ਬਰਨਾਲਾ ‘ਚ ਭਾਜਪਾ-ਕਾਂਗਰਸ ਨੇ ਭਰੀਆਂ ਨਾਮਜ਼ਦਗੀਆ, ਦੋਵਾਂ ਨੇ ਦਿਖਾਈ ਤਾਕਤ, ਕੱਲ੍ਹ ਆਖਰੀ ਦਿਨ
Punjab Bypoll: 2019 ਦੀਆਂ ਲੋਕ ਸਭਾ ਚੋਣਾਂ 'ਚ ਕੇਵਲ ਢਿੱਲੋਂ ਭਗਵੰਤ ਮਾਨ ਦੇ ਖਿਲਾਫ ਚੋਣ ਲੜੇ ਸਨ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2022 ਵਿੱਚ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਪੰਜਾਬ ਦੀ ਬਰਨਾਲਾ ਵਿਧਾਨ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅੱਜ (ਵੀਰਵਾਰ) ਭਾਜਪਾ ਉਮੀਦਵਾਰ ਕੇਵਲ ਢਿੱਲੋਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਬਾਅਦ ਕਾਂਗਰਸ ਦੇ ਕਾਲਾ ਢਿੱਲੋਂ ਨੇ ਨਾਮਜ਼ਦਗੀ ਦਾਖ਼ਲ ਕੀਤੀ। ਨਾਮਜ਼ਦਗੀ ਦੌਰਾਨ ਦੋਵਾਂ ਨੇ ਤਾਕਤ ਦਿਖਾ ਕੇ ਆਪਣਾ ਦਮ ਦਿਖਾਇਆ।
ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੇ ਨਾਲ ਸਾਬਕਾ ਮੰਤਰੀ ਵਿਜੇਂਦਰ ਸਿੰਗਲਾ ਅਤੇ ਸੁਰਿੰਦਰਪਾਲ ਸਿੰਘ ਸਿਬੀਆ ਹਾਜ਼ਰ ਸਨ। 25 ਅਕਤੂਬਰ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਹੈ। ਇਨ੍ਹਾਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਬਣੇ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਸੀਟ ਤੋਂ ਵਿਧਾਇਕ ਸਨ।
ਪਰਿਵਾਰ ਸਮੇਤ ਨਾਮਜ਼ਦਗੀ ਦਾਖ਼ਲ ਕਰਨ ਪਹੁੰਚੇ ਕੇਵਲ ਢਿੱਲੋਂ
ਭਾਜਪਾ ਉਮੀਦਵਾਰ ਕੇਵਲ ਢਿੱਲੋਂ ਨੇ ਅੱਜ ਬਰਨਾਲਾ ਵਿਖੇ ਪਰਿਵਾਰ ਸਮੇਤ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਭਰਨ ਤੋਂ ਪਹਿਲਾਂ ਉਨ੍ਹਾਂ ਸ਼ਹਿਰ ਵਿੱਚ ਰੈਲੀ ਕੀਤੀ। ਕੇਵਲ ਢਿੱਲੋਂ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ। 2007 ਅਤੇ 2012 ਵਿੱਚ ਦੋ ਵਾਰ ਬਰਨਾਲਾ ਤੋਂ ਵਿਧਾਇਕ ਚੁਣੇ ਗਏ।
2019 ਦੀਆਂ ਲੋਕ ਸਭਾ ਚੋਣਾਂ ‘ਚ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਚੋਣ ਲੜੇ ਸਨ ਅਤੇ ਹਾਰ ਗਏ ਸਨ। ਪੇਸ਼ੇ ਤੋਂ ਵਪਾਰੀ ਕੇਵਲ ਢਿੱਲੋਂ ਆਪਣੀ ਪਤਨੀ ਅਤੇ ਪੁੱਤਰਾਂ ਕਰਨ ਅਤੇ ਕੰਵਰ ਨਾਲ ਚੰਡੀਗੜ੍ਹ ਵਿੱਚ ਰਹਿੰਦੇ ਹਨ। ਟਿਕਟ ਦਾ ਐਲਾਨ ਹੋਣ ਦੇ ਬਾਅਦ ਤੋਂ ਹੀ ਪੂਰੇ ਪਰਿਵਾਰ ਨੇ ਬਰਨਾਲਾ ਵਿੱਚ ਡੇਰੇ ਲਾਏ ਹੋਏ ਹਨ।
ਨਾਮਜ਼ਦਗੀ ਤੋਂ ਪਹਿਲਾਂ ਕਾਲਾ ਢਿੱਲੋਂ ਦਾ ਸ਼ਕਤੀ ਪ੍ਰਦਰਸ਼ਨ
ਕਾਂਗਰਸ ਦੇ ਕਾਲਾ ਢਿੱਲੋਂ ਨੇ ਨਾਮਜ਼ਦਗੀ ਤੋਂ ਪਹਿਲਾਂ ਜ਼ੋਰਦਾਰ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਾਬਕਾ ਮੰਤਰੀ ਵਿਜੇਂਦਰ ਸਿੰਗਲਾ ਅਤੇ ਸੁਰਿੰਦਰਪਾਲ ਸਿੰਘ ਸਿਬੀਆ ਮੌਜੂਦ ਰਹੇ। ਕਾਲਾ ਢਿੱਲੋਂ ਯੁਵਾ ਆਗੂ ਹਨ ਅਤੇ ਸੂਬਾ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਬਹੁਤ ਕਰੀਬੀ ਹਨ।