ਸਿਰਫ਼ 5% ਆਬਾਦੀ, ਫਿਰ ਵੀ ਨਿਊਜ਼ੀਲੈਂਡ ਵਿੱਚ ਭਾਰਤੀਆਂ ਦਾ ਇੰਨਾ ਦਬਦਬਾ ਕਿਉਂ? ਜਿੱਥੇ ਪਹੁੰਚੇ PM ਮੋਦੀ

Published: 

11 Jul 2026 16:25 PM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ 'ਤੇ ਨਿਊਜ਼ੀਲੈਂਡ ਪਹੁੰਚੇ ਹਨ। ਪ੍ਰਧਾਨ ਮੰਤਰੀ ਦੇ ਰੂਪ ਵਿੱਚ ਇਹ ਉਨ੍ਹਾਂ ਦਾ ਪਹਿਲਾ ਨਿਊਜ਼ੀਲੈਂਡ ਦੌਰਾ ਹੈ। ਇਸ ਤੋਂ ਪਹਿਲਾਂ ਸਾਲ 1986 ਵਿੱਚ ਪ੍ਰਧਾਨ ਮੰਤਰੀ ਵਜੋਂ ਰਾਜੀਵ ਗਾਂਧੀ ਅਤੇ ਸਾਲ 1968 ਵਿੱਚ ਇੰਦਰਾ ਗਾਂਧੀ ਨੇ ਨਿਊਜ਼ੀਲੈਂਡ ਦਾ ਅਧਿਕਾਰਤ ਦੌਰਾ ਕੀਤਾ ਸੀ।

ਸਿਰਫ਼ 5% ਆਬਾਦੀ, ਫਿਰ ਵੀ ਨਿਊਜ਼ੀਲੈਂਡ ਵਿੱਚ ਭਾਰਤੀਆਂ ਦਾ ਇੰਨਾ ਦਬਦਬਾ ਕਿਉਂ? ਜਿੱਥੇ ਪਹੁੰਚੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ‘ਤੇ ਨਿਊਜ਼ੀਲੈਂਡ ਪਹੁੰਚੇ ਹਨ। ਪ੍ਰਧਾਨ ਮੰਤਰੀ ਦੇ ਰੂਪ ਵਿੱਚ ਇਹ ਉਨ੍ਹਾਂ ਦਾ ਪਹਿਲਾ ਨਿਊਜ਼ੀਲੈਂਡ ਦੌਰਾ ਹੈ। ਇਸ ਤੋਂ ਪਹਿਲਾਂ ਸਾਲ 1986 ਵਿੱਚ ਪ੍ਰਧਾਨ ਮੰਤਰੀ ਵਜੋਂ ਰਾਜੀਵ ਗਾਂਧੀ ਅਤੇ ਸਾਲ 1968 ਵਿੱਚ ਇੰਦਰਾ ਗਾਂਧੀ ਨੇ ਨਿਊਜ਼ੀਲੈਂਡ ਦਾ ਅਧਿਕਾਰਤ ਦੌਰਾ ਕੀਤਾ ਸੀ। ਲਗਭਗ 53-54 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਸੰਖਿਆ ਸਿਰਫ਼ ਪੰਜ ਤੋਂ ਛੇ ਫ਼ੀਸਦੀ ਹੈ, ਪਰ ਉਨ੍ਹਾਂ ਦਾ ਪ੍ਰਭਾਵ ਬਹੁਤ ਤਗੜਾ ਹੈ। ਪੀਐਮ ਮੋਦੀ ਦੇ ਇਸ ਦੌਰੇ ਦੇ ਬਹਾਨੇ ਆਓ ਸਮਝਦੇ ਹਾਂ ਕਿ ਭਾਰਤੀਆਂ ਦਾ ਦਬਦਬਾ ਨਿਊਜ਼ੀਲੈਂਡ ਦੇ ਹਰ ਖੇਤਰ ਵਿੱਚ ਕਿਉਂ ਅਤੇ ਕਿਵੇਂ ਬਣਿਆ ਹੋਇਆ ਹੈ।

ਨਿਊਜ਼ੀਲੈਂਡ ਦੀ ਕੁੱਲ ਆਬਾਦੀ ਵਿੱਚ ਭਾਵੇਂ ਹੀ ਭਾਰਤੀ ਮੂਲ ਦੇ ਲੋਕਾਂ ਦੀ ਸੰਖਿਆ ਘੱਟ ਹੈ, ਪਰ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਸਿਆਸੀ ਜੀਵਨ ਵਿੱਚ ਭਾਰਤੀਆਂ ਦੀ ਮੌਜੂਦਗੀ ਕਾਫ਼ੀ ਮਜ਼ਬੂਤ ਦਿਖਾਈ ਦਿੰਦੀ ਹੈ। ਸੰਸਦ ਤੋਂ ਲੈ ਕੇ ਕਾਰੋਬਾਰ ਤੱਕ, ਸਿੱਖਿਆ ਤੋਂ ਲੈ ਕੇ ਸਿਹਤ ਸੇਵਾਵਾਂ ਤੱਕ ਅਤੇ ਤਕਨੀਕ ਤੋਂ ਲੈ ਕੇ ਸੰਸਕ੍ਰਿਤੀ ਤੱਕ, ਭਾਰਤੀ ਮੂਲ ਦੇ ਲੋਕ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਪ੍ਰਭਾਵ ਕੇਵਲ ਸੰਖਿਆ ਨਾਲ ਨਹੀਂ ਬਣਿਆ ਹੈ। ਇਸ ਦੇ ਪਿੱਛੇ ਮਿਹਨਤ, ਸਿੱਖਿਆ, ਉੱਦਮਤਾ, ਪਰਿਵਾਰ-ਕੇਂਦ੍ਰਿਤ ਸੋਚ ਅਤੇ ਸਮਾਜ ਦੇ ਨਾਲ ਜੁੜਨ ਦੀ ਇੱਛਾ ਹੈ। ਭਾਰਤੀ ਭਾਈਚਾਰੇ ਨੇ ਨਿਊਜ਼ੀਲੈਂਡ ਨੂੰ ਕੇਵਲ ਆਪਣਾ ਨਵਾਂ ਘਰ ਨਹੀਂ ਮੰਨਿਆ, ਸਗੋਂ ਉਸ ਨੇ ਦੇਸ਼ ਦੀ ਪ੍ਰਗਤੀ ਵਿੱਚ ਭਾਈਵਾਲ ਬਣਨ ਦਾ ਯਤਨ ਵੀ ਕੀਤਾ ਹੈ।

ਮਿਹਨਤ ਅਤੇ ਸਿੱਖਿਆ ਨੇ ਬਣਾਈ ਪਛਾਣ

ਨਿਊਜ਼ੀਲੈਂਡ ਆਉਣ ਵਾਲੇ ਭਾਰਤੀਆਂ ਵਿੱਚ ਵੱਡੀ ਸੰਖਿਆ ਪੜ੍ਹੇ-ਲਿਖੇ ਲੋਕਾਂ ਦੀ ਰਹੀ ਹੈ। ਕਈ ਲੋਕ ਆਈ.ਟੀ., ਇੰਜੀਨੀਅਰਿੰਗ, ਸਿਹਤ, ਵਿੱਤ, ਸਿੱਖਿਆ ਅਤੇ ਪ੍ਰਬੰਧਨ ਵਰਗੇ ਖੇਤਰਾਂ ਨਾਲ ਜੁੜੇ ਹੋਏ ਹਨ। ਕੁਝ ਲੋਕ ਪੜ੍ਹਾਈ ਦੇ ਲਈ ਨਿਊਜ਼ੀਲੈਂਡ ਆਏ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਉੱਥੇ ਹੀ ਕੰਮ ਸ਼ੁਰੂ ਕਰ ਦਿੱਤਾ, ਜਿਸ ਮਗਰੋਂ ਉਹ ਹੌਲੀ-ਹੌਲੀ ਸਥਾਨਕ ਸਮਾਜ ਦਾ ਹਿੱਸਾ ਬਣ ਗਏ। ਭਾਰਤੀ ਪਰਿਵਾਰ ਸਿੱਖਿਆ ਨੂੰ ਬਹੁਤ ਮਹੱਤਵ ਦਿੰਦੇ ਹਨ। ਬੱਚਿਆਂ ਦੀ ਪੜ੍ਹਾਈ, ਹੁਨਵਰ ਅਤੇ ਬਿਹਤਰ ਭਵਿੱਖ ‘ਤੇ ਖ਼ਾਸ ਧਿਆਨ ਦਿੱਤਾ ਜਾਂਦਾ है। ਇਹੀ ਕਾਰਨ ਹੈ ਕਿ ਭਾਰਤੀ ਮੂਲ ਦੇ ਨੌਜਵਾਨ ਯੂਨੀਵਰਸਿਟੀਆਂ, ਤਕਨੀਕੀ ਸੰਸਥਾਵਾਂ ਅਤੇ ਪੇਸ਼ੇਵਰ ਖੇਤਰਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ। ਕਈ ਭਾਰਤੀ ਡਾਕਟਰ, ਨਰਸ, ਫਾਰਮਾਸਿਸਟ, ਅਧਿਆਪਕ, ਇੰਜੀਨੀਅਰ ਅਤੇ ਤਕਨੀਕੀ ਮਾਹਰ ਬਣ ਕੇ ਕੰਮ ਕਰ ਰਹੇ ਹਨ। ਇਸ ਨਾਲ ਨਿਊਜ਼ੀਲੈਂਡ ਨੂੰ ਕੁਸ਼ਲ ਮਾਨਵ ਸੰਸਾਧਨ ਮਿਲਿਆ ਹੈ, ਖ਼ਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਮਾਹਰਾਂ ਦੀ ਕਮੀ ਰਹਿੰਦੀ ਹੈ।

ਨਿਊਜ਼ੀਲੈਂਡ ਵਿੱਚ ਹਰ ਸਾਲ 80 ਹਜ਼ਾਰ ਭਾਰਤੀ ਤਾਂ ਸਿਰਫ਼ ਘੁੰਮਣ ਲਈ ਪਹੁੰਚਦੇ ਹਨ। ਫ਼ੋਟੋ: Pixabay

ਸਿਹਤ ਸੇਵਾਵਾਂ ਵਿੱਚ ਅਹਿਮ ਭੂਮਿਕਾ

ਨਿਊਜ਼ੀਲੈਂਡ ਦੀ ਸਿਹਤ ਵਿਵਸਥਾ ਵਿੱਚ ਭਾਰਤੀ ਮੂਲ ਦੇ ਪੇਸ਼ੇਵਰਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਦੇਸ਼ ਦੇ ਕਈ ਹਸਪਤਾਲਾਂ, ਕਲੀਨਿਕਾਂ ਅਤੇ ਬਜ਼ੁਰਗ ਸੰਭਾਲ ਕੇਂਦਰਾਂ ਵਿੱਚ ਭਾਰਤੀ ਡਾਕਟਰ, ਨਰਸ ਅਤੇ ਹੈਲਥ ਵਰਕਰ ਕੰਮ ਕਰ ਰਹੇ ਹਨ। ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ ਭਾਰਤੀ ਡਾਕਟਰਾਂ ਨੇ ਸੇਵਾਵਾਂ ਦਿੱਤੀਆਂ ਹਨ। ਅਜਿਹੇ ਖੇਤਰਾਂ ਵਿੱਚ ਮੈਡੀਕਲ ਸਹੂਲਤਾਂ ਸੀਮਤ ਹੋ ਸਕਦੀਆਂ ਹਨ ਅਤੇ ਉੱਥੇ ਕੰਮ ਕਰਨਾ ਆਸਾਨ ਨਹੀਂ ਹੁੰਦਾ, ਫਿਰ ਵੀ ਕਈ ਭਾਰਤੀ ਪੇਸ਼ੇਵਰਾਂ ਨੇ ਇਨ੍ਹਾਂ ਇਲਾਕਿਆਂ ਨੂੰ ਚੁਣਿਆ। ਉਨ੍ਹਾਂ ਨੇ ਸਥਾਨਕ ਲੋਕਾਂ ਦੇ ਲਈ ਸਿਹਤ ਸੇਵਾਵਾਂ ਨੂੰ ਬਹੀਤਰ ਬਣਾਉਣ ਵਿੱਚ ਮਦਦ ਕੀਤੀ। ਕੋਵਿਡ ਮਹਾਂਮਾਰੀ ਦੇ ਦੌਰਾਨ ਵੀ ਭਾਰਤੀ ਮੂਲ ਦੇ ਸਿਹਤ ਕਰਮਚਾਰੀਆਂ ਦੀ ਭੂਮਿਕਾ ਸ਼ਲਾਘਾਯੋਗ ਰਹੀ। ਉਨ੍ਹਾਂ ਨੇ ਹਸਪਤਾਲਾਂ, ਜਾਂਚ ਕੇਂਦਰਾਂ ਅਤੇ ਦੇਖਭਾਲ ਸੇਵਾਵਾਂ ਵਿੱਚ ਲਗਾਤਾਰ ਕੰਮ ਕੀਤਾ। ਇਹ ਯੋਗਦਾਨ ਕੇਵਲ ਨੌਕਰੀ ਦਾ ਹਿੱਸਾ ਨਹੀਂ ਸੀ, ਸਗੋਂ ਇਹ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਦੀ ਇੱਕ ਵੱਡੀ ਮਿਸਾਲ ਸੀ।

ਨਿਊਜ਼ੀਲੈਂਡ ਵਿੱਚ ਭਾਰਤੀਆਂ ਨੂੰ ਮਿਲਦੇ ਹੋਏ ਪੀਐਮ ਮੋਦੀ। ਫ਼ੋਟੋ: X/narendramodi

ਅਰਥਵਿਵਸਥਾ ਨੂੰ ਮਜ਼ਬੂਤ ਕਰ ਰਿਹਾ ਭਾਰਤੀ ਕਾਰੋਬਾਰ

ਭਾਰਤੀ ਭਾਈਚਾਰਾ ਨਿਊਜ਼ੀਲੈਂਡ ਦੀ ਅਰਥਵਿਵਸਥਾ ਵਿੱਚ ਵੀ ਸਰਗਰਮ ਹੈ। ਛੋਟੇ ਕਾਰੋਬਾਰਾਂ ਤੋਂ ਲੈ ਕੇ ਵੱਡੇ ਉਦਯੋਗਾਂ ਤੱਕ, ਭਾਰਤੀ ਮੂਲ ਦੇ ਲੋਕ ਕਈ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਕਿਰਾਨਾ ਸਟੋਰ, ਰੈਸਟੋਰੈਂਟ, ਟ੍ਰਾਂਸਪੋਰਟ, ਨਿਰਮਾਣ, ਰੀਅਲ ਐਸਟੇਟ, ਆਈ.ਟੀ. ਸੇਵਾਵਾਂ ਅਤੇ ਆਯਾਤ-ਨਿਰਯਾਤ ਵਰਗੇ ਖੇਤਰਾਂ ਵਿੱਚ ਭਾਰਤੀ ਉੱਦਮੀ ਦਿਖਾਈ ਦਿੰਦੇ ਹਨ। ਭਾਰਤੀ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰਾਂ ਨੇ ਕਈ ਸਥਾਨਕ ਇਲਾਕਿਆਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਹਨ। ਉਹ ਲੰਬੇ ਸਮੇਂ ਤੱਕ ਕੰਮ ਕਰਦੇ ਹਨ, ਗਾਹਕਾਂ ਨਾਲ ਸਿੱਧਾ ਜੁੜਦੇ ਹਨ ਅਤੇ ਸਥਾਨਕ ਅਰਥਵਿਵਸਥา ਨੂੰ ਗਤੀ ਦਿੰਦੇ ਹਨ। ਕਈ ਕਾਰੋਬਾਰ ਰੁਜ਼ਗਾਰ ਵੀ ਪੈਦਾ ਕਰਦੇ ਹਨ। ਭਾਰਤੀ ਰੈਸਟੋਰੈਂਟਾਂ ਨੇ ਨਿਊਜ਼ੀਲੈਂਡ ਦੇ ਖਾਣ-ਪੀਣ ਵਿੱਚ ਨਵੀਂ ਵਿਭਿੰਨਤਾ ਜੋੜੀ ਹੈ। ਅੱਜ ਭਾਰਤੀ ਭੋਜਨ ਦੇਸ਼ ਦੇ ਪ੍ਰਸਿੱਧ ਪਕਵਾਨਾਂ ਵਿੱਚ ਸ਼ਾਮਲ ਹੈ। ਕਰੀ, ਬਿਰਯਾਨੀ, ਸਮੋਸਾ, ਡੋਸਾ ਅਤੇ ਚਾਹ ਵਰਗੇ ਸਵਾਦ ਆਮ ਲੋਕਾਂ ਤੱਕ ਪਹੁੰਚ ਚੁੱਕੇ ਹਨ। ਇਸ ਨਾਲ ਕੇਵਲ ਭੋਜਨ ਸੰਸਕ੍ਰਿਤੀ ਨਹੀਂ ਬਦਲੀ, ਸਗੋਂ ਸੈਰ-ਸਪਾਟਾ, ਹਾਸਪਿਟੈਲਿਟੀ ਅਤੇ ਛੋਟੇ ਕਾਰੋਬਾਰਾਂ ਨੂੰ ਵੀ ਫ਼ਾਇਦਾ ਹੋਇਆ ਹੈ।

ਭਾਰਤੀਆਂ ਨੇ ਦਿੱਤੀ ਪੇਸ਼ਕਾਰੀ। ਫ਼ੋਟੋ: X/narendramodi

ਤਕਨੀਕ ਅਤੇ ਇਨੋਵੇਸ਼ਨ ਵਿੱਚ ਭਾਰਤੀਆਂ ਦੀ ਭਾਗੀਦਾਰੀ

ਨਿਊਜ਼ੀਲੈਂਡ ਦੀ ਅਰਥਵਿਵਸਥਾ ਵਿੱਚ ਤਕਨੀਕ ਦਾ ਮਹੱਤਵ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ਖੇਤਰ ਵਿੱਚ ਭਾਰਤੀ ਮੂਲ ਦੇ ਪੇਸ਼ੇਵਰਾਂ ਦੀ ਭਾਗੀਦਾਰੀ ਮਜ਼ਬੂਤ ਹੈ। ਉਹ ਸਾਫਟਵੇਅਰ, ਡੇਟਾ, ਸਾਈਬਰ ਸੁਰੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਸੇਵਾਵਾਂ ਨਾਲ ਜੁੜੇ ਹੋਏ ਹਨ। ਕਈ ਭਾਰਤੀ ਨੌਜਵਾਨ ਸਟਾਰਟਅੱਪਸ ਵਿੱਚ ਕੰਮ ਕਰ ਰਹੇ ਹਨ ਅਤੇ ਕੁਝ ਆਪਣੇ ਨਵੇਂ ਕਾਰੋਬਾਰ ਸ਼ੁਰੂ ਕਰ ਰਹੇ ਹਨ। ਉਹ ਡਿਜੀਟਲ ਸਮੱਸਿਆਵਾਂ ਦੇ ਹੱਲ ਤਿਆਰ ਕਰ ਰਹੇ ਹਨ, ਜਿਸ ਨਾਲ ਕੰਪਨੀਆਂ ਦੀ ਕਾਰਜਕੁਸ਼ਲਤਾ ਵਧਦੀ ਹੈ, ਨਵੇਂ ਰੁਜ਼ਗਾਰ ਬਣਦੇ ਹਨ ਅਤੇ ਦੇਸ਼ ਦੀ ਡਿਜੀਟਲ ਸਮਰੱਥਾ ਮਜ਼ਬੂਤ ਹੁੰਦੀ ਹੈ। ਭਾਰਤੀ ਆਈ.ਟੀ. ਮਾਹਰਾਂ ਦਾ ਅਨੁਭਵ ਗਲੋਬਲ ਪੱਧਰ ਦਾ ਹੁੰਦਾ ਹੈ। ਕਈ ਲੋਕ ਭਾਰਤ, ਅਮਰੀਕਾ, ਯੂਰਪ ਜਾਂ ਏਸ਼ੀਆ ਦੇ ਵੱਡੇ ਪ੍ਰੋਜੈਕਟਾਂ ‘ਤੇ ਕੰਮ ਕਰ ਚੁੱਕੇ ਹੁੰਦੇ ਹਨ। ਉਹ ਇਹ ਅਨੁਭਵ ਨਿਊਜ਼ੀਲੈਂਡ ਦੀਆਂ ਕੰਪਨੀਆਂ ਅਤੇ ਸੰਸਥਾਵਾਂ ਤੱਕ ਲੈ ਕੇ ਆਉਂਦੇ ਹਨ, ਜਿਸ ਨਾਲ ਦੇਸ਼ ਨੂੰ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਵਿੱਚ ਮਦਦ ਮਿਲਦੀ ਹੈ।

ਸੰਸਦ ਅਤੇ ਸਿਆਸਤ ਵਿੱਚ ਵਧਦੀ ਆਵਾਜ਼

ਭਾਰਤੀ ਮੂਲ ਦੇ ਲੋਕਾਂ ਦੀ ਸਿਆਸੀ ਭਾਗੀਦਾਰੀ ਵੀ ਵਧੀ ਹੈ। ਪ੍ਰਿਅੰਕਾ ਰਾਧਾਕ੍ਰਿਸ਼ਨਨ, ਡਾ. ਪਰਮਜੀਤ ਕੌਰ ਵਰਗੇ ਲੋਕਾਂ ਨੇ ਭਾਰਤ ਦਾ ਝੰਡਾ ਬੁਲੰਦ ਕੀਤਾ ਹੈ। ਨਿਊਜ਼ੀਲੈਂਡ ਦੀ ਸੰਸਦ ਅਤੇ ਸਥਾਨਕ ਨਿਕਾਇਆਂ ਵਿੱਚ ਭਾਰਤੀ ਭਾਈਚਾਰੇ ਨਾਲ ਜੁੜੇ ਪ੍ਰਤੀਨਿਧੀ ਮੌਜੂਦ ਰਹੇ ਹਨ। ਇਹ ਲੋਕਤੰਤਰ ਦੇ ਲਈ ਇੱਕ ਸਕਾਰਾਤਮਕ ਸੰਕੇਤ ਹੈ। ਸਿਆਸਤ ਵਿੱਚ ਭਾਰਤੀ ਮੂਲ ਦੇ ਨੇਤਾਵਾਂ ਦੀ ਮੌਜੂਦਗੀ ਨਾਲ ਪ੍ਰਵਾਸੀ ਭਾਈਚਾਰਿਆਂ ਦੀ ਆਵਾਜ਼ ਮਜ਼ਬੂਤ ਹੁੰਦੀ ਹੈ। ਉਹ ਸਿੱਖਿਆ, ਰੁਜ਼ਗਾਰ, ਸੁਰੱਖਿਆ, ਇਮੀਗ੍ਰੇਸ਼ਨ, ਕਾਰੋਬਾਰ ਅਤੇ ਸਮਾਜਿਕ ਸਮਾਨਤਾ ਵਰਗੇ ਮੁੱਦਿਆਂ ਨੂੰ ਸਾਹਮਣੇ ਲਿਆ ਸਕਦੇ ਹਨ। ਹਾਲਾਂਕਿ, ਉਹ ਕੇਵਲ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ, ਸਗੋਂ ਉਹ ਪੂਰੇ ਦੇਸ਼ ਅਤੇ ਆਪਣੇ ਚੋਣ ਖੇਤਰ ਦੇ ਲੋਕਾਂ ਦੇ ਲਈ ਕੰਮ ਕਰਦੇ ਹਨ। ਭਾਰਤੀ ਮੂਲ ਦੇ ਪ੍ਰਤੀਨਿਧੀਆਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਪ੍ਰਵਾਸੀ ਨਾਗਰਿਕ ਵੀ ਜਨਤਕ ਜੀਵਨ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੇ ਹਨ। ਲੋਕਤੰਤਰ ਵਿੱਚ ਭਾਗੀਦਾਰੀ ਜ਼ਰੂਰੀ ਹੈ; ਵੋਟਿੰਗ, ਸਥਾਨਕ ਬੈਠਕਾਂ ਵਿੱਚ ਸ਼ਾਮਲ ਹੋਣਾ ਅਤੇ ਸਮਾਜਿਕ ਸੰਗਠਨਾਂ ਨਾਲ ਜੁੜਨਾ ਵੀ ਇਸੇ ਪ੍ਰਕਿਰਿਆ ਦਾ ਹਿੱਸਾ ਹੈ।

ਪੀਐਮ ਮੋਦੀ ਅਤੇ ਨਿਊਜ਼ੀਲੈਂਡ ਦੇ ਪੀਐਮ ਲਕਸਨ। ਫ਼ੋਟੋ: X/narendramodi

ਸੰਸਕ੍ਰਿਤੀ ਦੇ ਜ਼ਰੀਏ ਵਧ ਰਹੀ ਸਮਾਜਿਕ ਏਕਤਾ

ਭਾਰਤੀ ਭਾਈਚਾਰੇ ਨੇ ਨਿਊਜ਼ੀਲੈਂਡ ਦੀ ਸੱਭਿਆਚਾਰਕ ਪਛਾਣ ਨੂੰ ਵੀ ਅਮੀਰ ਕੀਤਾ ਹੈ। ਦੀਵਾਲੀ, ਹੋਲੀ, ਈਦ, ਵਿਸਾਖੀ, ਗਰਬਾ, ਛੱਠ ਪੂਜਾ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਹੁਣ ਕਈ ਸ਼ਹਿਰਾਂ ਵਿੱਚ ਵੱਡੇ ਪੱਧਰ ‘ਤੇ ਆਯੋਜਿਤ ਹੁੰਦੇ ਹਨ। ਇਨ੍ਹਾਂ ਵਿੱਚ ਕੇਵਲ ਭਾਰਤੀ ਹੀ ਨਹੀਂ, ਬਲਕਿ ਵੱਖ-ਵੱਖ ਪਿਛੋਕੜ ਵਾਲੇ ਲੋਕ ਵੀ ਸ਼ਾਮਲ ਹੁੰਦੇ ਹਨ। ਦੀਵਾਲੀ ਉਤਸਵ ਵਿਸ਼ੇਸ਼ ਰੂਪ ਵਿੱਚ ਪ੍ਰਸਿੱਧ ਹੈ। ਰੋਸ਼ਨੀ, ਸੰਗੀਤ, ਨ੍ਰਿਤ ਅਤੇ ਭਾਰਤੀ ਭੋਜਨ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ। ਅਜਿਹੇ ਆਯੋਜਨ ਸਮਾਜਾਂ ਦੇ ਵਿਚਕਾਰ ਦੂਰੀ ਘੱਟ ਕਰਦੇ ਹਨ ਅਤੇ ਲੋਕ ਇੱਕ-ਦੂਜੇ ਦੀਆਂ ਪਰੰਪਰਾਵਾਂ ਨੂੰ ਸਮਝਦੇ ਹਨ। ਭਾਰਤੀ ਭਾਸ਼ਾਵਾਂ, ਸੰਗੀਤ, ਯੋਗ, ਸ਼ਾਸਤਰੀ ਨ੍ਰਿਤ ਅਤੇ ਬਾਲੀਵੁੱਡ ਦਾ ਵੀ ਪ੍ਰਭਾਵ ਵਧਿਆ ਹੈ। ਬੱਚਿਆਂ ਨੂੰ ਹਿੰਦੀ, ਪੰਜਾਬੀ, ਗੁਜਰਾਤੀ, ਤਮਿਲ ਅਤੇ ਹੋਰ ਭਾਸ਼ਾਵਾਂ ਸਿਖਾਉਣ ਦੇ ਲਈ ਭਾਈਚਾਰਕ ਯਤਨ ਕੀਤੇ ਜਾਂਦੇ ਹਨ, ਤਾਂ ਜੋ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਨਾਲ ਜੁੜੀ ਰਹੇ। ਭਾਰਤ ਵਿੱਚ ਬੇਹੱਦ ਪ੍ਰਸਿੱਧ ਕ੍ਰਿਕਟ ਦੀ ਦੁਨੀਆ ਵਿੱਚ ਭਾਰਤੀ ਮੂਲ ਦੇ ਕ੍ਰਿਕਟਰ ਰਚਿਨ ਰਵਿੰਦਰਾ, ਈਸ਼ ਸੋਢੀ, ਆਦਿਤਿਆ ਅਸ਼ੋਕ ਵਰਗੇ ਖਿਡਾਰੀ ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਹੀਰੋ ਹਨ।

ਪਰਿਵਾਰ ਅਤੇ ਭਾਈਚਾਰੇ ਦੀ ਤਾਕਤ

ਭਾਰਤੀ ਭਾਈਚਾਰੇ ਦੀ ਇੱਕ ਵੱਡੀ ਤਾਕਤ ਉਸ ਦੀ ਆਪਸੀ ਸਹਾਇਤਾ ਦੀ ਭਾਵਨਾ ਹੈ। ਨਵੇਂ ਆਉਣ ਵਾਲੇ ਲੋਕਾਂ ਨੂੰ ਰਹਿਣ, ਨੌਕਰੀ, ਪੜ੍ਹਾਈ ਅਤੇ ਸਮਾਜਿਕ ਜੀਵਨ ਨਾਲ ਜੁੜੀ ਜਾਣਕਾਰੀ ਮਿਲਦੀ ਹੈ। ਕਈ ਭਾਈਚਾਰਕ ਸੰਗਠਨ ਇਸ ਕੰਮ ਵਿੱਚ ਮਦਦ ਕਰਦੇ ਹਨ। ਮੰਦਿਰ, ਗੁਰਦੁਆਰੇ, ਸੱਭਿਆਚਾਰਕ ਕੇਂਦਰ ਅਤੇ ਸਮਾਜਿਕ ਸੰਸਥਾਵਾਂ ਕੇਵਲ ਧਾਰਮਿਕ ਸਥਾਨ ਨਹੀਂ ਹਨ, ਸਗੋਂ ਉਹ ਲੋਕਾਂ ਨੂੰ ਜੋੜਨ ਦਾ ਕੰਮ ਵੀ ਕਰਦੇ ਹਨ। ਇੱਥੇ ਲੰਗਰ, ਲੋੜਵੰਦਾਂ ਦੀ ਮਦਦ, ਭਾਸ਼ਾ ਦੀਆਂ ਕਲਾਸਾਂ ਅਤੇ ਭਾਈਚਾਰਕ ਪ੍ਰੋਗਰਾਮ ਆਯੋਜਿਤ ਹੁੰਦੇ ਹਨ। ਭਾਰਤੀ ਭਾਈਚਾਰੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਅਤੇ ਪਰਿਵਾਰ ਦਾ ਮਹੱਤਵ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ। ਇਹ ਸੋਚ ਸਮਾਜਿਕ ਸਥਿਰਤਾ ਦਿੰਦੀ ਹੈ। ਬੱਚੇ, ਨੌਜਵਾਨ ਅਤੇ ਬਜ਼ੁਰਗ ਇੱਕ-ਦੂਜੇ ਨਾਲ ਜੁੜੇ ਰਹੇ ਹਨ, ਜਿਸ ਨਾਲ ਭਾਈਚਾਰੇ ਦੇ ਅੰਦਰ ਸਹਿਯੋਗ ਦੀ ਭਾਵਨਾ ਬਣੀ ਰਹਿੰਦੀ ਹੈ।

ਸੰਖੇਪ ਵਿੱਚ ਕਿਹਾ ਜਾਵੇ ਤਾਂ ਨਿਊਜ਼ੀਲੈਂਡ ਵਿੱਚ ਭਾਰਤੀਆਂ ਦੀ ਆਬਾਦੀ ਭਾਵੇਂ ਹੀ ਘੱਟ ਹੈ, ਪਰ ਉਨ੍ਹਾਂ ਦਾ ਯੋਗਦਾਨ ਵਿਆਪਕ ਹੈ। ਉਨ੍ਹਾਂ ਨੇ ਸਿਹਤ, ਸਿੱਖਿਆ, ਕਾਰੋਬਾਰ, ਤਕਨੀਕ, ਸਿਆਸਤ ਅਤੇ ਸੰਸਕ੍ਰਿਤੀ ਵਰਗੇ ਖੇਤਰਾਂ ਵਿੱਚ ਡੂੰਘਾ ਪ੍ਰਭਾਵ ਛੱਡਿਆ ਹੈ। ਉਨ੍ਹਾਂ ਦੀ ਸਫ਼ਲਤਾ ਦਾ ਆਧਾਰ ਮਿਹਨਤ, ਸਿੱਖਿਆ, ਅਨੁਸ਼ਾਸਨ ਅਤੇ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਹੈ। ਭਾਰਤੀ ਭਾਈਚਾਰੇ ਨੇ ਨਿਊਜ਼ੀਲੈਂਡ ਦੀ ਪ੍ਰਗਤੀ ਵਿੱਚ ਹਿੱਸੇਦਾਰੀ ਕੀਤੀ ਹੈ। ਉਸ ਨੇ ਨਵੀਆਂ ਨੌਕਰੀਆਂ ਦਿੱਤੀਆਂ ਹਨ, ਸੇਵਾਵਾਂ ਬਿਹਤਰ ਕੀਤੀਆਂ ਹਨ, ਸੱਭਿਆਚਾਰਕ ਵਿਭਿੰਨਤਾ ਵਧਾਈ ਹੈ ਅਤੇ ਲੋਕਤੰਤਰੀ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਹੈ। ਇਸ ਲਈ ਨਿਊਜ਼ੀਲੈਂਡ ਵਿੱਚ ਭਾਰਤੀਆਂ ਦਾ ਪ੍ਰਭਾਵ ਕੇਵਲ ਜਨਸੰਖਿਆ ਦੇ ਪ੍ਰਤੀਸ਼ਤ ਨਾਲ ਨਹੀਂ ਮਾਪਿਆ ਜਾ ਸਕਦਾ, ਬਲਕਿ ਇਸ ਨੂੰ ਉਨ੍ਹਾਂ ਦੇ ਕੰਮ, ਯੋਗਦਾਨ ਅਤੇ ਸਕਾਰਾਤਮਕ ਭੂਮਿਕਾ ਤੋਂ ਸਮਝਣਾ ਚਾਹੀਦਾ ਹੈ।

Follow Us