BJP ਕੌਮੀ ਪ੍ਰਧਾਨ ਨਿਤਿਨ ਨਬੀਨ 20 ਜੂਨ ਤੋਂ ਪੰਜਾਬ ਦੌਰੇ ‘ਤੇ, ਵਿਧਾਨਸਭਾ ਚੋਣਾਂ ਦਾ ਵਜਾਉਣਗੇ ਬਿਗਲ

Updated On: 

10 Jun 2026 15:58 PM IST

ਪੰਜਾਬ ਵਿੱਚ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਨੇ ਅਜੇ ਤੋਂ ਹੀ ਆਪਣੀ ਸਿਆਸੀ ਬਿਸਾਤ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਦੇ ਤਹਿਤ ਭਾਜਪਾ ਦੇ ਨਵ-ਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਦੇ ਦੌਰਿਆਂ ਦਾ ਸਿਲਸਿਲਾ ਹੁਣ ਸ਼ੁਰੂ ਹੋਣ ਜਾ ਰਿਹਾ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਆਉਂਦੀ 20 ਤੋਂ 22 ਜੂਨ ਤੱਕ ਪੰਜਾਬ ਦੇ ਤਿੰਨ ਦਿਨਾਂ ਦੌਰੇ 'ਤੇ ਆ ਰਹੇ ਹਨ।

BJP ਕੌਮੀ ਪ੍ਰਧਾਨ ਨਿਤਿਨ ਨਬੀਨ 20 ਜੂਨ ਤੋਂ ਪੰਜਾਬ ਦੌਰੇ ਤੇ, ਵਿਧਾਨਸਭਾ ਚੋਣਾਂ ਦਾ ਵਜਾਉਣਗੇ ਬਿਗਲ

ਪੰਜਾਬ ਵਿੱਚ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਨੇ ਅਜੇ ਤੋਂ ਹੀ ਆਪਣੀ ਸਿਆਸੀ ਬਿਸਾਤ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਦੇ ਤਹਿਤ ਭਾਜਪਾ ਦੇ ਨਵ-ਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਦੇ ਦੌਰਿਆਂ ਦਾ ਸਿਲਸਿਲਾ ਹੁਣ ਸ਼ੁਰੂ ਹੋਣ ਜਾ ਰਿਹਾ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਆਉਂਦੀ 20 ਤੋਂ 22 ਜੂਨ ਤੱਕ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ ਆ ਰਹੇ ਹਨ।

ਪ੍ਰਧਾਨ ਬਣਨ ਤੋਂ ਬਾਅਦ ਨਿਤਿਨ ਨਬੀਨ ਦਾ ਇਹ ਪਹਿਲਾ ਪੰਜਾਬ ਦੌਰਾ ਹੈ, ਜਿਸ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਨਿਤਿਨ ਨਬੀਨ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਨਾਲ ਕਰਨਗੇ। ਹਾਲਾਂਕਿ, ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਦੌਰਾ ਅਜੇ ਪ੍ਰਸਤਾਵਿਤ ਹੈ ਅਤੇ ਇਸ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਅੰਮ੍ਰਿਤਸਰ ਤੋਂ ਕਰਨਗੇ ਦੌਰੇ ਦੀ ਸ਼ੁਰੂਆਤ

ਜਾਣਕਾਰੀ ਮੁਤਾਬਕ, ਨਿਤਿਨ ਨਬੀਨ ਆਪਣੇ ਪੰਜਾਬ ਦੌਰੇ ਦਾ ਆਗਾਜ਼ ਗੁਰੂ ਨਗਰੀ ਅੰਮ੍ਰਿਤਸਰ ਤੋਂ ਕਰਨਗੇ। 20 ਜੂਨ ਨੂੰ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਗੁਰੂ ਘਰ ਦਾ ਆਸ਼ੀਰਵਾਦ ਲੈਣਗੇ। ਇਸ ਤੋਂ ਬਾਅਦ ਉਹ ਦੁਰਗਿਆਣਾ ਮੰਦਰ ਅਤੇ ਜਲ੍ਹਿਆਂਵਾਲਾ ਬਾਗ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕਰ ਸਕਦੇ ਹਨ। ਇਨ੍ਹਾਂ ਧਾਰਮਿਕ ਅਤੇ ਇਤਿਹਾਸਕ ਸਥਾਨਾਂ ‘ਤੇ ਮੱਥਾ ਟੇਕਣ ਤੋਂ ਬਾਅਦ, ਉਹ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਨਾਲ ਬੈਠਕ ਕਰਕੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣਗੇ।

ਵੱਖ-ਵੱਖ ਸ਼ਹਿਰਾਂ ਵਿੱਚ ਹੋਣਗੇ ਵੱਡੇ ਪ੍ਰੋਗਰਾਮ

ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਪੰਜਾਬ ਚੋਣਾਂ ਦੀ ਤਿਆਰੀ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੱਖੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਉਹ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ, ਕੋਰ ਗਰੁੱਪ ਦੇ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਰਣਨੀਤੀ ਸਬੰਧੀ ਅਹਿਮ ਬੈਠਕਾਂ ਕਰਨਗੇ। ਪਾਰਟੀ ਦੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਉਹ ਸਥਾਨਕ ਵਪਾਰੀਆਂ, ਕਿਸਾਨਾਂ ਅਤੇ ਬੁੱਧੀਜੀਵੀ ਨਾਗਰਿਕਾਂ ਨਾਲ ਵੀ ਸਿੱਧਾ ਸੰਵਾਦ ਰਚਾ ਸਕਦੇ ਹਨ।

ਕੇਵਲ ਸਿੰਘ ਢਿੱਲੋਂ ਦੀ ਰਣਨੀਤੀ ਆਈ ਕੰਮ

ਦਰਅਸਲ, ਹਾਲ ਹੀ ਵਿੱਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦਿੱਲੀ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕਈ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਢਿੱਲੋਂ ਨੇ ਸੰਕੇਤ ਦਿੱਤੇ ਸਨ ਕਿ ਪੰਜਾਬ ਵਿੱਚ ਭਾਜਪਾ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਕੇਂਦਰੀ ਹਾਈਕਮਾਂਡ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਜਲਦ ਹੀ ਕੇਂਦਰੀ ਆਗੂਆਂ ਅਤੇ ਰਾਸ਼ਟਰੀ ਅਹੁਦੇਦਾਰਾਂ ਦੇ ਪੰਜਾਬ ਦੌਰੇ ਸ਼ੁਰੂ ਹੋਣਗੇ, ਜੋ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਸ਼ੰਖਨਾਦ ਕਰਨਗੇ। ਨਿਤਿਨ ਨਬੀਨ ਦਾ ਇਹ ਦੌਰਾ ਇਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਦੌਰਾ ਪ੍ਰਸਤਾਵਿਤ ਹੈ, ਸ਼ੈਡਿਊਲ ਆਉਣ ‘ਤੇ ਕਰਾਂਗੇ ਸਾਂਝਾ

ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਇਸ ਸਬੰਧੀ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਦਾ ਇਹ ਦੌਰਾ ਫਿਲਹਾਲ ਪ੍ਰਸਤਾਵਿਤ ਹੈ। ਅਜੇ ਦੌਰਾ ਪੂਰੀ ਤਰ੍ਹਾਂ ਫਾਈਨਲ ਨਹੀਂ ਹੋਇਆ ਹੈ। ਜਿਵੇਂ ਹੀ ਪੂਰਾ ਸ਼ੈਡਿਊਲ ਅਤੇ ਪ੍ਰੋਗਰਾਮ ਅੰਤਿਮ ਰੂਪ ਵਿੱਚ ਤੈਅ ਹੋ ਜਾਵੇਗਾ, ਉਸ ਦੀ ਅਧਿਕਾਰਤ ਜਾਣਕਾਰੀ ਮੀਡੀਆ ਨਾਲ ਸਾਂਝੀ ਕਰ ਦਿੱਤੀ ਜਾਵੇਗੀ।

Follow Us