ਅਮਲੋਹ ਦੇ ਗੁਰਦੁਆਰੇ ‘ਚ ਭੋਗ ਸਮਾਗਮ ਦੌਰਾਨ ਚੱਲੀਆਂ ਗੋਲੀਆਂ, ਇੱਕ ਦੀ ਮੌਤ, ਦੂਜਾ ਗੰਭੀਰ, ਮੁਲਜ਼ਮ ਨੇ ਮੌਕੇ ਤੇ ਹੀ ਕੀਤਾ ਸਰੰਡਰ
Crime News: ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਨੇ ਦੋਸ਼ੀ ਕੁਲਦੀਪ ਸਿੰਘ ਨੂੰ ਹਿੱਸੇਦਾਰੀ ਤੋਂ ਹਟਾ ਦਿੱਤਾ ਸੀ, ਜਿਸ ਦੇ ਰੋਸ ਵੱਜੋਂ ਉਸ ਨੇ ਮੌਕਾ ਦੇਖ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਅਮਲੋਹ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿੱਚ ਲੱਗੀ ਹੋਈ ਹੈ।

ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਸਬ ਡਵੀਜ਼ਨ ਦੇ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਭੋਗ ਸਮਾਗਮ ਤੋਂ ਬਾਅਦ ਇੱਕ ਵਿਅਕਤੀ ਨੇ ਦੋ ਵਿਅਕਤੀਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੇ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਾਇਰਿੰਗ ਕਰਨ ਤੋਂ ਬਾਅਦ ਦੋਸ਼ੀ ਉਥੋਂ ਭੱਜਿਆ ਨਹੀਂ ਅਤੇ ਪੁਲਿਸ ਨੂੰ ਆਪਣੀ ਗ੍ਰਿਫਤਾਰੀ ਦੇ ਦਿੱਤੀ।
ਮ੍ਰਿਤਕ ਦੀ ਪਛਾਣ ਕਰਨੈਲ ਸਿੰਘ ਪੁੱਤਰ ਚੰਦਰ ਸਿੰਘ ਵਾਸੀ ਪਿੰਡ ਰਾਮਗੜ੍ਹ ਵਜੋਂ ਹੋਈ ਹੈ। ਜਦਕਿ ਮੰਡੀ ਗੋਬਿੰਦਗੜ੍ਹ ਵਾਸੀ ਕਰਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਨੂੰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਖੰਨਾ ਦੇ ਆਈਵੀਵਾਈ ਹਸਪਤਾਲ ‘ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਮੁਲਜ਼ਮ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਰਾਮਗੜ੍ਹ ਥਾਣਾ ਅਮਲੋਹ ਵਜੋਂ ਹੋਈ ਹੈ।