AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੰਮ੍ਰਿਤਸਰ ‘ਚ ਮੁਕਾਬਲੇ ਤੋਂ ਬਾਅਦ ਭਗੌੜਾ ਅਪਰਾਧੀ ਕਾਬੂ: ਪੈਰ ਵਿੱਚ ਲੱਗੀ ਗੋਲੀ, ਗੈਂਗਸਟਰ ਅੰਗਰੇਜ਼ ਨੂੰ ਛੁਡਾਉਣ ਦੀ ਰਚ ਰਿਹਾ ਸੀ ਸਾਜ਼ਿਸ਼

ਅੰਮ੍ਰਿਤਸਰ ਵਿੱਚ ਕਮਿਸ਼ਨਰੇਟ ਪੁਲਿਸ ਅਤੇ ਇੱਕ ਹਥਿਆਰਬੰਦ ਅਪਰਾਧੀ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਨੇ ਭਗੌੜੇ ਸ਼ੱਕੀ, ਆਕਾਸ਼ਦੀਪ ਉਰਫ਼ ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਸ਼ੱਕੀ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਅੰਮ੍ਰਿਤਸਰ 'ਚ ਮੁਕਾਬਲੇ ਤੋਂ ਬਾਅਦ ਭਗੌੜਾ ਅਪਰਾਧੀ ਕਾਬੂ: ਪੈਰ ਵਿੱਚ ਲੱਗੀ ਗੋਲੀ, ਗੈਂਗਸਟਰ ਅੰਗਰੇਜ਼ ਨੂੰ ਛੁਡਾਉਣ ਦੀ ਰਚ ਰਿਹਾ ਸੀ ਸਾਜ਼ਿਸ਼
lalit-sharma
| Updated On: 04 Nov 2026 21:45 PM IST
Share

ਪੰਜਾਬ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਅਪਰਾਧੀਆਂ ਖ਼ਿਲਾਫ਼ ਵਿੱਢੀ ਸਖ਼ਤ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਅਤੇ ਇੱਕ ਨਾਮੀ ਅਪਰਾਧੀ ਵਿਚਾਲੇ ਹੋਏ ਜ਼ਬਰਦਸਤ ਮੁਕਾਬਲੇ ਦੌਰਾਨ ਲੋੜੀਂਦਾ ਬਦਮਾਸ਼ ਆਕਾਸ਼ਦੀਪ ਉਰਫ਼ ਆਕਾਸ਼ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ਪਹੁੰਚਾਇਆ। ਘਟਨਾ ਸਬੰਧੀ ਮੀਡੀਆ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਕਈ ਗੰਭੀਰ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ ਅਤੇ ਪੁਲਿਸ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ।

ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਖ਼ਮੀ ਹੋਇਆ ਮੁਲਜ਼ਮ ਆਕਾਸ਼ਦੀਪ ਉਰਫ਼ ਆਕਾਸ਼, ਕਾਦੀਆਂ (ਪੁਲਿਸ ਜ਼ਿਲ੍ਹਾ ਬਟਾਲਾ) ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੁੱਲ 7 ਅਪਰਾਧਿਕ ਮਾਮਲੇ ਦਰਜ ਹਨ ਅਤੇ ਅਦਾਲਤਾਂ ਵੱਲੋਂ ਉਸ ਨੂੰ ਭਗੌੜਾ (ਪੀ.ਓ.) ਵੀ ਐਲਾਨਿਆ ਜਾ ਚੁੱਕਾ ਸੀ। ਕਮਿਸ਼ਨਰ ਅਨੁਸਾਰ, ਹਾਲ ਹੀ ਵਿੱਚ ਮੁਲਜ਼ਮ ਨੇ ਬਟਾਲਾ ਵਿਖੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿੱਥੇ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ‘ਤੇ ਕਰੀਬ ਢਾਈ ਲੱਖ ਰੁਪਏ ਦੀ ਨਕਦੀ ਲੁੱਟੀ ਗਈ ਸੀ। ਇਸ ਲੁੱਟ ਦੀ ਵਾਰਦਾਤ ਵਿੱਚ ਉਸ ਦੇ ਹੋਰ ਸਾਥੀ ਵੀ ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ ਪੁਲਿਸ ਵੱਲੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।

ਕਮਿਸ਼ਨਰ ਗਿੱਲ ਨੇ ਇੱਕ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਮੁਲਜ਼ਮ ਆਕਾਸ਼ਦੀਪ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਖ਼ਤਰਨਾਕ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਬੰਦ ਨਾਮੀ ਅਪਰਾਧੀ ਅੰਗਰੇਜ਼, ਜਿਸ ਖ਼ਿਲਾਫ਼ ਭੋਲਾ ਕਤਲ ਕੇਸ ਅਤੇ ਕੋਟ ਖਾਲਸਾ ਕਤਲ ਕੇਸ ਸਮੇਤ 15 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ, ਨੂੰ ਪੁਲਿਸ ਹਿਰਾਸਤ ਵਿੱਚੋਂ ਛੁਡਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ। ਇਸ ਸਾਜ਼ਿਸ਼ ਤਹਿਤ ਅਦਾਲਤ ਵਿੱਚ ਪੇਸ਼ੀ ਦੌਰਾਨ ਗੋਲੀਬਾਰੀ ਕਰਕੇ ਜਾਂ ਫਿਰ ਜਨਮਦਿਨ ਅਤੇ ਢਾਬੇ ‘ਤੇ ਰੁਕਣ ਦਾ ਕੋਈ ਬਹਾਨਾ ਬਣਾ ਕੇ ਪੁਲਿਸ ਪਾਰਟੀ ‘ਤੇ ਹਮਲਾ ਕਰਨ ਅਤੇ ਅੰਗਰੇਜ਼ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦੀ ਤਿਆਰੀ ਸੀ। ਹਾਲਾਂਕਿ, ਪੁਲਿਸ ਦੀ ਚੌਕਸੀ ਅਤੇ ਮਨੁੱਖੀ ਤੇ ਤਕਨੀਕੀ ਸੂਚਨਾਵਾਂ ਦੇ ਆਧਾਰ ‘ਤੇ ਉਨ੍ਹਾਂ ਦੀ ਇਹ ਯੋਜਨਾ ਨਾਕਾਮ ਕਰ ਦਿੱਤੀ ਗਈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਖੁਫ਼ੀਆ ਸੂਚਨਾਵਾਂ ਅਤੇ ਸੀਸੀਟੀਵੀ ਕੈਮਰਿਆਂ ਦੀ ਮੈਪਿੰਗ ਰਾਹੀਂ ਪੁਲਿਸ ਵੱਲੋਂ ਸ਼ੱਕੀ ਰਸਤਿਆਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਜਦੋਂ ਪੁਲਿਸ ਟੀਮ ਨੇ ਮੁਲਜ਼ਮ ਨੂੰ ਘੇਰ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ‘ਤੇ ਸਿੱਧੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਪਹਿਲਾਂ ਉਸ ਨੂੰ ਆਤਮ-ਸਮਰਪਣ ਕਰਨ ਦੀ ਚਿਤਾਵਨੀ ਦਿੱਤੀ ਗਈ, ਪਰ ਬਦਮਾਸ਼ ਨੇ ਲਗਾਤਾਰ ਦੋ ਰਾਊਂਡ ਫਾਇਰ ਕੀਤੇ। ਇਸ ਦੇ ਜਵਾਬ ਵਿੱਚ ਪੁਲਿਸ ਟੀਮ ਨੇ ਆਪਣੀ ਰੱਖਿਆ ਲਈ ਦੋ ਰਾਊਂਡ ਜਵਾਬੀ ਫਾਇਰਿੰਗ ਕੀਤੀ। ਇਸ ਦੌਰਾਨ ਇੱਕ ਗੋਲੀ ਆਕਾਸ਼ਦੀਪ ਦੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਉੱਥੇ ਹੀ ਡਿੱਗ ਪਿਆ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਘਟਨਾ ਸਥਾਨ ਤੋਂ ਪੁਲਿਸ ਨੇ .30 ਬੋਰ ਦਾ ਇੱਕ ਪਿਸਤੌਲ, ਦੋ ਚੱਲੇ ਹੋਏ ਖਾਲੀ ਖੋਲ, ਤਿੰਨ ਜ਼ਿੰਦਾ ਕਾਰਤੂਸ ਅਤੇ ਇੱਕ ਸਕੂਟਰ ਬਰਾਮਦ ਕੀਤਾ ਹੈ। ਬਰਾਮਦ ਕੀਤਾ ਗਿਆ ਸਕੂਟਰ ਅੰਮ੍ਰਿਤਸਰ ਨੰਬਰ ਦਾ ਹੈ। ਪੁਲਿਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਾਹਨ ਚੋਰੀ ਦਾ ਹੈ ਜਾਂ ਮੁਲਜ਼ਮਾਂ ਨੇ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਹਾਸਲ ਕੀਤਾ ਸੀ।

ਪੁਲਿਸ ਕਮਿਸ਼ਨਰ ਨੇ ਅੰਤ ਵਿੱਚ ਸਪੱਸ਼ਟ ਕੀਤਾ ਕਿ ਇਸ ਗਿਰੋਹ ਵਿੱਚ ਸ਼ਾਮਲ ਬਾਕੀ ਚਾਰ ਸਾਥੀਆਂ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

Follow Us