ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਐਡਵੋਕੇਟ ਸ਼ਾਹਬਾਜ਼ ਸਿੰਘ ਸੋਹੀ ਨਾਲ ਵਿਆਹ ਕਰਵਾਇਆ ਹੈ। ਸ਼ਾਹਬਾਜ਼ ਸਿੰਘ ਸੋਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਹਨ।
ਐਡਵੋਕੇਟ ਸ਼ਾਹਬਾਜ਼ ਸਿੰਘ ਸੋਹੀ ਦਾ ਪਰਿਵਾਰ ਰਾਜਨੀਤੀ ਵਿੱਚ ਕਾਫੀ ਐਕਟਿਵ ਰਿਹਾ ਹੈ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਰੀਬੀ ਰਿਹਾ ਹੈ। ਅਨਮੋਲ ਗਗਨ ਮਾਨ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਮੰਤਰੀ ਹਨ ਅਤੇ ਖਰੜ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ।
ਜਾਣਕਾਰੀ ਮਿਲੀ ਹੈ ਕਿ ਇਸ ਮੌਕੇ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਪਤੀ ਸ਼ਾਹਬਾਜ਼ ਸਿੰਘ ਸੋਹੀ ਨਾਲ ਜ਼ੀਰਕਪੁਰ ਮੋਹਾਲੀ ਦੇ ਗੁਰੂਦੁਆਰਾ ਸ੍ਰੀ ਨਾਭਾ ਸਾਹਿਬ ਵਿਖੇ ਮੱਥਾ ਟੇਕਿਆ। ਇੱਥੇ ਜ਼ੀਰਕਪੁਰ ਦੇ ਏਕੇ ਮੈਰਿਜ ਪੈਲੇਸ ਵਿੱਚ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ।
ਅਨਮੋਲ ਗਗਨ ਮਾਨ ਪੇਸ਼ੇ ਵਜੋ ਪਹਿਲਾ ਗਾਇਕ ਸਨ ਜਿਸ ਤੋਂ ਬਾਅਦ ਉਹ ਰਾਜਨੀਤੀ ਵਿੱਚ ਉਤਰੇ ਸਨ। ਉਨ੍ਹਾਂ ਦਾ ਜਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬੀਤਿਆ ਹੈ।
ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕੀਤੀ ਸੀ। ਉਹ 2022 ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ, ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ।