ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ, SGPC ਦੀ ਈਮੇਲ ‘ਤੇ ਆਇਆ ਮੈਸੇਜ
ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ ਤੇ ਸ੍ਰੀ ਦਰਬਾਰ ਸਾਹਿਬ ਨੇੜੇ ਸਖ਼ਤ ਸੁਰੱਖਿਆ ਕਰ ਦਿੱਤੀ ਗਈ ਹੈ। ਡਾਗ ਸੁਕਾਅਡ ਤੇ ਬੰਬ ਨਿਰੋਧਕ ਟੀਮਾਂ ਜਾਂਚ ਕਰ ਰਹੀਆਂ ਹਨ। ਸ੍ਰੀ ਦਰਬਾਰ ਸਾਹਿਬ ਦੇ ਨੇੜੇ ਦੇ ਇਲਾਕਿਆਂ 'ਚ ਵੀ ਜਾਂਚ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਈਮੇਲ ‘ਤੇ ਆਈ ਹੈ। ਈਮੇਲ ‘ਚ ਦਾਅਵਾ ਕੀਤਾ ਗਿਆ ਕਿ ਪਾਈਪਾਂ ‘ਚ ਆਰਡੀਐਕਸ ਭਰ ਕੇ ਸ੍ਰੀ ਦਰਬਾਰ ਸਾਹਿਬ ‘ਚ ਧਮਾਕੇ ਕੀਤੇ ਜਾਣਗੇ। ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ ਤੇ ਸ੍ਰੀ ਦਰਬਾਰ ਸਾਹਿਬ ਨੇੜੇ ਸਖ਼ਤ ਸੁਰੱਖਿਆ ਕਰ ਦਿੱਤੀ ਗਈ ਹੈ। ਡਾਗ ਸੁਕਾਅਡ ਤੇ ਬੰਬ ਨਿਰੋਧਕ ਟੀਮਾਂ ਜਾਂਚ ਕਰ ਰਹੀਆਂ ਹਨ। ਸ੍ਰੀ ਦਰਬਾਰ ਸਾਹਿਬ ਦੇ ਨੇੜੇ ਦੇ ਇਲਾਕਿਆਂ ‘ਚ ਵੀ ਜਾਂਚ ਕੀਤੀ ਜਾ ਰਹੀ ਹੈ।
ਐਸਜੀਪੀਸੀ ਪ੍ਰਧਾਨ ਨੇ ਕੀਤੀ ਪ੍ਰੈੱਸ ਕਾਨਫਰੰਸ
ਇਸ ਮਾਮਲੇ ‘ਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਪਿਛਲੇ ਲੰਬੇ ਸਮੇਂ ਤੋਂ ਸਾਡੀ ਸਮੁੱਚੀ ਮਨੁੱਖਤਾ ਤੇ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਤੇ ਸਮੇਂ-ਸਮੇਂ ‘ਤੇ ਬ੍ਰਿਟਿਸ਼ ਕਾਲ ਤੇ ਮੁਗਲ ਕਾਲ ‘ਚ ਹਮਲੇ ਹੁੰਦੇ ਰਹੇ ਤੇ ਨੁਕਸਾਨ ਵੀ ਪਹੁੰਚਿਆ ਜਾਂਦਾ ਰਿਹਾ ਹੈ। ਇਹ ਮਨੁੱਖਤਾ ਦੇ ਆਸਥਾ ਦੇ ਕੇਂਦਰ ਦੀਆਂ ਗੱਲਾਂ ਕੁੱਝ ਜੀਵਾਂ ਨੂੰ ਚੰਗੀਆਂ ਨਹੀਂ ਲੱਗਦੀਆਂ। 14 ਜੁਲਾਈ ਤੋਂ ਲਗਾਤਾਰ ਐਸਜੀਪੀਸੀ ਦੇ ਈਮੇਲ ‘ਤੇ ਈਮੇਲਾਂ ਕੀਤੀਆ ਗਈਆਂ, ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।
15 ਜੁਲਾਈ ਨੂੰ ਈਮੇਲ ਆਈ, ਇਹ ਈਮੇਲ ਸ੍ਰੀ ਦਰਬਾਰ ਸਾਹਿਬ ਦੇ ਨਾਲ ਐਮਪੀ ਗੁਰਜੀਤ ਸਿੰਘ ਨੂੰ ਵੀ ਮਿਲੀ। ਤੀਜੀ ਈਮੇਲ ਅੱਜ ਸਵੇਰ ਆਈ ਹੈ ਤੇ ਇਸ ਦੇ ਨਾਲ ਸਰਕਾਰ ਦੇ ਆਫਿਸ਼ੀਅਲ ਈਮੇਲ ‘ਤੇ ਵੀ ਇਹ ਧਮਕੀ ਆਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਇਸਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਉਨ੍ਹਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਦੇ ‘ਤੇ ਆਗੂਆਂ ਦੇ ਚੁੱਪੀ ਰੱਖਣ ਨੂੰ ਵੀ ਨਿਸ਼ਾਨਾ ਬਣਾਇਆ।
ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਇਸ ਦੀ ਜਾਂਚ ‘ਚ ਅਜੇ ਤੱਕ ਕੁੱਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਹੈ। ਇਨ੍ਹਾਂ ਧਮਕੀਆਂ ਨਾਲ ਕਿ ਸੰਗਤਾਂ ਦੇ ਦਿਲ ‘ਚ ਡਰ ਪੈਦਾ ਕੀਤਾ ਜਾ ਰਿਹਾ ਤਾਂ ਕਿ ਉਨ੍ਹਾਂ ਦੀ ਗਿਣਤੀ ਘੱਟ ਜਾਵੇ। ਅਸੀਂ ਲਗਾਤਾਰ ਮੰਗ ਕਰ ਰਹੇ ਹਾਂ ਕਿ ਮੁਲਜ਼ਮਾਂ ਦਾ ਪਤਾ ਕਰੋ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਾਰੀਆਂ ਸਰਕਾਰਾਂ ਤੋਂ ਉੱਚਾ ਹੈ, ਇਹ ਗੁਰੂ ਸਾਹਿਬ ਦੀ ਸਰਕਾਰ ਹੈ। ਇਸ ਮੁੱਦੇ ‘ਤੇ ਵੀ ਚੁੱਪੀ ਰੱਖੀ ਜਾ ਰਹੀ ਹੈ। ਘੰਟਿਆਂ ‘ਚ ਹੀ ਜਾਂਚ ਕੀਤੀ ਜਾਣੀ ਚਾਹੀਦੀ ਸੀ ਕਿ ਕਿਸ ਸਰਵਰ ਤੇ ਆਈਪੀ ਐਡਰੈੱਸ ਤੋਂ ਮੇਲ ਆਈ ਹੈ। ਇਸ ‘ਤੇ ਡੂੰਘਾਈ ਤੱਕ ਜਾਂਚ ਕੀਤਾ ਜਾਣੀ ਚਾਹੀਦੀ ਹੈ। ਅਸੀਂ ਆਪਣਾ ਸਟਾਫ਼ ਵੀ ਜਾਂਚ ਲਈ ਲਗਾਇਆ ਹੋਇਆ ਹੈ। ਇਹ ਸਾਜ਼ਿਸ਼ ਲੱਗ ਰਹੀ ਹੈ ਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।