ਅੰਮ੍ਰਿਤਸਰ ‘ਚ ਬੈਂਕ ATM ਦੇ ਲੁੱਟ ਦੀ ਕੋਸ਼ਿਸ਼ ਨਾਕਾਮ, ਪੁਲਿਸ ਨੇ 2 ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ, 3 ਪਿਸਤੌਲ ਬਰਾਮਦ
ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ ਇੱਕ ਬਲੈਰੋ ਕੈਂਪਰ, ਤਿੰਨ ਪਿਸਤੌਲ, ਜਿਨ੍ਹਾਂ ਵਿੱਚ .32 ਬੋਰ, .30 ਬੋਰ ਅਤੇ ਇੱਕ ਖਿਡੌਣਾ ਪਿਸਤੌਲ ਸ਼ਾਮਲ ਹੈ। ਇਸ ਤੋਂ ਇਲਾਵਾ ਗੈਸ ਕਟਰ, ਰੱਸਾ, ਹੈਲਮੇਟ ਅਤੇ ATM ਕੱਟਣ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਥਾਣਾ ਕੰਬੋਅ ਅਧੀਨ ਫ਼ਤਹਿਗੜ੍ਹ ਸ਼ੁਕਰਚੱਕ ਰੋਡ ‘ਤੇ ਸਥਿਤ HDFC ਬੈਂਕ ਦੇ ATM ਨੂੰ ਤੋੜ ਕੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਹਥਿਆਰਾਂ ਸਮੇਤ ਵਾਰਦਾਤ ਲਈ ਵਰਤਿਆ ਜਾਣ ਵਾਲਾ ਸਾਮਾਨ ਅਤੇ ਬਲੈਰੋ ਕੈਂਪਰ ਗੱਡੀ ਵੀ ਬਰਾਮਦ ਕੀਤੀ ਹੈ।
ATM ਦੇ ਲੁੱਟ ਦੀ ਕੋਸ਼ਿਸ਼ ਨਾਕਾਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਦਿਹਾਤੀ ਕਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ 30 ਸਤੰਬਰ ਦੀ ਰਾਤ ਨੂੰ ਫ਼ਤਹਿਗੜ੍ਹ ਸ਼ੁਕਰਚੱਕ ਰੋਡ ‘ਤੇ HDFC ਬੈਂਕ ਦੇ ATM ਨੂੰ ਤੋੜ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਬੈਂਕ ਮੈਨੇਜਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਕੰਬੋਅ ਵਿਖੇ ਮੁਕੱਦਮਾ ਨੰਬਰ 222 ਦਰਜ ਕੀਤਾ ਗਿਆ ਸੀ। ਮਾਮਲੇ ਨੂੰ ਸੁਲਝਾਉਣ ਲਈ ਐਸ.ਪੀ. (ਡੀ), ਡੀ.ਐਸ.ਪੀ. (ਡੀ), CIA, ਡੀ.ਐਸ.ਪੀ. ਅਟਾਰੀ ਅਤੇ ਐਸ.ਐਚ.ਓ. ਕੰਬੋਅ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ। ਟੈਕਨੀਕਲ ਸੈੱਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਪੁਲਿਸ ਨੇ ਦੋਵੇਂ ਮੁੱਖ ਮੁਲਜ਼ਮਾਂ ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਬਿਆਸ ਤੋਂ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ ਇੱਕ ਬਲੈਰੋ ਕੈਂਪਰ, ਤਿੰਨ ਪਿਸਤੌਲ, ਜਿਨ੍ਹਾਂ ਵਿੱਚ .32 ਬੋਰ, .30 ਬੋਰ ਅਤੇ ਇੱਕ ਖਿਡੌਣਾ ਪਿਸਤੌਲ ਸ਼ਾਮਲ ਹੈ। ਇਸ ਤੋਂ ਇਲਾਵਾ ਗੈਸ ਕਟਰ, ਰੱਸਾ, ਹੈਲਮੇਟ ਅਤੇ ATM ਕੱਟਣ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।
ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਐਸ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮ ਵਾਰਦਾਤ ਤੋਂ ਪਹਿਲਾਂ ATM ਦੀ ਰੇਕੀ ਕਰਦੇ ਸਨ ਅਤੇ ਵਾਰਦਾਤ ਸਮੇਂ ਹੈਲਮੇਟ ਪਾ ਕੇ ATM ਅੰਦਰ ਲੱਗੇ CCTV ਕੈਮਰਿਆਂ ਤੇ ਸਪਰੇਅ ਕਰ ਦਿੰਦੇ ਸਨ। 30 ਸਤੰਬਰ ਦੀ ਰਾਤ ਕਰੀਬ ਡੇਢ ਵਜੇ ਜਦੋਂ ਉਹ ATM ਤੋੜ ਰਹੇ ਸਨ ਤਾਂ ਪੁਲਿਸ ਦੀ ERV ਪੈਟਰੋਲਿੰਗ ਪਾਰਟੀ ਦਾ ਹੂਟਰ ਸੁਣ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮਾਂ ਦਾ ਪਹਿਲਾਂ ਵੀ ਗੰਭੀਰ ਅਪਰਾਧਿਕ ਰਿਕਾਰਡ ਹੈ। ਕੁਲਦੀਪ ਸਿੰਘ ਖ਼ਿਲਾਫ਼ ਤਿੰਨ ਮਾਮਲੇ ਦਰਜ ਹਨ। ਜਿਨ੍ਹਾਂ ਵਿੱਚ ਇੱਕ ਕਿਲੋ ਹੈਰੋਇਨ ਅਤੇ 2013 ਵਿੱਚ ਗਿੱਦੜਬਾਹਾ ਵਿਖੇ ਬੈਂਕ ਆਫ਼ ਪਟਿਆਲਾ ਦੀ 48 ਲੱਖ ਰੁਪਏ ਦੀ ਡਕੈਤੀ ਦਾ ਮਾਮਲਾ ਵੀ ਸ਼ਾਮਲ ਹੈ। ਹਰਪ੍ਰੀਤ ਸਿੰਘ ਖ਼ਿਲਾਫ਼ NDPS ਐਕਟ, ਅਸਲਾ ਐਕਟ ਅਤੇ ਗਿੱਦੜਬਾਹਾ ਬੈਂਕ ਡਕੈਤੀ ਸਮੇਤ ਚਾਰ ਮਾਮਲੇ ਦਰਜ ਹਨ। ਦੋਵੇਂ ਮੁਲਜ਼ਮ ਹਾਈ ਕੋਰਟ ਤੋਂ ਜ਼ਮਾਨਤ ਤੇ ਬਾਹਰ ਆਏ ਹੋਏ ਸਨ। ਪੁਲਿਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੀਆਂ ਹੋਰ ਵਾਰਦਾਤਾਂ ਅਤੇ ਬਾਕੀ ਸਾਥੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।


