ਜਲੰਧਰ ‘ਚ ਚੌਥੀ ਮੰਜਿਲ ਤੋਂ NRI ਨੂੰ ਹੇਠਾਂ ਸੁੱਟਕੇ ਕੀਤਾ ਕਤਲ, ਘਰ ‘ਚ ਲੱਗਾ ਸੀਸੀਟੀਵੀ ਵੀ ਬਦਮਾਸ਼ ਲੈ ਗਏ ਨਾਲ

Updated On: 

20 Nov 2023 11:56 AM

ਪੰਜਾਬ ਦੇ ਹਾਲਾਤ ਏਨੇ ਖਰਾਬ ਹੋ ਗਏ ਹਨ ਕਿ ਹੁਣ ਬਦਮਾਸ਼ ਘਰਾਂ ਵਿੱਚ ਦਾਖਿਲ ਹੋਕੇ ਵੀ ਹੱਤਿਆਵਾਂ ਕਰ ਰਹੇ ਹਨ। ਕੁੱਝ ਏਦਾਂ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਯੂਕੇ ਤੋਂ ਆਏ ਚਰਨਜੀਤ ਸਿੰਘ ਨਾਂਅ ਦੇ ਇੱਕ ਐੱਨਆਰਆਈ ਨੂੰ ਬਦਮਾਸ਼ਾਂ ਨੇ ਘਰ ਦੀ ਚੌਥੀ ਮੰਜਿਲ ਤੋਂ ਹੇਠਾਂ ਸੁੱਟਕੇ ਉਸਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਤਿੰਨ ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਜਲੰਧਰ ਚ ਚੌਥੀ ਮੰਜਿਲ ਤੋਂ NRI ਨੂੰ ਹੇਠਾਂ ਸੁੱਟਕੇ ਕੀਤਾ ਕਤਲ, ਘਰ ਚ ਲੱਗਾ ਸੀਸੀਟੀਵੀ ਵੀ ਬਦਮਾਸ਼ ਲੈ ਗਏ ਨਾਲ
Follow Us On

ਪੰਜਾਬ ਨਿਊਜ। ਜਲੰਧਰ ਦੇ ਪਠਾਨਕੋਟ ਬਾਈਪਾਸ ਚੌਕ ਨੇੜੇ ਬੀਡੀਏ ਕਲੋਨੀ (ਫਲੈਟ) ਵਿੱਚ ਐਤਵਾਰ ਰਾਤ ਨੂੰ ਕੁਝ ਨੌਜਵਾਨਾਂ ਨੇ ਯੂਕੇ ਤੋਂ ਆਏ ਇੱਕ ਐਨਆਰਆਈ (NRI) ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਐਨਆਰਆਈ ਦਾ ਫਲੈਟ ਦੀ ਤੀਸਰੀ ਮੰਜ਼ਿਲ ‘ਤੇ ਰਹਿੰਦੇ ਅਧਿਆਪਕ ਨਾਲ ਝਗੜਾ ਹੋਇਆ ਸੀ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਵੀ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਥਾਣਾ 8 ਦੀ ਜਲੰਧਰ ਪੁਲਿਸ (Jalandhar Police) ਨੇ ਹੱਤਿਆ ਦੇ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚਰਨਜੀਤ ਨੇ ਚੌਥੀ ਮੰਜ਼ਿਲ ‘ਤੇ ਫਲੈਟ ਖਰੀਦਿਆ ਸੀ। ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਦੋਸ਼ੀ ਖੁਦ ਚਰਨਜੀਤ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਲਿਆਂਦੇ ਸਾਰ ਹੀ ਮ੍ਰਿਤਕ ਐਲਾਨ ਦਿੱਤਾ।ਚਰਨਜੀਤ ਦੀ ਮੌਤ ਦਾ ਪਤਾ ਲੱਗਦਿਆਂ ਹੀ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ

ਹਸਪਤਾਲ (Hospital) ਨੇ ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਨੂੰ ਦਿੱਤੀ। ਏਐਸਆਈ ਗੁਰਮੇਲ ਸਿੰਘ ਨੇ ਦੱਸਿਆ- ਮੌਤ ਦਾ ਕਾਰਨ ਪੋਸਟਮਾਰਟਮ ਵਿੱਚ ਸਪੱਸ਼ਟ ਹੋਵੇਗਾ। ਪੁਲਿਸ ਨੇ ਪੁੱਛਗਿੱਛ ਲਈ ਤਿੰਨ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ। ਸੁਸਾਇਟੀ ਦੇ ਲੋਕਾਂ ਮੁਤਾਬਕ ਚਰਨਜੀਤ ਹਰ ਦੋ ਸਾਲ ਬਾਅਦ ਪੰਜਾਬ ਆਉਂਦਾ ਸੀ। ਚਰਨਜੀਤ ਚਾਰ ਹਫ਼ਤੇ ਪਹਿਲਾਂ ਹੀ ਆਪਣੇ ਭਤੀਜੇ ਨਾਲ ਯੂਕੇ ਤੋਂ ਵਾਪਸ ਆਇਆ ਸੀ। ਮ੍ਰਿਤਕ ਦੇ ਡਰਾਈਵਰ ਬਿੱਟੂ ਨੇ ਦੱਸਿਆ ਕਿ ਮਾਲਕ ਕ੍ਰਿਕਟ ਦਾ ਬਹੁਤ ਸ਼ੌਕੀਨ ਸੀ। ਐਤਵਾਰ ਨੂੰ ਉਹ ਘਰ ‘ਤੇ ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖ ਰਹੇ ਸਨ।

ਜਾਣਕਾਰੀ ਅਨੁਸਾਰ ਸੁਰਾਗ ਛੁਪਾਉਣ ਲਈ ਮੁਲਜ਼ਮ ਚੌਕੀਦਾਰ ਦੇ ਕਮਰੇ ਵਿੱਚ ਲੱਗੇ ਸੀਸੀਟੀਵੀ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਨੂੰ ਉਨ੍ਹਾਂ ਦੀ ਕਾਰ ਨੰਬਰਾਂ ਰਾਹੀਂ ਟਰੇਸ ਕਰ ਲਿਆ। ਚੌਕੀਦਾਰ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਕੁਝ ਹਾਸਲ ਨਹੀਂ ਹੋਇਆ।