ਲੁਧਿਆਣਾ ‘ਚ ਸੱਕੇ ਭਰਾ ਨੇ ਗੋਲੀ ਮਾਰਕੇ ਭੈਣ ਦਾ ਕੀਤਾ ਕਤਲ, ਵਾਰਦਾਤ ਤੋਂ ਬਾਅਦ ਮੁਲਜ਼ਮ ਖੁਦ ਪਹੁੰਚਿਆ ਥਾਣੇ
ਭੈਣ ਦੇ ਆਪਣੀ ਪ੍ਰੇਮੀ ਨਾਲ ਭੱਜਕੇ ਵਿਆਹ ਕਰਵਾਉਣ ਤੋਂ ਉਸਦਾ ਭਰਾ ਏਨਾ ਨਾਰਾਜ਼ ਸੀ ਕਿ ਉਸਨੇ ਆਪਣੀ ਭੈਣ ਦਾ ਗੋਲੀ ਮਾਰਕੇ ਕਤਲ ਹੀ ਕਰ ਦਿੱਤਾ ਤੇ ਨਾਲ ਹੀ ਉਸਦੇ ਪਤੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਿਸਦਾ ਹੁਣ ਡੀਐੱਮਸੀ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੀਏਯੂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੁਧਿਆਣਾ। ਸ਼ਹਿਰ ਦੇ ਪੰਜਪੀਰ ਰੋਡ ਸਥਿਤ ਕਾਰਪੋਰੇਸ਼ਨ ਕਲੋਨੀ ਵਿੱਚ ਦੇਰ ਰਾਤ ਇੱਕ ਬਾਈਕ ਸਵਾਰ ਨੌਜਵਾਨ ਨੇ ਆਪਣੀ ਭੈਣ ਅਤੇ ਉਸ ਦੇ ਪਤੀ ਉੱਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ (firing) ਤੋਂ ਬਚਣ ਲਈ ਪਤੀ-ਪਤਨੀ ਇਧਰ-ਉਧਰ ਭੱਜੇ। ਇਸ ਵਿੱਚ ਨਵ-ਵਿਆਹੀ ਔਰਤ ਨੂੰ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਦੇ ਨਾਲ ਹੀ ਉਸ ਦੇ ਪਤੀ ਰਵੀ ਨੂੰ ਦੋ ਗੋਲੀਆਂ ਲੱਗੀਆਂ ਹਨ, ਜੋ ਡੀਐਮਸੀ (DMC) ਹਸਪਤਾਲ ਵਿੱਚ ਦਾਖ਼ਲ ਹੈ। ਫਾਇਰਿੰਗ ਕਰਨ ਵਾਲੇ ਨੌਜਵਾਨ ਨੇ ਮੂੰਹ ਢੱਕਿਆ ਹੋਇਆ ਸੀ ਅਤੇ ਹੈਲਮੇਟ ਪਾਇਆ ਹੋਇਆ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਲੋਕਾਂ ਮੁਤਾਬਕ ਬਾਈਕ ਸਵਾਰਾਂ ਨੇ ਰਵੀ ਦੇ ਘਰ ਦੀ ਛੱਤ ‘ਤੇ ਚੜ੍ਹ ਕੇ ਗੋਲੀਆਂ ਵੀ ਚਲਾਈਆਂ। ਗੋਲੀਆਂ ਦੇ ਨਿਸ਼ਾਨ ਵੀ ਹਨ।