ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਸਿੰਘ ਚੀਮਾ ‘ਤੇ ਗੋਲੀਬਾਰੀ, ਬਾਈਕ ਸਵਾਰ 2 ਬਦਮਾਸ਼ਾਂ ਨੇ ਕੀਤਾ ਹਮਲਾ
ਦੋਰਾਹਾ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਸਿੰਘ ਚੀਮਾ 'ਤੇ ਗੋਲੀਆਂ ਚੱਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ, ਪਹਿਲਾਂ 2 ਬਾਈਕ ਸਵਾਰਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਗੱਡੀ ਨਾ ਰੋਕਣ 'ਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਗੋਲੀਬਾਰੀ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਲੁਧਿਆਣਾ ਦੇ ਦੋਰਾਹਾ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ‘ਤੇ ਫਾਇਰਿੰਗ ਹੋਈ ਹੈ। ਇਹ ਗੋਲੀਬਾਰੀ ਉਸ ਵੇਲੇ ਹੋਈ ਜਦੋਂ ਜਸਵੰਤ ਸਿੰਘ ਚੀਮਾ ਆਪਣੀ ਇਨੋਵਾ ਗੱਡੀ ਤੋਂ ਦੋਰਾਹਾ ਵਾਪਸ ਆ ਰਹੇ ਸਨ। ਹਮਲਾਵਰਾਂ ਨੇ ਅਕਾਲੀ ਆਗੂ ਦੀ ਗੱਡੀ ਦਾ ਪਿੱਛਾ ਕੀਤਾ। ਇਸ ਦੌਰਾਨ ਦੋਰਾਹਾ ਗੁਰਥਲੀ ਪੁਲ ਨੇੜੇ ਬਾਈਕ ਸਵਾਰਾਂ ਵੱਲੋਂ ਉਨ੍ਹਾਂ ‘ਤੇ ਗੋਲੀਆਂ ਚੱਲਾਈਆਂ ਗਈਆਂ।
ਦੱਸ ਦਈਏ ਕਿ ਹਮਲਾਵਰਾਂ ਵੱਲੋਂ ਜੋ ਗੋਲੀਆਂ ਚਲਾਈਆਂ ਗਈਆਂ ਉਹ ਜਸਵੰਤ ਸਿੰਘ ਚੀਮਾ ਦੀ ਗੱਡੀ ਦੀ ਖਿੜਕੀ ‘ਤੇ ਲੱਗੀਆਂ। ਗੋਲੀ ਚੱਲਣ ਤੋਂ ਬਾਅਦ ਵੀ ਚੀਮਾ ਦੀ ਗੱਡੀ ਨਹੀਂ ਰੁਕੀ। ਚੀਮਾ ਗੱਡੀ ਨੂੰ ਦੌੜਾ ਕੇ ਸਿੱਧਾ ਦੋਰਾਹਾ ਥਾਣੇ ਪਹੁੰਚ ਗਏ। ਉਨ੍ਹਾਂ ਨੇ ਦੋਰਾਹਾ ਥਾਣੇ ਵਿੱਚ ਇਸ ਮਾਮਲੇ ਦੀ ਜਾਣਕਾਰੀ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ, ਦੋਰਾਹਾ ਦੇ ਗੁਰਥਲੀ ਪੁਲ ਨੇੜੇ 2 ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹਨੇਰਾ ਹੋਣ ਕਾਰਨ ਜਸਵੰਤ ਚੀਮਾ ਨੂੰ ਸ਼ੱਕੀਆਂ ਤੇ ਸ਼ੱਕ ਹੋਇਆ, ਜਿਸ ਦੇ ਚਲਦਿਆਂ ਉਨ੍ਹਾਂ ਨੇ ਗੱਡੀ ਨਹੀਂ ਰੋਕੀ ਅਤੇ ਅੱਗੇ ਵਧਾ ਦਿੱਤੀ। ਇਸ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਹ ਗੋਲੀਆਂ ਉਨ੍ਹਾਂ ਦੀ ਇਨੋਵਾ ਕਾਰ ਦੀ ਖਿੜਕੀ ‘ਤੇ ਜਾ ਲਗੀਆਂ। ਇਸ ਗੋਲੀਬਾਰੀ ਵਿੱਚ ਜਸਵੰਤ ਸਿੰਘ ਨੂੰ ਕੋਈ ਵੀ ਸ਼ਰੀਰਕ ਨੁਕਸਾਨ ਨਹੀਂ ਹੋਇਆ।
ਕਾਨੂੰਨ ਵਿਵਸਾਥਾ ‘ਤੇ ਉੱਠੇ ਸਵਾਲ
ਜਿਵੇਂ ਹੀ ਇਸ ਘਟਨਾ ਦੀ ਸੂਚਨਾ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸੰਦੀਪ ਸਿੰਘ ਰੁਪਾਲੋਂ ਨੂੰ ਮਿਲੀ ਉਹ ਦੋਰਾਹਾ ਥਾਣੇ ਪਹੁੰਚ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਦੀ ਲਿਖਿਤ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਹੋਈਆਂ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਚੁੱਕੇ।
ਪੁਲਿਸ ਹਮਲਾਵਾਰਾਂ ਦੀ ਪਛਾਣ ਲਈ ਖੰਗਾਲ ਰਹੀ ਸੀਸੀਟੀਵੀ
ਦੋਰਾਹਾ ਪੁਲਿਸ ਥਾਣੇ ਦੇ ਐਸਐਚਓ ਆਕਾਸ਼ ਦੱਤ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰੀਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ, ਤਾਂ ਜੋ ਅਣਪਛਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਸਕੇ। ਇਸ ਦੌਰਾਨ ਐਸਐਚਓ ਨੇ ਜਲਦ ਹੀ ਮਾਮਲੇ ਦਾ ਖੁਲਾਸਾ ਕਰਨ ਦਾ ਭਰੋਸਾ ਦਿੱਤਾ ਹੈ।


