ਅੰਦਰ ਬਲ੍ਹ ਰਹੀ ਸੀ ਬਦਲੇ ਦੀ ਅੱਗ… ਜਲਿਆਂਵਾਲਾ ਬਾਗ ਖੂਨੀ ਕਾਂਡ ਦੇ 21 ਸਾਲ ਬਾਅਦ ਊਧਮ ਸਿੰਘ ਨੇ ਇੰਝ ਲਿਆ ਗੋਰੇ ਤੋਂ ਬਦਲਾ
Shaheed Udham Singh Death Anniversary: ਅੱਜ ਵੀ ਜਦੋਂ ਵੀ ਜਲ੍ਹਿਆਂਵਾਲਾ ਬਾਗ ਸਾਕੇ ਦੀ ਚਰਚਾ ਹੁੰਦੀ ਹੈ ਤਾਂ ਲੂ-ਕੰਡੇ ਖੜੇ ਹੋ ਜਾਂਦੇ ਹਨ। ਫਿਰ ਉਸ ਨੌਜਵਾਨ ਦੇ ਦਿਲ ਵਿਚ ਅੱਗ ਕਿਉਂ ਨਾ ਬਲਦੀ ਜੋ ਉਸ ਘਟਨਾ ਦਾ ਚਸ਼ਮਦੀਦ ਗਵਾਹ ਸੀ? ਸ਼ੇਰ ਸਿੰਘ ਤੋਂ ਊਧਮ ਸਿੰਘ ਬਣੇ ਇਸ ਨੌਜਵਾਨ ਸੱਤ ਸਮੁੰਦਰ ਪਾਰ ਕੇ ਕਿਵੇਂ ਉਸ ਅੰਗਰੇਜ ਤੋਂ ਬਦਲਾ ਲਿਆ ਅਤੇ ਖੁਸ਼ੀ-ਖੁਸ਼ੀ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ। ਪੜ੍ਹੋ ਇਸ ਬਹਾਦੁਰ ਸ਼ਹੀਦ ਦੀ ਦਿਲ ਛੋਹ ਲੈਣ ਵਾਲੀ ਕਹਾਣੀ...

ਅੱਜ ਵੀ ਜਦੋਂ ਸਾਡੇ ਵਰਗ੍ਹੇ ਆਮ ਲੋਕਾਂ ਨੂੰ ਜਲ੍ਹਿਆਂਵਾਲਾ ਬਾਗ ਖੂਨੀ ਕਾਂਡ ਦੀ ਯਾਦ ਆਉਂਦੀ ਹੈ ਤਾਂ ਸਾਡੇ ਲੂ-ਕੰਡੇ ਖੜੇ ਹੋ ਜਾਂਦੇ ਹਨ ਅਤੇ ਅੱਖਾਂ ਨਮ ਹੋ ਜਾਂਦੀਆਂ ਹਨ। ਫਿਰ ਭਲਾ ਉਸ ਨੌਜਵਾਨ ਦੇ ਦਿਲ ਵਿਚ ਅੱਗ ਕਿਉਂ ਨਾ ਬਲਦੀ ਜਿਸਨੇ ਇਸ ਕਤਲੇਆਮ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਸੀ? ਉਹ ਇਸ ਖੌਫਨਾਕ ਮੰਜ਼ਰ ਦਾ ਚਸ਼ਮਦੀਦ ਗਵਾਹ ਸੀ। ਇਸ ਕਤਲੇਆਮ ਦੇ ਜ਼ਿੰਮੇਦਾਰ ਅੰਗਰੇਜ਼ ਅਧਿਕਾਰੀਆਂ ਖਿਲਾਫ਼ ਇਸ ਬਹਾਦੁਰ ਦੇ ਸੀਨੇ ਵਿੱਚ ਬਦਲੇ ਦੀ ਅੱਗ ਉਨ੍ਹਾਂ ਦੇ ਦਿਲ ਵਿਚ ਉਦੋਂ ਤੱਕ ਬਲ੍ਹਦੀ ਰਹੀ ਜਦੋਂ ਤੱਕ 21 ਸਾਲਾਂ ਬਾਅਦ ਸੱਤ ਸਮੁੰਦਰ ਪਾਰ ਜਾ ਕੇ ਉਨ੍ਹਾਂ ਨੇ ਇਸ ਕਤਲੇਆਮ ਦਾ ਬਦਲਾ ਨਹੀਂ ਲੈ ਲਿਆ। ਹਾਲਾਂਕ ਉਦੋਂ ਤੱਕ ਕਤਲੇਆਮ ਲਈ ਜ਼ਿੰਮੇਵਾਰ ਅੰਗਰੇਜ਼ ਅਫਸਰ ਮਰ ਚੁੱਕਾ ਸੀ। ਪਰ ਉਸ ਅੰਗਰੇਜ਼ ਅਫਸਰ ਦੀ ਹਮਾਇਤ ਕਰਨ ਵਾਲੇ ਇੱਕ ਹੋਰ ਵੱਡੇ ਗੋਰੇ ਨੂੰ ਉਨ੍ਹਾਂ ਨੇ ਸ਼ਰੇਆਮ ਮੌਤ ਦਿੱਤੀ ਅਤੇ ਆਪ ਖੁਸ਼ੀ-ਖੁਸ਼ੀ ਫਾਂਸੀ ਦੇ ਫੰਦੇ ਦੇ ਝੂਲ ਗਏ।
ਇਹ ਬਹਾਦੁਰ ਹੋਰ ਕੋਈ ਨਹੀਂ ….ਪੰਜਾਬ ਦਾ ਸ਼ੇਰ ਸ਼ਹੀਦ ਊਧਮ ਸਿੰਘ (Shaheed Udham Singh) ਸੀ। ਸੰਗਰੂਰ ਜ਼ਿਲ੍ਹੇ ਵਿੱਚ 26 ਦਸੰਬਰ 1899 ਨੂੰ ਜਨਮੇ ਇਸ ਵੀਰ ਬਹਾਦੁਰ ਦੇ ਸ਼ਹੀਦੀ ਦਿਹਾੜੇ ‘ਤੇ ਜਾਣੋ ਕਿਵੇਂ ਉਨ੍ਹਾਂ ਨੇ ਇਸ ਖੂਨੀ ਕਾਂਡ ਦੇ ਦੋਸ਼ੀ ਅੰਗਰੇਜ ਨੂੰ ਉਸਦੇ ਦੇਸ਼ ਵਿੱਚ ਹੀ ਵੜ੍ਹ ਕੇ ਜਲ੍ਹਿਆਂਵਾਲਾ ਬਾਗ ਵਿੱਚ ਮਾਰੇ ਗਏ ਮਾਸੂਮ ਲੋਕਾਂ ਦਾ ਬਦਲਾ ਲਿਆ।
ਬਚਪਨ ਵਿੱਚ ਅਨਾਥ ਹੋਏ ਸ਼ੇਰ ਸਿੰਘ ਨੂੰ ਮਿਲਿਆ ਨਵਾਂ ਨਾਂ
ਊਧਮ ਸਿੰਘ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ। ਛੋਟੀ ਜਿਹੀ ਉਮਰ ਸੀ ਜਦੋਂ ਮਾਂ-ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ।1901 ਵਿੱਚ ਮਾਂ ਅਤੇ 1907 ਵਿੱਚ ਪਿਤਾ ਨੇ ਸਾਥ ਛੱਡ ਦਿੱਤਾ ਤਾਂ ਅਨਾਥ ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ। ਇੱਥੇ ਇਸ ਬੱਚੇ ਨੂੰ ਮਿਲਿਆ ਨਵਾਂ ਨਾਂ। ਸ਼ੇਰ ਸਿੰਘ ਪਿੱਛੇ ਰਹਿ ਗਿਆ ਤੇ ਹੁਣ ਊਧਮ ਸਿੰਘ ਉਸ ਬੱਚੇ ਦੀ ਨਵੀਂ ਪਛਾਣ ਸੀ। ਭਰਾ ਮੁਕਤਾ ਸਿੰਘ ਨੂੰ ਵੀ ਸਾਧੂ ਸਿੰਘ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਸਾਧੂ ਸਿੰਘ ਵੀ ਛੇਤੀ ਹੀ ਭਰ੍ਹਾ ਦਾ ਸਾਥ ਛੱਡ ਗਿਆ, 1917 ਵਿੱਚ ਅਚਾਨਕ ਉਸਦੀ ਮੌਤ ਹੋ ਗਈ, ਜਿਸਤੋਂ ਬਾਅਦ ਊਧਮ ਸਿੰਘ ਬਿਲਕੁੱਲ ਕੱਲੇ ਹੋ ਗਏ।
ਫੌਜ ਵਿਚ ਗਏ ਪਰ ਅੰਗਰੇਜ਼ ਅਫਸਰਾਂ ਨਾਲ ਨਹੀਂ ਬਣੀ
ਭਰਾ ਦੀ ਮੌਤ ਦੇ ਸਾਲ ਹੀ ਊਧਮ ਸਿੰਘ ਬ੍ਰਿਟਿਸ਼ ਫੌਜ ਵਿਚ ਭਰਤੀ ਹੋ ਗਏ। ਉਸ ਸਮੇਂ ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ। ਇਸ ਜੰਗ ਵਿੱਚ ਊਧਮ ਸਿੰਘ ਨੇ ਵੀ ਹਿੱਸਾ ਲਿਆ ਸੀ। ਉੱਧਮ ਸਿੰਘ ਦੇ ਅੰਦਰ ਜਿਹੜਾ ਦੇਸ਼ ਭਗਤ ਲੁੱਕਿਆ ਬੈਠਾ ਸੀ, ਉਹ ਕਿਸੇ ਵੀ ਹਾਲਤ ਵਿੱਚ ਅੰਗਰੇਜ਼ ਅਫਸਰਾਂ ਦੀ ਗੁਲਾਮੀ ਕਰਨ ਨੂੰ ਤਿਆਰ ਨਹੀਂ ਸੀ ਇਸ ਲਈ ਉਨ੍ਹਾ ਨੇ ਛੇਤੀ ਹੀ ਅੰਗਰੇਜੀ ਫੌਜ ਛੱਡ ਦਿੱਤੀ। ਹਾਲਾਂਕਿ ਇੱਕ ਸਾਲ ਬਾਅਦ ਸਾਲ 1918 ਵਿਚ ਉਹ ਮੁੜ ਤੋਂ ਫੌਜ ਵਿਚ ਭਰਤੀ ਹੋਏ ਪਰ ਫੇਰ ਦਿਲ ਨਹੀਂ ਲੱਗਾ ਤੇ ਵਾਪਸ ਆਪਣੇ ਅਨਾਥ ਆਸ਼ਰਮ ਆ ਗਏ।
ਇਹ ਵੀ ਪੜ੍ਹੋ
ਜਲ੍ਹਿਆਂਵਾਲਾ ਬਾਗ ‘ਚ ਅੰਗਰੇਜਾਂ ਖਿਲਾਫ਼ ਚੱਲ ਰਿਹਾ ਸੀ ਸ਼ਾਂਤਮਈ ਪ੍ਰਦਰਸ਼ਨ
ਊਧਮ ਸਿੰਘ ਨੂੰ ਅਨਾਥ ਆਸ਼ਰਮ ਵਿੱਚ ਪਰਤਿਆ ਇੱਕ ਸਾਲ ਵੀ ਨਹੀਂ ਸੀ ਹੋਇਆ ਸੀ ਜਦੋਂ ਅੰਗਰੇਜ਼ਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਛੇੜੇ ਗਏ ਸੁਤੰਤਰਤਾ ਸੰਗਰਾਮ ਨੂੰ ਦਰੜਣ ਲਈ ਅਜਿਹਾ ਖੌਫਨਾਕ ਕਾਂਡ ਕਰ ਦਿੱਤਾ, ਜਿਸਨੇ ਹਰ ਹਿੰਦੁਸਤਾਨੀ ਨੂੰ ਝਕਝੋਰ ਕੇ ਰੱਖ ਦਿੱਤਾ। ਉਹ ਸਾਲ 1919 ਨੂੰ ਵਿਸਾਖੀ ਵਾਲਾ ਦਿਨ ਯਾਨਿ 13 ਅਪ੍ਰੈਲ ਸੀ। ਉਸ ਸਮੇਂ ਦੇਸ਼ ਵਿੱਚ ਰੋਲਟ ਐਕਟ ਦੀ ਜੋਰਦਾਰ ਖਿਲਾਫਤ ਹੋ ਰਹੀ ਸੀ। ਅਜ਼ਾਦੀ ਘੁਲਾਟੀਆਂ ਨੇ ਲੋਕਾਂ ਨੇ ਵਿਸਾਖੀ ‘ਤੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਇਸ ਐਕਟ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀ। ਉਨ੍ਹਾਂ ਦੇ ਸੱਦੇ ਤੇ ਇਸ ਥਾਂ ਤੇ ਹਜ਼ਾਰਾਂ ਲੋਕ ਪਹੁੰਚੇ ਹੋਏ ਸਨ।
ਨਿਹੱਥਿਆਂ ‘ਤੇ ਗੋਰੇ ਬ੍ਰਿਗੇਡੀਅਰ ਨੇ ਚਲਵਾ ਦਿੱਤੀਆਂ ਗੋਲੀਆਂ
ਜਲ੍ਹਿਆਂਵਾਲਾ ਬਾਗ ਵਿੱਚ ਸ਼ਾਂਤਮਈ ਵਿਰੋਧ ਚੱਲ ਰਿਹਾ ਸੀ। ਉਸੇ ਵੇਲ੍ਹੇ ਬ੍ਰਿਟਿਸ਼ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਨੇ ਆਪਣੀ ਫੌਜ ਨਾਲ ਇਸ ਥਾਂ ਨੂੰ ਚਾਰੋ ਪਾਸਿਓਂ ਘੇਰਾ ਪਾ ਲਿਆ। ਬਿਨਾਂ ਚੇਤਾਵਨੀ ਦਿੱਤੇ ਗੋਰੇ ਡਾਇਰ ਨੇ ਨਿਹੱਥੇ ਲੋਕਾਂ ‘ਤੇ ਬੰਦੂਕਾਂ ਦੇ ਮੁੰਹ ਖੁਲਵਾ ਦਿੱਤੇ। ਅੰਨ੍ਹੇਵਾਹ ਗੋਲੀਆਂ ਚੱਲੀਆਂ….ਲੋਕਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ। ਜਿਸਤੋਂ ਬਾਅਦ ਬਾਗ਼ ਦੇ ਹਰ ਕੋਨੇ ਵਿੱਚ ਇਨਸਾਨਾਂ ਦੀਆਂ ਲਾਸ਼ਾਂ ਡਿੱਗਣੀਆਂ ਸ਼ੁਰੂ ਹੋ ਗਈਆਂ। ਅਗਲੇ ਕੁਝ ਹੀ ਪਲਾਂ ਵਿੱਚ ਉੱਥੇ ਤਕਰੀਬਨ ਇੱਕ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ ਜਦਕਿ 1200 ਤੋਂ ਵੱਧ ਲੋਕ ਜ਼ਖਮੀ ਹੋ ਕੇ ਜ਼ਮੀਨ ਤੇ ਪਏ ਸਨ ਹਨ। ਉਸ ਵੇਲ੍ਹੇ ਮਾਈਕਲ ਓਡਵਾਇਰ ਪੰਜਾਬ ਦੇ ਗਵਰਨਰ ਅਹੁਦੇ ਤੇ ਕਾਬਜ਼ ਸੀ। ਉਸਨੇ ਇਸ ਖੌਫਨਾਕ ਕਤਲੇਆਮ ਦੇ ਬਾਵਜੂਦ ਜਨਰਲ ਡਾਇਰ ਦਾ ਹੀ ਸਮਰਥਨ ਕੀਤਾ।

ਜਲ੍ਹਿਆਂਵਾਲਾ ਬਾਗ
ਊਧਮ ਸਿੰਘ ਦਾ ਸੀਨਾ ਛਲਨੀ ਕਰ ਗਿਆ ਇਹ ਖੂਨੀ ਕਾਂਡ
ਕੁਝ ਇਤਿਹਾਸਕਾਰ ਦਾਅਵਾ ਕਰਦੇ ਹਨ ਕਿ ਇਸ ਘਟਨਾ ਦੌਰਾਨ ਊਧਮ ਸਿੰਘ ਜਲ੍ਹਿਆਂਵਾਲਾ ਬਾਗ ਵਿੱਚ ਮੌਜੂਦ ਸਨ, ਜਦੋਂ ਕਿ ਕੁਝ ਕਹਿੰਦੇ ਹਨ ਕਿ ਉਹ ਬਾਅਦ ਵਿੱਚ ਆਪਣੇ ਅਨਾਥ ਆਸ਼ਰਮ ਦੇ ਮੁਲਾਜ਼ਮ ਵਜੋਂ ਉੱਥੇ ਪਹੁੰਚੇ ਸਨ। ਜੋ ਵੀ ਸੀ, ਕਤਲੇਆਮ ਦੀ ਇਸ ਘਟਨਾ ਨੇ ਊਧਮ ਸਿੰਘ ਦੇ ਮਨ ਤੇ ਬਹੁਤ ਹੀ ਡੂੰਘਾ ਅਸਰ ਪਾਇਆ। ਉਨ੍ਹਾਂ ਨੇ ਖੁਦ ਨਾਲ ਵਾਅਦਾ ਕੀਤਾ ਕਿ ਉਹ ਇਸ ਕਤਲੇਆਮ ਲਈ ਜ਼ਿੰਮੇਵਾਰ ਜਨਰਲ ਡਾਇਰ ਤੋਂ ਕਿਸੇ ਵੀ ਕੀਮਤ ਤੇ ਬਦਲਾ ਲੈਣਗੇ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਇੱਕੋ-ਇੱਕ ਮਕਸਦ ਸੀ …ਬੱਸ ਇਸ ਖੂਨੀ ਕਾਂਡ ਦੇ ਦੋਸ਼ੀਆਂ ਨੂੰ ਇਹੋ ਜਿਹੀ ਮੌਤ ਦੇਣਾ।
ਕ੍ਰਾਂਤੀ ਦੇ ਰਾਹ ਤੇ ਚੱਲੇ ਊਧਮ ਨੂੰ ਜਾਣਾ ਪਿਆ ਜੇਲ੍ਹ
ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਊਧਮ ਸਿੰਘ ਇਨਕਲਾਬ ਦੀ ਰਾਹ ਤੇ ਚੱਲ ਨਿਕਲੇ ਅਤੇ ਗਦਰ ਪਾਰਟੀ ਵਿੱਚ ਸ਼ਾਮਲ ਹੋ ਗਏ। ਫਿਰ ਉਨ੍ਹਾਂ ਨੇ ਆਪਣੀ ਪਾਰਟੀ ਬਣਾਈ ਅਤੇ ਆਜ਼ਾਦ ਪਾਰਟੀ ਨੂੰ ਆਜ਼ਾਦੀ ਸੰਗਰਾਮ ਦਾ ਜਰਿਆ ਬਣਾ ਦਿੱਤਾ। ਇਸ ਦੌਰਾਨ ਉਹ ਸ਼ਹੀਦ ਭਗਤ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਏ।
ਕਿਉਂਕਿ ਜਨਰਲ ਡਾਇਰ ਨੂੰ ਮਾਰਨ ਦੀ ਇੱਛਾ ਮਨ ਵਿਚ ਹਿਲੋਰੇ ਮਾਰ ਰਹੀ ਸੀ, ਇਸ ਲਈ ਉਹ ਕਈ ਦੇਸ਼ਾਂ ਵਿਚ ਮੌਜੂਦ ਭਾਰਤੀ ਇਨਕਲਾਬੀਆਂ ਦੇ ਸੰਪਰਕ ਵਿੱਚ ਸਨ। ਬਰਮਾ, ਜਾਪਾਨ, ਇਟਲੀ, ਪੋਲੈਂਡ, ਜਰਮਨੀ ਅਤੇ ਫਰਾਂਸ ਦੇ ਇਨਕਲਾਬੀ ਉਨ੍ਹਾਂ ਦੇ ਸੰਪਰਕ ਵਿੱਚ ਸਨ। ਹਾਲਾਂਕਿ, ਸਾਲ 1927 ਵਿੱਚ, ਜਨਰਲ ਡਾਇਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਊਧਮ ਸਿੰਘ ਨੂੰ ਇਨਕਲਾਬੀਆਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿੱਚ ਜੇਲ੍ਹ ਜਾਣਾ ਪਿਆ।
ਜੇਲ੍ਹ ਤੋਂ ਰਿਹਾਅ ਹੋ ਕੇ ਪਹੁੰਚੇ ਲੰਡਨ
ਜਨਰਲ ਡਾਇਰ ਤਾਂ ਨਹੀਂ ਰਹੇ, ਇਸ ਲਈ ਊਧਮ ਸਿੰਘ ਨੇ ਗਵਰਨਰ ਮਾਈਕਲ ਡਾਇਰ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਹਾਲਾਂਕਿ, ਜਦੋਂ ਉਹ 1931 ਵਿੱਚ ਜੇਲ੍ਹ ਤੋਂ ਬਾਹਰ ਆੇ ਤਾਂ ਮਾਈਕਲ ਡਾਇਰ ਰਿਟਾਇਰ ਹੋਕੇ ਲੰਡਨ ਵਿੱਚ ਸੈਟਲ ਹੋ ਗਿਆ ਸੀ। ਉਸ ਦੇ ਮਗਰ ਊਧਮ ਸਿੰਘ ਨੇ ਵੀ 1934 ਵਿਚ ਲੰਡਨ ਪਹੁੰਚ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਮੋਟੀ ਕਿਤਾਬ ਨੂੰ ਰਿਵਾਲਵਰ ਦੀ ਸ਼ਕਲ ਵਿਚ ਵਿਚ ਕੱਟਿਆ ਅਤ੍ ਉਸ ਵਿਚ ਰਿਵਾਲਵਰ ਲੁਕਾ ਦਿੱਤੀ। ਹੁਣ ਉਹ ਮੌਕੇ ਦੀ ਉਡੀਕ ਕਰ ਰਹੇ ਸਨ। ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੌਕਾ ਮਿਲਿਆ।
ਪੂਰਾ ਕੀਤਾ 21 ਸਾਲ ਪਹਿਲਾਂ ਲਿਆ ਅਹਿਦ
13 ਮਾਰਚ 1940 ਨੂੰ ਮਾਈਕਲ ਡਾਇਰ ਨੇ ਲੰਡਨ ਵਿੱਚ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੇ ਕੈਕਸਟਨ ਹਾਲ ਵਿੱਚ ਭਾਸ਼ਣ ਦੇਣਾ ਸੀ। ਊਧਮ ਸਿੰਘ ਰਿਵਾਲਵਰ ਲੈ ਕੇ ਉੱਥੇ ਪਹੁੰਚਣ ਵਿਚ ਕਾਮਯਾਬ ਹੋ ਗਏ। ਇਤਫ਼ਾਕ ਦੀ ਗੱਲ ਹੈ ਕਿ ਮਾਈਕਲ ਡਾਇਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਜਲ੍ਹਿਆਂਵਾਲਾ ਮੁੜ ਜਾਵੇਗਾ ਅਤੇ ਕਤਲੇਆਮ ਨੂੰ ਦੁਹਰਾਵੇਗਾ।
ਇਹ ਉਹ ਸਮਾਂ ਸੀ ਜਦੋਂ ਊਧਮ ਸਿੰਘ ਨੇ ਆਪਣੇ ਰਿਵਾਲਵਰ ਦੀਆਂ ਗੋਲੀਆਂ ਉਸ ਦੀ ਛਾਤੀ ਵਿੱਚ ਉਤਾਰ ਦਿੱਤੀਆਂ। ਜਦੋਂ 21 ਸਾਲ ਪੁਰਾਣੀ ਕਸਮ ਪੂਰੀ ਹੋਈ ਤਾਂ ਊਧਮ ਸਿੰਘ ਦੇ ਚਿਹਰੇ ‘ਤੇ ਮੁਸਕਰਾਹਟ ਆ ਗਈ। ਭੱਜਣ ਦੀ ਕੋਸ਼ਿਸ਼ ਕਰਨ ਦੀ ਬਜਾਏ ਉੱਥੇ ਹੀ ਖੜ੍ਹੇ ਰਹੇ ਅਤੇ ਗ੍ਰਿਫਤਾਰੀ ਦੇ ਦਿੱਤੀ। ਅਦਾਲਤ ਵਿੱਚ ਪੇਸ਼ੀ ਦੌਰਾਨ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮਾਈਕਲ ਡਾਇਰ ਨੂੰ ਮਾਰਿਆ ਕਿਉਂਕਿ ਉਹ ਇਸਦਾ ਹੱਕਦਾਰ ਸੀ। ਇਸ ਤੋਂ ਬਾਅਦ 31 ਜੁਲਾਈ 1940 ਨੂੰ ਲੰਡਨ ਦੀ ਪੈਂਟਵਿਲੇ ਜੇਲ੍ਹ ਵਿੱਚ ਉਹ ਉਹ ਹੱਸਦਿਆਂ-ਹੱਸਦਿਆਂ ਫਾਂਸੀ ਦੇ ਫੰਦੇ ਦੇ ਝੂਲ ਗਏ।