ਕਾਂਗਰਸ ਆਗੂ ਨਵੋਜਤ ਸਿੰਘ ਸਿੱਧੂ (Navjot Singh Sidhu) ਨੇ ਸੋਮਵਾਰ ਨੂੰ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਨਵਜੋਤ ਸਿੱਧੂ ਨੇ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਗਲ੍ਹੇ ਲਗਾਇਆ ਤਾਂ ਉਹ ਕਾਫੀ ਭਾਵੁੱਕ ਹੋ ਗਏ। ਸਿੱਧੂ ਨੇ ਉਨ੍ਹਾਂ ਨੂੰ ਹੌਂਸਲਾ ਦਿੰਦਿਆਂ ਉਨ੍ਹਾਂ ਦੇ ਪੁੱਤ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦੁਆਇਆ।
ਪੰਜਾਬ ਦੇ ਵਿਚ ਲਾਅ ਐਂਡ ਆਰਡਰ ਤੇ ਸਵਾਲ ਖੜੇ ਕਰਦਿਆਂ ਸਿੱਧੂ ਨੇ ਕਿਹਾ ਕਿ ਸੂਬੇ ਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ। ਗੈਗਸਟਰ ਸ਼ਰੇਆਮ ਜੇਲ੍ਹਾਂ ਵਿੱਚ ਬੈਠ ਕੇ ਇੰਟਰਵਿਊ ਦੇ ਰਹੇ ਹਨ, ਜੋ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜ ਕਰਦਾ ਹੈ।
ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਿਸ ਲਏ ਜਾਣ ਦੇ ਫੈਸਲੇ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਕਤਲ ਹੋਇਆ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਕੁਰਸੀ ਦੀ ਲਾਲਸਾ ਨਹੀਂ ਹੈ। ਉਹ ਸਿਰਫ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਹਮੇਸ਼ਾ ਚੱਟਾਨ ਵਾਂਗ ਖੜੇ ਰਹਿਣਗੇ ਅਤੇ ਜਦੋਂ ਵੀ ਉਹ ਇਨ੍ਹਾਂ ਨੂੰ ਯਾਦ ਕਰਨਗੇ ਤਾਂ ਉਹ ਤੁਰੰਤ ਆਉਣਗੇ। ਉਨ੍ਹਾਂ ਕਿਹਾ ਕਿ ਜਲੰਧਰ ਦੀ ਜ਼ਿਮਨੀ ਚੋਣ ਵਿਚ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਸਰਕਾਰ ਦੇ ਖਿਲਾਫ ਪ੍ਰਚਾਰ ਕਰਨ ਲਈ ਉਹਨਾਂ ਨੂੰ ਬੁਲਾਉਣਗੇ ਉਹ ਜਰੂਰ ਜਾਣਗੇ।
ਮਰਹੂਮ ਪੰਜਾਬੀ ਗਾਇਕ ਸ਼ੂਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਤੀਜਾ ਗੀਤ 'ਮੇਰਾ ਨਾਂ' (Mera Naa) ਅੱਜ ਯੂਟਿਊਬ 'ਤੇ ਰਿਲੀਜ਼ ਹੋ ਗਿਆ ਹੈ। ਗੀਤ 3 ਮਿੰਟ 21 ਸੈਕਿੰਡ ਦਾ ਹੈ। ਜਿਸ ਵਿੱਚ ਸਿੱਧੂ ਦੀ ਫੈਨਸ ਫੋਲੋਇੰਗ ਬਾਰੇ ਦੱਸਿਆ ਗਿਆ ਹੈ। ਗਲੀ ਦੇ ਮੋੜ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਬਿੱਲ ਬੋਰਡ ਤੱਕ...ਸਾਰਿਆਂ ਵਿੱਚ ਸਿੱਧੂ ਦੀ ਪ੍ਰਸਿੱਧੀ ਬਾਰੇ ਦੱਸਿਆ ਗਿਆ ਹੈ।
ਨਵਜੋਤ ਸਿੰਘ ਸਿੱਧੂ ਦੀ ਫੇਰੀ ਦੌਰਾਨ ਪਿੰਡ ਮੂਸਾ ਵਿੱਚ ਮੀਡੀਆ ਦੇ ਨਾਲ- ਨਾਲ ਆਮ ਲੋਕਾਂ ਦਾ ਵੀ ਵੱਡਾ ਇੱਕਠ ਵੇਖਣ ਨੂੰ ਮਿਲਿਆ। ਲੋਕ ਨਵਜੋਤ ਸਿੰਘ ਸਿੱਧੂ ਦੇ ਬੇਬਾਕ ਬਿਆਨਾਂ ਨੂੰ ਸੁਣਨ ਲਈ ਇੱਥੇ ਪਹੁੰਚੇ ਸਨ।