ਪੰਜਾਬ ‘ਚ ਛਾਇਆ ਹਨੇਰਾ ਤੇ ਵੱਜੇ ਸਾਇਰਨ, 15 ਮਿੰਟ ਤੱਕ ਰਿਹਾ ਪੂਰਨ ਬਲੈਕਆਊਟ; ਹੋਈ ਮੌਕ ਡਰਿਲ
ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤਹਿਤ ਪੰਜਾਬ ਦੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਸਮੇਤ ਚੰਡੀਗੜ੍ਹ ਵਿੱਚ ਸਿਵਲ ਡਿਫੈਂਸ ਤਿਆਰੀਆਂ ਪਰਖਣ ਲਈ ਏਅਰ ਰੇਡ ਮੌਕ ਡਰਿਲ ਹੋਈ। ਇਸ ਦੌਰਾਨ ਸਾਇਰਨ ਵਜਾ ਕੇ 15 ਤੋਂ 20 ਮਿੰਟ ਤੱਕ ਪੂਰਨ ਬਲੈਕਆਊਟ ਕੀਤਾ ਗਿਆ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁੱਕਰਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਦੀ ਸਮਰੱਥਾ ਨੂੰ ਪਰਖਣ ਲਈ ਵਿਸ਼ੇਸ਼ ਏਅਰ ਰੇਡ ਮੌਕ ਡਰਿਲ ਅਤੇ ਬਲੈਕਆਊਟ ਅਭਿਆਸ ਕਰਵਾਇਆ ਗਿਆ। ਇਸ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 15 ਮਿੰਟ ਅਤੇ ਚੰਡੀਗੜ੍ਹ ਵਿੱਚ 20 ਮਿੰਟ ਤੱਕ ਬਿਜਲੀ ਬੰਦ ਰੱਖ ਕੇ ਪੂਰਨ ਬਲੈਕਆਊਟ ਕੀਤਾ ਗਿਆ। ਇਸ ਅਭਿਆਸ ਦੀ ਸ਼ੁਰੂਆਤ ਜਲੰਧਰ ਤੋਂ ਹੋਈ, ਜਿਸ ਤੋਂ ਬਾਅਦ ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਚੰਡੀਗੜ੍ਹ ਸਮੇਤ ਹੋਰ ਥਾਵਾਂ ‘ਤੇ ਸਾਇਰਨ ਵਜਾ ਕੇ ਹਵਾਈ ਹਮਲੇ ਦੀ ਚੇਤਾਵਨੀ ਦਿੱਤੀ ਗਈ। ਆਮ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ, ਹਾਲਾਂਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ਨਿਰਵਿਘਨ ਜਾਰੀ ਰਹੀਆਂ।
ਚੰਡੀਗੜ੍ਹ ਦੇ ਸੈਕਟਰ-22 ‘ਚ 20 ਮਿੰਟ ਤੱਕ ਰਿਹਾ ਬਲੈਕਆਊਟ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਾਮ 7 ਵਜੇ ਤੋਂ 20 ਮਿੰਟ ਤੱਕ ਬਿਜਲੀ ਬੰਦ ਰੱਖੀ ਗਈ। ਸੈਕਟਰ-22 ਵਿੱਚ ਬਲੈਕਆਊਟ ਦੇ ਨਾਲ-ਨਾਲ ਏਅਰ ਰੇਡ ਵਾਰਨਿੰਗ ਸਾਇਰਨ ਲਗਾਤਾਰ ਵੱਜਦੇ ਰਹੇ। ਡਰਿਲ ਦੀ ਸ਼ੁਰੂਆਤ ਦੋ ਮਿੰਟ ਤੱਕ ਉੱਚੀ ਅਤੇ ਧੀਮੀ ਆਵਾਜ਼ ਵਾਲੇ ਸਾਇਰਨ ਨਾਲ ਹੋਈ। ਪ੍ਰਸ਼ਾਸਨ ਵੱਲੋਂ ਚਲਾਈ ਗਈ ਇਸ ਮੌਕ ਡਰਿਲ ਦਾ ਮੁੱਖ ਮਕਸਦ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ।
ਜਲੰਧਰ ਦੇ ਡੀ.ਸੀ. ਦਫ਼ਤਰ ‘ਚ ਕੀਤਾ ਗਿਆ ਹਨੇਰਾ
ਮੌਕ ਡਰਿਲ ਦੌਰਾਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਨਿਰਧਾਰਤ ਇਲਾਕਿਆਂ ਵਿੱਚ ਬਲੈਕਆਊਟ ਕੀਤਾ ਗਿਆ। ਇਨ੍ਹਾਂ ਖੇਤਰਾਂ ਦੇ ਨਿਵਾਸੀਆਂ ਨੂੰ ਇਹ ਨਿਰਦੇਸ਼ ਵੀ ਦਿੱਤੇ ਗਏ ਸਨ ਕਿ ਲੋਕ ਅਭਿਆਸ ਦੌਰਾਨ ਆਪਣੇ ਘਰਾਂ ਅਤੇ ਦਫ਼ਤਰਾਂ ਦੀਆਂ ਜ਼ਿਆਦਾਤਰ ਲਾਈਟਾਂ ਬੰਦ ਰੱਖਣ। ਹਾਲਾਂਕਿ, ਇਸ ਪੂਰੀ ਪ੍ਰਕਿਰਿਆ ਦੌਰਾਨ ਹਸਪਤਾਲਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਸੁਚਾਰੂ ਰੂਪ ਵਿੱਚ ਜਾਰੀ ਰੱਖਿਆ ਗਿਆ। ਅਭਿਆਸ ਦੀ ਸਮਾਪਤੀ ‘ਤੇ ਲਗਾਤਾਰ ਸਾਇਰਨ ਵਜਾ ਕੇ ‘ਆਲ ਕਲੀਅਰ’ ਦਾ ਸੰਕੇਤ ਦਿੱਤਾ ਗਿਆ।
ਡਿਪਟੀ ਕਮਿਸ਼ਨਰ (DC) ਦਫ਼ਤਰ ਕੰਪਲੈਕਸ ਵਿੱਚ ਲਾਈਟਾਂ ਬੰਦ ਕਰਕੇ ਪੂਰੀ ਤਰ੍ਹਾਂ ਹਨੇਰਾ (ਬਲੈਕਆਊਟ) ਕਰ ਦਿੱਤਾ ਗਿਆ। ਹੰਗਾਮੀ ਹਾਲਾਤਾਂ ਨਾਲ ਨਜਿੱਠਣ ਦੇ ਇਸ ਅਭਿਆਸ ਦੌਰਾਨ ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਸੇਵਾਵਾਂ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ।

ਲੁਧਿਆਣਾ ਦੇ PAU ‘ਚ ਚੱਲਿਆ ਅਭਿਆਨ
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵਿਖੇ ਵਿਸ਼ੇਸ਼ ਮੌਕ ਡਰਿਲ ਅਭਿਆਨ ਚਲਾਇਆ ਗਿਆ, ਜਿਸ ਵਿੱਚ ਫਾਇਰ ਬ੍ਰਿਗੇਡ, ਐੱਨ.ਡੀ.ਆਰ.ਐੱਫ. (NDRF), ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਮੌਜੂਦ ਰਹੀਆਂ। ਇਸ ਦੌਰਾਨ ਵੱਖ-ਵੱਖ ਟੁਕੜੀਆਂ ਨੇ ਐਮਰਜੈਂਸੀ ਹਾਲਾਤਾਂ ਨੂੰ ਸੰਭਾਲਣ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਅਭਿਆਸ ਕਰਕੇ ਆਪਣੀ ਭੂਮਿਕਾ ਦਿਖਾਈ।
ਇਹ ਵੀ ਪੜ੍ਹੋ
ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ.ਡੀ.ਐੱਮ. (ਪੱਛਮੀ) ਰਿਸ਼ਭ ਬਾਂਸਲ ਨੇ ਦੱਸਿਆ ਕਿ ਅੱਜ 15 ਮਿੰਟ ਲਈ ਬਲੈਕਆਊਟ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ ‘ਤੇ ਅਜਿਹੇ ਮੌਕ ਡਰਿਲ ਅਭਿਆਨ ਚਲਾਏ ਜਾਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਕੋਈ ਹਾਲਾਤ ਨਹੀਂ ਹਨ ਕਿ ਕਿਸੇ ਨੂੰ ਘਬਰਾਉਣ (ਪੈਨਿਕ ਹੋਣ) ਦੀ ਲੋੜ ਪਵੇ। ਉਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ।
ਹੁਸ਼ਿਆਰਪੁਰ ‘ਚ DC ਦੀ ਅਗਵਾਈ ਹੇਠ ਸਫ਼ਲ ਰਹੀ ਮੌਕ ਡਰਿਲ
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿਲ ਸਫ਼ਲਤਾਪੂਰਵਕ ਕਰਵਾਈ ਗਈ। ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਸਥਾਪਤ ਅਭਿਆਸ ਸਥਾਨ ‘ਤੇ ਸ਼ਾਮ 8 ਵਜੇ ਸਿਵਲ ਡਿਫੈਂਸ ਕੰਟਰੋਲ ਸੈਂਟਰ ਤੋਂ ਰੈੱਡ ਸਿਗਨਲ ਜਾਰੀ ਹੋਣ ਦੇ ਨਾਲ ਕਾਰਵਾਈ ਸ਼ੁਰੂ ਹੋਈ। ਇਸ ਤੋਂ ਪਹਿਲਾਂ ਸ਼ਾਮ 7:58 ਵਜੇ ਪੂਰੇ ਜ਼ਿਲ੍ਹੇ ਵਿੱਚ ਦੋ ਮਿੰਟ ਤੱਕ ਹਾਈ ਅਤੇ ਲੋਅ ਪਿੱਚ ਸਾਇਰਨ ਵਜਾ ਕੇ ਏਅਰ ਰੇਡ ਅਲਰਟ ਦਾ ਸੰਕੇਤ ਦਿੱਤਾ ਗਿਆ, ਜਿਸ ਤੋਂ ਬਾਅਦ ਪਾਵਰਕੌਮ ਵਿਭਾਗ ਵੱਲੋਂ ਰਾਤ 8 ਵਜੇ ਤੋਂ 8:15 ਵਜੇ ਤੱਕ ਪੂਰੇ ਜ਼ਿਲ੍ਹੇ ਵਿੱਚ ਪੂਰਨ ਬਲੈਕਆਊਟ ਲਾਗੂ ਕੀਤਾ ਗਿਆ।
ਬਲੈਕਆਊਟ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੇ ਆਪਸੀ ਤਾਲਮੇਲ ਨਾਲ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਲਾਈਟਾਂ ਬੰਦ ਕਰਵਾਈਆਂ। ਖ਼ਤਰਾ ਟਲਣ ਦਾ ਸੰਕੇਤ ਮਿਲਣ ‘ਤੇ ਕੰਟਰੋਲ ਸੈਂਟਰ ਤੋਂ ਗ੍ਰੀਨ ਸਿਗਨਲ ਜਾਰੀ ਹੋਇਆ, ਜਿਸ ਮਗਰੋਂ ਪਾਵਰਕੌਮ ਨੇ ਬਲੈਕਆਊਟ ਖ਼ਤਮ ਕੀਤਾ ਅਤੇ ਲਗਾਤਾਰ ਦੋ ਮਿੰਟ ਤੱਕ ਹਾਈ ਪਿੱਚ ਸਾਇਰਨ ਵਜਾ ਕੇ ‘ਆਲ ਕਲੀਅਰ’ ਦਾ ਸੰਕੇਤ ਦਿੱਤਾ ਗਿਆ।
ਅੰਮ੍ਰਿਤਸਰ ‘ਚ ਵੀ ਰਾਤ 8 ਵਜੇ ਪਰਖੀਆਂ ਗਈਆਂ ਤਿਆਰੀਆਂ
ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਵੀ ਸਿਵਲ ਡਿਫੈਂਸ ਵਿਭਾਗ ਵੱਲੋਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਪਰਖ ਕਰਨ ਲਈ ਵਿਸ਼ੇਸ਼ ਮੌਕ ਡਰਿਲ ਅਤੇ ਬਲੈਕਆਊਟ ਐਕਸਰਸਾਈਜ਼ ਕੀਤੀ ਗਈ। ਸਿਵਲ ਡਿਫੈਂਸ ਅਧਿਕਾਰੀ ਐੱਮ. ਐੱਸ. ਰੰਧਾਵਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤਹਿਤ ਸਾਲ ਵਿੱਚ ਦੋ ਵਾਰ ਕਰਵਾਈ ਜਾਣ ਵਾਲੀ ਇਸ ਰਿਹਰਸਲ ਦਾ ਮੁੱਖ ਮਕਸਦ ਜੰਗ ਜਾਂ ਕਿਸੇ ਵੀ ਐਮਰਜੈਂਸੀ ਹਾਲਾਤਾਂ ਦੌਰਾਨ ਪ੍ਰਸ਼ਾਸਨਿਕ ਵਿਭਾਗਾਂ ਦੀ ਮੁਸਤੈਦੀ ਅਤੇ ਆਪਸੀ ਤਾਲਮੇਲ ਦੀ ਜਾਂਚ ਕਰਨਾ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇੱਕ ਬਾਰਡਰ ਜ਼ੋਨ ਦਾ ਜ਼ਿਲ੍ਹਾ ਹੈ ਅਤੇ ਗੁਆਂਢੀ ਦੇਸ਼ ਨਾਲ ਸਬੰਧਾਂ ਦੇ ਮੱਦੇਨਜ਼ਰ ਇੱਥੇ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਸਥਿਤੀ ਪੈਦਾ ਹੋ ਸਕਦੀ ਹੈ। ਕਮਾਂਡੈਂਟ ਜਨਰਲ, ਐਡੀਸ਼ਨਲ ਕਮਾਂਡੈਂਟ ਜਨਰਲ ਅਤੇ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਤ ਕਰੀਬ 8 ਵਜੇ ਇਹ ਬਲੈਕਆਊਟ ਅਤੇ ਮੌਕ ਡਰਿਲ ਕਰਵਾਈ ਗਈ, ਜਿਸ ਵਿੱਚ ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਪੱਬਾਂ ਭਾਰ ਨਜ਼ਰ ਆਏ। ਰੰਧਾਵਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਹ ਸਿਰਫ਼ ਇੱਕ ਰੁਟੀਨ ਅਭਿਆਸ ਹੈ, ਇਸ ਲਈ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਲੋਕ ਅਫਵਾਹਾਂ ਤੋਂ ਸੁਚੇਤ ਰਹਿ ਕੇ ਸਿਰਫ਼ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ।


