ਅੰਮ੍ਰਿਤਪਾਲ ਸਿੰਘ ਨੂੰ ਕਿਉਂ ਤੇ ਕਿਵੇਂ ਮਿਲੀ ਵੀਡੀਓ ਕਾਲ ਦੀ ਇਜਾਜ਼ਤ? ਵਕੀਲ ਨੇ ਦਿੱਤੀ ਅਦਾਲਤੀ ਕਾਰਵਾਈ ਦੀ ਜਾਣਕਾਰੀ
ਐਡਵੋਕੇਟ ਰਿਤੂਰਾਜ ਸੰਧੂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੀ ਸਿਹਤ ਕਾਫ਼ੀ ਗੰਭੀਰ ਹੈ ਤੇ ਉਹ ਹਸਪਤਾਲ 'ਚ ਦਾਖਲ ਸਨ। ਪਰਿਵਾਰ ਤੇ ਦਾਦੀ ਨਾਲ ਉਨ੍ਹਾਂ ਦੇ ਭਾਵਨਾਤਮਕ ਰਿਸ਼ਤੇ ਨੂੰ ਦੇਖਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ। ਵਕੀਲ ਨੇ ਕਿਹਾ ਕਿ ਪਿਛਲੇ ਲਗਭਗ ਸਾਢੇ ਤਿੰਨ ਸਾਲਾਂ ਤੋਂ ਅੰਮ੍ਰਿਤਪਾਲ ਸਿੰਘ ਆਪਣੇ ਪਰਿਵਾਰ ਤੋਂ ਦੂਰ ਹਨ ਤੇ ਉਨ੍ਹਾਂ ਦੀ ਪਰਿਵਾਰ ਨਾਲ ਸਿੱਧੀ ਮੁਲਾਕਾਤ ਜਾਂ ਗੱਲਬਾਤ ਨਹੀਂ ਹੋ ਸਕੀ।
ਅੰਮ੍ਰਿਤਸਰ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਿਤੂਰਾਜ ਸੰਧੂ ਨੇ ਅਦਾਲਤ ਵੱਲੋਂ ਮਿਲੀ ਹਾਲੀਆ ਰਾਹਤ ਤੇ ਚੱਲ ਰਹੇ ਕਾਨੂੰਨੀ ਮਾਮਲਿਆਂ ਸਬੰਧੀ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਐੱਫਆਈਆਰ ਨੰਬਰ 39 ਨਾਲ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਪਰਿਵਾਰ ਤੇ ਬਿਮਾਰ ਦਾਦੀ ਨਾਲ ਗੱਲਬਾਤ ਕਰਨ ਲਈ ਵੀਡੀਓ ਕਾਲ ਦੀ ਇਜਾਜ਼ਤ ਦੇ ਦਿੱਤੀ ਹੈ।
ਹਸਪਤਾਲ ‘ਚ ਦਾਖਲ ਸਨ ਦਾਦੀ, ਸਾਢੇ ਤਿੰਨ ਸਾਲ ਤੋਂ ਨਹੀਂ ਹੋਈ ਮੁਲਾਕਾਤ
ਐਡਵੋਕੇਟ ਰਿਤੂਰਾਜ ਸੰਧੂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੀ ਸਿਹਤ ਕਾਫ਼ੀ ਗੰਭੀਰ ਹੈ ਤੇ ਉਹ ਹਸਪਤਾਲ ‘ਚ ਦਾਖਲ ਸਨ। ਪਰਿਵਾਰ ਤੇ ਦਾਦੀ ਨਾਲ ਉਨ੍ਹਾਂ ਦੇ ਭਾਵਨਾਤਮਕ ਰਿਸ਼ਤੇ ਨੂੰ ਦੇਖਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ। ਵਕੀਲ ਨੇ ਕਿਹਾ ਕਿ ਪਿਛਲੇ ਲਗਭਗ ਸਾਢੇ ਤਿੰਨ ਸਾਲਾਂ ਤੋਂ ਅੰਮ੍ਰਿਤਪਾਲ ਸਿੰਘ ਆਪਣੇ ਪਰਿਵਾਰ ਤੋਂ ਦੂਰ ਹਨ ਤੇ ਉਨ੍ਹਾਂ ਦੀ ਪਰਿਵਾਰ ਨਾਲ ਸਿੱਧੀ ਮੁਲਾਕਾਤ ਜਾਂ ਗੱਲਬਾਤ ਨਹੀਂ ਹੋ ਸਕੀ।
ਅੰਤਰਿਮ ਜ਼ਮਾਨਤ ਪਟੀਸ਼ਨ ਤੇ ਅਦਾਲਤ ਦਾ ਫੈਸਲਾ
ਵਕੀਲ ਸੰਧੂ ਮੁਤਾਬਕ, ਉਨ੍ਹਾਂ ਵੱਲੋਂ ਅਦਾਲਤ ‘ਚ ਅੰਤਰਿਮ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ, ਤਾਂ ਜੋ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਬਿਮਾਰ ਦਾਦੀ ਨਾਲ ਨਿੱਜੀ ਤੌਰ ਤੇ ਮਿਲਣ ਦੀ ਇਜਾਜ਼ਤ ਮਿਲ ਸਕੇ। ਹਾਲਾਂਕਿ ਸੁਣਵਾਈ ਦੌਰਾਨ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਦੀ ਦਾਦੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਇਸ ਤੋਂ ਬਾਅਦ ਅਦਾਲਤ ਨੇ ਸਥਿਤੀ ਨੂੰ ਦੇਖਦਿਆਂ ਹੁਕਮ ਦਿੱਤਾ ਕਿ ਅਗਲੇ 5 ਦਿਨਾਂ ਦੇ ਅੰਦਰ ਅੰਮ੍ਰਿਤਪਾਲ ਸਿੰਘ ਆਪਣੇ ਪਰਿਵਾਰ ਨਾਲ 10 ਮਿੰਟ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਕਰ ਸਕਣਗੇ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣ ਸਕਣਗੇ। ਵੀਡੀਓ ਕਾਲ ਦੀ ਤਾਰੀਖ ਤੇ ਸਮਾਂ ਹੁਣ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਤੈਅ ਕੀਤਾ ਜਾਵੇਗਾ।
ਅਦਾਲਤੀ ਕਾਰਵਾਈ ਤੇ ਸਿਆਸੀ ਦਬਾਅ ਦੇ ਇਲਜ਼ਾਮ
ਮਾਮਲੇ ਦੀ ਕਾਨੂੰਨੀ ਸਥਿਤੀ ਬਾਰੇ ਗੱਲ ਕਰਦਿਆਂ ਐਡਵੋਕੇਟ ਰਿਤੂਰਾਜ ਸੰਧੂ ਨੇ ਦੱਸਿਆ ਕਿ ਕੇਸ ‘ਚ ਸਬੂਤਾਂ ਦੀ ਜਾਂਚ ਅਤੇ ਗਵਾਹਾਂ ਦੀ ਜਿਰਹ ਦੀ ਪ੍ਰਕਿਰਿਆ ਜਾਰੀ ਹੈ। ਆਉਣ ਵਾਲੀਆਂ ਚੋਣਾਂ ਤੇ ਸਿਆਸੀ ਸਥਿਤੀ ਨਾਲ ਜੁੜੇ ਸਵਾਲਾਂ ਤੇ ਵਕੀਲ ਸੰਧੂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਦੇ ਦਬਾਅ ਤੇ ਡਰ ਕਾਰਨ ਨਾ ਤਾਂ ਉਨ੍ਹਾਂ ਦੀ ਪਾਰਟੀ ਨੂੰ ਰਜਿਸਟਰ ਹੋਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਵਕੀਲ ਸੰਧੂ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਇਹ ਕਾਰਵਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੀ ਵੱਧ ਰਹੀ ਸਿਆਸੀ ਲੋਕਪ੍ਰਿਯਤਾ ਨੂੰ ਲੈ ਕੇ ਸਰਕਾਰ ਦੀ ਚਿੰਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ ਨੂੰ ਸਿਆਸੀ ਤੇ ਨਿੱਜੀ ਪੱਧਰ ਤੇ ਰਾਹਤ ਨਹੀਂ ਦਿੱਤੀ ਜਾ ਰਹੀ।


