ਸਾਬਕਾ ਕੌਂਸਲਰ ਖੁਦਕੁਸ਼ੀ ਮਾਮਲੇ ‘ਚ ਸਾਬਕਾ ਵਿਧਾਇਕ ਸਮੇਤ ਕਈ ਨਾਮਜ਼ਦ
ਏਡੀਸੀਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੁਸਾਈਡ ਨੋਟ ਦੇ ਆਧਾਰ ਤੇ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਰਾਜਕੁਮਾਰ ਸ਼ਰਮਾ, ਅੰਜੂ ਸ਼ਰਮਾ, ਅਕਸ਼ੈ ਸ਼ਰਮਾ ਸਮੇਤ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਜਲੰਧਰ ‘ਚ ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਦੀ ਖੁਦਕੁਸ਼ੀ ਮਾਮਲੇ ‘ਚ ਪੁਲਿਸ ਨੇ ਅੱਜ ਖੁਦਕੁਸ਼ੀ ਨੋਟ ‘ਚ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿਛਲੇ 2 ਦਿਨਾਂ ਤੋਂ ਪੁਲੀਸ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਗੱਲ ਕਰ ਰਹੀ ਸੀ ਪਰ ਕਾਰਵਾਈ ਨਾ ਹੋਣ ਤੋਂ ਪੀੜਤ ਪਰਿਵਾਰ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਰਿਸ਼ਤੇਦਾਰਾਂ ਨੇ ਮਾਮਲਾ ਦਰਜ ਹੋਣ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਦੀ ਹਾਮੀ ਭਰ ਦਿੱਤੀ। ਦੂਜੇ ਪਾਸੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਕਾਂਗਰਸੀ ਆਗੂ ਤੇ ਵਰਕਰ ਥਾਣੇ ਦਾ ਘਿਰਾਓ ਕਰਕੇ ਬੈਠੇ ਹੋਏ ਸਨ।
ਏਡੀਸੀਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੁਸਾਈਡ ਨੋਟ ਦੇ ਆਧਾਰ ਤੇ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਰਾਜਕੁਮਾਰ ਸ਼ਰਮਾ, ਅੰਜੂ ਸ਼ਰਮਾ, ਅਕਸ਼ੈ ਸ਼ਰਮਾ ਸਮੇਤ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿੱਕੀ ਨੇ ਸ਼ਨੀਵਾਰ ਸ਼ਾਮ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਸੀ, ਜਿਸ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਸਮੇਤ ਕਈ ਨਾਮੀ ਲੋਕਾਂ ‘ਤੇ ਦੋਸ਼ ਲਗਾਏ ਗਏ ਸਨ।
ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਜਦੋਂ ਉਸ ਖ਼ਿਲਾਫ਼ ਜਾਅਲਸਾਜ਼ੀ ਦਾ ਕੇਸ ਦਰਜ ਹੋਇਆ ਸੀ ਤਾਂ ਜੱਜ ਅਤੇ ਪੁਲਿਸ ਅਧਿਕਾਰੀਆਂ ਦੇ ਨਾਂ ਤੇ 15 ਲੱਖ ਰੁਪਏ ਵਸੂਲੇ ਗਏ ਸਨ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਸੀ।
ਪੁਲੀਸ ਨੇ ਇਹ ਕਾਰਵਾਈ ਮ੍ਰਿਤਕ ਦੇ ਭਰਾ ਰਾਜੇਸ਼ ਕਾਲੀਆ ਦੇ ਬਿਆਨਾਂ ਤੇ ਕੀਤੀ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਰੂਪੋਸ਼ ਹੋ ਗਏ ਹਨ। ਦੱਸ ਦੇਈਏ ਕਿ ਵਿੱਕੀ ਕਾਲੀਆ ਨੇ ਸੁਸਾਈਡ ਨੋਟ ਵਿੱਚ ਕੇਡੀ ਭੰਡਾਰੀ ਦਾ ਨਾਮ ਵੀ ਲਿਖਿਆ ਸੀ। ਫਿਲਹਾਲ ਪੁਲਸ ਨੇ ਇਸ ਮਾਮਲੇ ‘ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।
ਇਹ ਸੀ ਮਾਮਲਾ
ਪਿਛਲੇ ਸਾਲ ਪੁਲਿਸ ਨੇ ਹੈਨਰੀ ਪਰਿਵਾਰ ਦੇ ਖਾਸ ਵਿਅਕਤੀ ਸੁਸ਼ੀਲ ਕਾਲੀਆ, ਉਸ ਦੇ ਪੁੱਤਰ ਅੰਸ਼ੁਮਨ ਅਤੇ ਰਿਸ਼ਤੇਦਾਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ। ਸੁਸ਼ੀਲ ਕਾਲੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਵਿਧਾਇਕ ਫੰਡ ਦੀ ਦੁਰਵਰਤੋਂ ਦਾ ਦੋਸ਼ ਸੀ। ਸੁਸ਼ੀਲ ਕਾਲੀਆ ਨੇ ਇਸ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਲਈ ਸੀ ਪਰ ਉਸ ਦੇ ਪੁੱਤਰ ਨੂੰ ਹਾਈਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ
ਇਸ ਤੋਂ ਬਾਅਦ ਜ਼ਮਾਨਤ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ, ਪਰ ਕੋਈ ਰਾਹਤ ਨਹੀਂ ਮਿਲੀ। ਵਿਧਾਇਕ ਬਾਵਾ ਹੈਨਰੀ ਨੇ ਆਪਣੇ ਵਿਧਾਇਕ ਫੰਡ ਵਿੱਚੋਂ ਉੱਤਰੀ ਹਲਕੇ ਦੀਆਂ ਛੇ ਵੈਲਫੇਅਰ ਸੁਸਾਇਟੀਆਂ ਨੂੰ 10-10 ਲੱਖ ਦੀ ਗਰਾਂਟ ਜਾਰੀ ਕੀਤੀ ਸੀ।
ਪਰ ਜਿਹੜੀ ਗ੍ਰਾਂਟ ਜਾਰੀ ਕੀਤੀ ਗਈ ਸੀ, ਉਹ ਬੈਂਕ ਖਾਤੇ ਵਿੱਚੋਂ ਡੈਬਿਟ ਹੋ ਗਈ ਸੀ ਪਰ ਅੱਗੇ ਵਰਤੀ ਨਹੀਂ ਗਈ। ਨਵੀਂ ਸਰਕਾਰ ਬਨਣ ‘ਤੇ ਮੌਜੂਦਾ ਸਰਕਾਰ ਨੇ ਇਸ ਦੀ ਜਾਂਚ ਏ.ਡੀ.ਸੀ. ਤੋਂ ਕਰਵਾਈ, ਜਿਸ ‘ਚ ਉਨ੍ਹਾਂ ਨੇ ਕੌਂਸਲਰ ਸੁਸ਼ੀਲ ਕਾਲੀਆ ਅਤੇ ਉਸ ਦੇ ਪੁੱਤਰ ਅੰਸ਼ੂਮਨ ਸਮੇਤ 20 ਲੋਕਾਂ ਨੂੰ ਦੋਸ਼ੀ ਪਾਇਆ ਗਿਆ ਸੀ। ਪੁਲਿਸ ਨੇ ਜਾਂਚ ਰਿਪੋਰਟ ਦੇ ਆਧਾਰ ‘ਤੇ ਸਾਰਿਆਂ ਨੂੰ ਨਾਮਜ਼ਦ ਕੀਤਾ ਸੀ।