ਅਜਨਾਲਾ ‘ਚ ਸਰਕਾਰੀ ਗੁਦਾਮ ‘ਚੋਂ 400 ਤੋੜੇ ਕਣਕ ਲੈ ਕੇ ਚੋਰ ਟਰੱਕ ‘ਤੇ ਫਰਾਰ, ਚੌਂਕੀਦਾਰਾਂ ਨੂੰ ਬਣਾਇਆ ਬੰਧਕ

Updated On: 

28 Jun 2026 16:30 PM IST

ਅਜਨਾਲਾ ਦੇ ਅਧੀਨ ਆਉਂਦੇ ਪਿੰਡ ਮਹਿਲ ਬੁਖਾਰੀ ਸਥਿਤ ਪਨਗਰੇਨ ਦੇ ਸਰਕਾਰੀ ਗੁਦਾਮ ਵਿੱਚ ਦੇਰ ਰਾਤ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਬਹੁਤ ਹੀ ਸਨਸਨੀਖੇਜ਼ ਅਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਅਜਨਾਲਾ ਚ ਸਰਕਾਰੀ ਗੁਦਾਮ ਚੋਂ 400 ਤੋੜੇ ਕਣਕ ਲੈ ਕੇ ਚੋਰ ਟਰੱਕ ਤੇ ਫਰਾਰ, ਚੌਂਕੀਦਾਰਾਂ ਨੂੰ ਬਣਾਇਆ ਬੰਧਕ

ਅਜਨਾਲਾ ਦੇ ਅਧੀਨ ਆਉਂਦੇ ਪਿੰਡ ਮਹਿਲ ਬੁਖਾਰੀ ਸਥਿਤ ਪਨਗਰੇਨ ਦੇ ਸਰਕਾਰੀ ਗੁਦਾਮ ਵਿੱਚ ਦੇਰ ਰਾਤ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਬਹੁਤ ਹੀ ਸਨਸਨੀਖੇਜ਼ ਅਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ, ਅੱਧੀ ਰਾਤ ਤੋਂ ਬਾਅਦ ਵੱਡੀ ਗਿਣਤੀ ਵਿੱਚ ਆਏ ਅਣਪਛਾਤੇ ਲੁਟੇਰਿਆਂ ਨੇ ਗੁਦਾਮ ਦੀ ਸੁਰੱਖਿਆ ਵਿੱਚ ਤਾਇਨਾਤ ਚੌਂਕੀਦਾਰਾਂ ਨੂੰ ਹਥਿਆਰਾਂ ਦੀ ਨੋਕ ‘ਤੇ ਬੰਧਕ ਬਣਾ ਲਿਆ। ਇਸ ਤੋਂ ਬਾਅਦ ਲੁਟੇਰੇ ਉੱਥੇ ਪਏ ਕਣਕ ਦੇ ਕਰੀਬ 400 ਤੋੜੇ ਇੱਕ ਟਰੱਕ ਵਿੱਚ ਲੋਡ ਕਰਕੇ ਬੜੀ ਆਸਾਨੀ ਨਾਲ ਫਰਾਰ ਹੋ ਗਏ।

ਹੋਰਨਾਂ ਟਰੱਕਾਂ ‘ਚੋਂ ਕੱਢਿਆ ਡੀਜ਼ਲ

ਹੈਰਾਨੀ ਦੀ ਗੱਲ ਇਹ ਰਹੀ ਕਿ ਲੁਟੇਰਿਆਂ ਨੇ ਵਾਰਦਾਤ ਨੂੰ ਬੜੇ ਸ਼ਾਤਰਾਨਾ ਤਰੀਕੇ ਨਾਲ ਅੰਜਾਮ ਦਿੱਤਾ। ਉਨ੍ਹਾਂ ਨੇ ਗੁਦਾਮ ਅੰਦਰ ਖੜ੍ਹੇ ਹੋਰਨਾਂ ਟਰੱਕਾਂ ਦੇ ਟੈਂਕਾਂ ਵਿੱਚੋਂ ਪਹਿਲਾਂ ਡੀਜ਼ਲ ਕੱਢਿਆ ਅਤੇ ਫਿਰ ਜਿਸ ਟਰੱਕ ਵਿੱਚ ਕਣਕ ਲੱਦੀ ਸੀ, ਉਸ ਦੀ ਟੈਂਕੀ ਵਿੱਚ ਉਹ ਡੀਜ਼ਲ ਪਾ ਕੇ ਉਸਨੂੰ ਲੈ ਕੇ ਰਫ਼ੂ-ਚੱਕਰ ਹੋ ਗਏ। ਇਸ ਵੱਡੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੁਰਾਗ ਹਾਸਲ ਕਰਨ ਲਈ ਗੁਦਾਮ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਹੀ ਹੈ।

15 ਦੇ ਕਰੀਬ ਲੁਟੇਰੇ ਰਾਤ 12 ਵਜੇ ਤੋਂ ਬਾਅਦ ਹੋਏ ਦਾਖ਼ਲ: ਟਰੱਕ ਮਾਲਕ

ਇਸ ਮੰਦਭਾਗੀ ਘਟਨਾ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਪੀੜਤ ਟਰੱਕ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਟਰੱਕ ਰੋਜ਼ਾਨਾ ਦੀ ਤਰ੍ਹਾਂ ਦੇਰ ਰਾਤ ਗੁਦਾਮ ਦੇ ਅੰਦਰ ਹੀ ਪਾਰਕ ਕੀਤਾ ਹੋਇਆ ਸੀ। ਬੰਧਕ ਬਣਾਏ ਗਏ ਚੌਂਕੀਦਾਰਾਂ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਰਾਤ ਦੇ ਕਰੀਬ 12 ਵਜੇ ਤੋਂ ਬਾਅਦ 15 ਦੇ ਕਰੀਬ ਅਣਪਛਾਤੇ ਹਥਿਆਰਬੰਦ ਵਿਅਕਤੀ ਗੁਦਾਮ ਦੀ ਚਾਰਦੀਵਾਰੀ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸੁਰੱਖਿਆ ਕਰਮੀਆਂ ਨੂੰ ਕਾਬੂ ਕਰਕੇ ਬੰਧਕ ਬਣਾਇਆ ਅਤੇ ਫਿਰ ਗੁਦਾਮ ਵਿੱਚ ਪਏ 400 ਦੇ ਕਰੀਬ ਕਣਕ ਦੇ ਤੋੜੇ ਟਰੱਕ ਵਿੱਚ ਲੱਦ ਕੇ ਟਰੱਕ ਸਮੇਤ ਫਰਾਰ ਹੋ ਗਏ। ਟਰੱਕ ਮਾਲਕ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।

ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ: ਪਨਗ੍ਰੇਨ ਅਧਿਕਾਰੀ

ਮੌਕੇ ‘ਤੇ ਪਹੁੰਚੇ ਪਨਗ੍ਰੇਨ ਵਿਭਾਗ ਦੇ ਅਧਿਕਾਰੀ ਨੇ ਲੁੱਟ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੇਰ ਰਾਤ ਆਏ ਲੁਟੇਰਿਆਂ ਨੇ ਚੌਂਕੀਦਾਰ ਨੂੰ ਬੰਧਕ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰੇ ਗੁਦਾਮ ਵਿੱਚੋਂ ਸਰਕਾਰੀ ਕਣਕ ਦੇ 400 ਤੋੜੇ ਚੋਰੀ ਕਰਨ ਦੇ ਨਾਲ-ਨਾਲ ਉੱਥੇ ਖੜ੍ਹਾ ਟਰੱਕ ਵੀ ਆਪਣੇ ਨਾਲ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ, ਤਾਂ ਜੋ ਸਰਕਾਰੀ ਮਾਲ ਦੀ ਬਰਾਮਦਗੀ ਹੋ ਸਕੇ।

ਲਾਈਟ ਬੰਦ ਕਰਕੇ ਅਚਾਨਕ ਕੀਤਾ ਹਮਲਾ

ਲੁਟੇਰਿਆਂ ਦੀ ਹਿੰਸਾ ਦਾ ਸ਼ਿਕਾਰ ਹੋਏ ਚੌਂਕੀਦਾਰ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਦੇਰ ਰਾਤ ਅਚਾਨਕ ਪੂਰੇ ਗੁਦਾਮ ਦੀ ਬਿਜਲੀ ਗੁੱਲ ਹੋ ਗਈ। ਜਦੋਂ ਉਹ ਬਿਜਲੀ ਬੰਦ ਹੋਣ ਦਾ ਕਾਰਨ ਦੇਖਣ ਲਈ ਬਾਹਰ ਨਿਕਲਿਆ, ਤਾਂ ਪਹਿਲਾਂ ਤੋਂ ਹੀ ਇੱਕ ਨੁੱਕਰ ਵਿੱਚ ਲੁਕੇ ਬੈਠੇ ਲੁਟੇਰਿਆਂ ਨੇ ਉਸ ਨੂੰ ਦਬੋਚ ਲਿਆ।

ਲੁਟੇਰੇ ਉਸ ਨੂੰ ਜ਼ਬਰਦਸਤੀ ਅੰਦਰ ਇੱਕ ਕਮਰੇ ਵਿੱਚ ਲੈ ਗਏ, ਜਿੱਥੇ ਗੁਦਾਮ ਦੇ ਹੋਰ ਬਾਕੀ ਸਾਥੀ ਕਰਮਚਾਰੀ ਵੀ ਮੌਜੂਦ ਸਨ। ਲੁਟੇਰਿਆਂ ਨੇ ਸਾਰਿਆਂ ਨੂੰ ਰੱਸੀਆਂ ਨਾਲ ਬੰਧਕ ਬਣਾ ਦਿੱਤਾ ਅਤੇ ਹਥਿਆਰ ਦਿਖਾ ਕੇ ਸਖ਼ਤ ਧਮਕੀ ਦਿੱਤੀ ਕਿ ਜੇਕਰ ਕਿਸੇ ਨੇ ਵੀ ਰੌਲਾ ਪਾਇਆ ਜਾਂ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਪੁਲਿਸ ਵੱਲੋਂ ਕੇਸ ਦਰਜ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਰਕਾਰੀ ਗੁਦਾਮ ਵਿੱਚੋਂ ਕਣਕ ਅਤੇ ਟਰੱਕ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਤੁਰੰਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਵਾਲੀ ਜਗ੍ਹਾ ਅਤੇ ਇਸ ਦੇ ਆਲੇ-ਦੁਆਲੇ ਦੇ ਰਸਤਿਆਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਲੁਟੇਰਿਆਂ ਦੇ ਲੰਘਣ ਦੇ ਰੂਟ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਭੇਜਿਆ ਜਾ ਸਕੇ।

Follow Us