Pakistan News: ਸੁਪਰੀਮ ਕੋਰਟ ਵੱਲੋਂ ਚੋਣਾਂ ਦਾ ਐਲਾਨ, ਇਮਰਾਨ ਖਾਨ ਨੇ ਰੱਦ ਕੀਤੀ ਜੇਲ ਭਰੋ ਮੁਹਿੰਮ
World News: 14 ਅਤੇ 18 ਜਨਵਰੀ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ ਵੱਲੋਂ ਮੁਲਕ ਵਿੱਚ ਜਲਦੀ ਆਮ ਚੋਣਾਂ ਕਰਵਾਉਣ ਲਈ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬਿਆਂ ਦੀ ਅਸੇਂਬਲੀਆਂ ਭੰਗ ਕਰ ਦਿੱਤੀਆਂ ਗਈਆਂ ਸਨ।
ਇਮਰਾਨ ਖਾਨ (Imran Khan) ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (PTI) ਵੱਲੋਂ ਬੁੱਧਵਾਰ ਨੂੰ ਜੇਲ ਭਰੋ ਮੁਹਿੰਮ ਹੁਣ ਰੱਦ ਕਰ ਦਿੱਤੀ ਗਈ ਹੈ, ਕਿਉਂਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੁਲਕ ਦੇ ਚੋਣ ਕਮਿਸ਼ਨ ਨੂੰ 90 ਦਿਨਾਂ ਦੇ ਅੰਦਰ-ਅੰਦਰ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬਿਆਂ ਦੀ ਅਸੇੰਬਲੀਆਂ ਨੂੰ ਭੰਗ ਕਰਕੇ ਉੱਥੇ ਨਵੇਂ ਸਿਰੇ ਤੋਂ ਚੋਣ ਕਰਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦੀਆਲ ਦੀ ਅਗਵਾਈ ਹੇਠ ਪੰਜ ਮੈਂਬਰਾਂ ਦੀ ਬੈਂਚ ਵੱਲੋਂ ਬੁੱਧਵਾਰ ਨੂੰ ਉਕਤ ਫੈਸਲਾ ਸੁਣਾਉਂਦਿਆਂ ਦੋਨਾਂ ਸੂਬਿਆਂ ਵਿੱਚ ਨਵੇਂ ਸਿਰੇ ਤੋਂ ਚੋਣ ਕਰਾਉਣ ਦਾ ਰਸਤਾ ਸਾਫ ਕਰ ਦਿੱਤਾ ਹੈ, ਜਿੱਥੇ ਫਿਲਹਾਲ ਅੰਤਰਿਮ ਸਰਕਾਰਾਂ ਕਾਇਮ ਹਨ।
ਰਾਸ਼ਟਰਪਤੀ ਵੱਲੋਂ 9 ਅਪ੍ਰੈਲ ਨੂੰ ਚੋਣ ਕਰਵਾਉਣ ਦੇ ਹੁਕਮ
ਇਸ ਦੇ ਨਾਲ-ਨਾਲ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਮੁਲਕ ਦੇ ਰਾਸ਼ਟਰਪਤੀ ਆਰਿਫ਼ ਅਲਵੀ ਵੱਲੋਂ 9 ਅਪ੍ਰੈਲ, 2023 ਨੂੰ ਚੋਣ ਕਰਵਾਉਣ ਦੇ ਹੁਕਮ ਸੂਬਾ ਪੰਜਾਬ ਵਿੱਚ ਤਾਂ ਲਾਗੂ ਹੋਣਗੇ ਪਰ ਖੈਬਰ ਪਖਤੂਨਖਵਾ ਵਿੱਚ ਨਹੀਂ, ਕਿਉਂਕਿ ਇਸ ਅਸੈਂਬਲੀ ਨੂੰ ਗਵਰਨਰ ਵੱਲੋਂ ਭੰਗ ਕੀਤਾ ਗਿਆ ਸੀ, ਜਦਕਿ ਪੰਜਾਬ ਨੂੰ ਨਹੀਂ।
ਕੋਰਟ ਦੇ ਹੁਕਮ ਦਾ ਖ਼ੈਰ-ਮਕਦਮ : ਇਮਰਾਨ
ਆਪਣੇ ਇੱਕ ਟਵੀਟ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਿਖਿਆ ਗਿਆ, ‘ਮੈਂ ਸੁਪਰੀਮ ਕੋਰਟ ਦੇ ਇਸ ਹੁਕਮ ਦਾ ਖ਼ੈਰ-ਮਕਦਮ ਕਰਦਾ ਹਾਂ।’ ਖਾਨ ਦਾ ਇਹ ਟਵੀਟ ਉਹਨਾਂ ਦੀ ਪੀਟੀਆਈ ਦੇ 280 ਵਰਕਰਾਂ ਨੂੰ ਦੋ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਜਾਣ ਮਗਰੋਂ ਆਇਆ, ਜਿਨ੍ਹਾਂ ਦੇ ਨਾਲ ਹੀ ਪੀਟੀਆਈ ਦੇ ਫੜੇ ਗਏ ਵਰਕਰਾਂ ਦੀ ਗਿਣਤੀ ਵੱਧ ਕੇ 600 ਤੱਕ ਪੁੱਜ ਗਈ। ਖ਼ਾਨ ਵੱਲੋਂ ਪਾਕਿਸਤਾਨ ਸਰਕਾਰ ਉਤੇ ਹਿਊਮਨ ਰਾਈਟਸ ਦੀ ਉਲੰਘਣਾ ਕਰਨ, ਮੁਲਕ ਦੇ ਸੰਵਿਧਾਨ ਦਾ ਮਜ਼ਾਕ ਉਡਾਉਣ ਅਤੇ ਪੂਰੇ ਮੁਲਕ ਵਿੱਚ ਮੰਦੀ ਦੇ ਹਾਲਾਤ ਨੂੰ ਵੇਖਦੇ ਹੋਏ ਜੇਲ ਭਰੋ ਮੁਹਿੰਮ 22 ਫਰਵਰੀ ਨੂੰ ਲਾਹੌਰ ਤੋਂ ਸ਼ੁਰੂ ਕੀਤੀ ਗਈ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ