ਟਾਇਰ ਪਏ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਰਹੀ। ਇਸ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ 'ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਕਾਰਨ ਵਰਕਸ਼ਾਪ 'ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ।

ਲੁਧਿਆਣਾ ਬੱਸ ਸਟੈਂਡ ਦੀ ਵਰਕਸ਼ਾਪ ਚ ਲੱਗੀ ਭਿਆਨਕ ਅੱਗ, 8 ਫਾਇਰ ਬ੍ਰਿਗੇਡ ਗੱਡੀਆਂ ਨੇ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ

ਲੁਧਿਆਣਾ ਬੱਸ ਸਟੈਂਡ ਦੀ ਵਰਕਸ਼ਾਪ 'ਚ ਲੱਗੀ ਭਿਆਨਕ ਅੱਗ

ਲੁਧਿਆਣਾ ਦੇ ਬੱਸ ਸਟੈਂਡ ਸਥਿਤ ਸਰਕਾਰੀ ਬੱਸਾਂ ਦੀ ਮੁਰੰਮਤ ਵਾਲੀ ਵਰਕਸ਼ਾਪ ‘ਚ ਸੋਮਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਵਰਕਸ਼ਾਪ ‘ਚ ਬਣੇ ਟਾਇਰਾਂ ਦੇ ਵੱਡੇ ਗੋਦਾਮ ‘ਚ ਲੱਗੀ, ਜਿਸ ਕਾਰਨ ਕੁਝ ਹੀ ਸਮੇਂ ਵਿੱਚ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲਣ ਲੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਕਰੀਬ 2 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ 8 ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।

ਵਰਕਸ਼ਾਪ ‘ਚ ਵੱਡੀ ਗਿਣਤੀ ‘ਚ ਟਾਇਰ ਪਏ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਰਹੀ। ਇਸ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ‘ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਕਾਰਨ ਵਰਕਸ਼ਾਪ ‘ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ।

ਰਾਤ 10:15 ਵਜੇ ਮਿਲੀ ਸੀ ਅੱਗ ਲੱਗਣ ਦੀ ਸੂਚਨਾ

ਫਾਇਰ ਬ੍ਰਿਗੇਡ ਅਧਿਕਾਰੀ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 10:15 ਵਜੇ ਬੱਸ ਸਟੈਂਡ ਦੇ ਅੰਦਰ ਬਣੀ ਵਰਕਸ਼ਾਪ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਕਾਰਵਾਈ ਦੌਰਾਨ 6 ਗੱਡੀਆਂ ਪਾਣੀ ਦੀ ਵਰਤੋਂ ਕਰ ਚੁੱਕੀਆਂ ਸਨ। ਵਰਕਸ਼ਾਪ ‘ਚ ਟਾਇਰਾਂ ਦੀ ਵੱਡੀ ਮਾਤਰਾ ਹੋਣ ਕਾਰਨ ਅੱਗ ਲਗਾਤਾਰ ਵਧ ਰਹੀ ਸੀ, ਜਿਸ ਕਰਕੇ ਇਸ ‘ਤੇ ਕਾਬੂ ਪਾਉਣ ‘ਚ ਸਮਾਂ ਲੱਗਿਆ।

ਰੋਡਵੇਜ਼ ਦੇ ਜੀਐਮ ਨੇ ਮੌਕੇ ‘ਤੇ ਪਹੁੰਚ ਕੇ ਲਿਆ ਜਾਇਜ਼ਾ

ਲੁਧਿਆਣਾ ਰੋਡਵੇਜ਼ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 10:30 ਵਜੇ ਘਟਨਾ ਦੀ ਸੂਚਨਾ ਮਿਲੀ ਸੀ। ਸੁਰੱਖਿਆ ਗਾਰਡ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਵਰਕਸ਼ਾਪ ‘ਚ ਵੱਡੀ ਮਾਤਰਾ ਵਿੱਚ ਟਾਇਰ ਪਏ ਹੋਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਉੱਥੇ ਬਿਜਲੀ ਦੀਆਂ ਤਾਰਾਂ ਨਹੀਂ ਹਨ, ਜਿਸ ਕਾਰਨ ਸ਼ਾਰਟ ਸਰਕਟ ਨੂੰ ਅੱਗ ਲੱਗਣ ਦਾ ਕਾਰਨ ਮੰਨਣ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੈਟਰੋਲ ਪੰਪ ਸੁਰੱਖਿਅਤ, ਵੱਡਾ ਹਾਦਸਾ ਟਲਿਆ

ਰਾਹਤ ਦੀ ਗੱਲ ਇਹ ਰਹੀ ਕਿ ਅੱਗ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਬੱਸ ਸਟੈਂਡ ਕੰਪਲੈਕਸ ਦੇ ਅੰਦਰ ਹੀ ਸਰਕਾਰੀ ਪੈਟਰੋਲ ਪੰਪ ਵੀ ਮੌਜੂਦ ਹੈ, ਪਰ ਅੱਗ ਉਸ ਤੋਂ ਦੂਰੀ ‘ਤੇ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ।

ਅੱਗ ਕਾਰਨ ਕਿੰਨਾ ਸਰਕਾਰੀ ਸਾਮਾਨ ਅਤੇ ਸੰਪਤੀ ਨੁਕਸਾਨੀ ਗਈ ਹੈ, ਇਸ ਬਾਰੇ ਪੂਰੀ ਜਾਣਕਾਰੀ ਵਿਭਾਗੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Loading...
Unable to load recommendations.
Follow Us