ਸੰਸਦ ਦਾ 4 ਦਿਨਾਂ ਦਾ ਸੈਸ਼ਨ ਕਿਉਂ ਬੁਲਾਇਆ ਗਿਆ? ਕਿਸ ਨਿਯਮ ਤਹਿਤ ਮੁੜ ਹੋਵੇਗੀ ਲੋਕ ਸਭਾ ਤੇ ਰਾਜ ਸਭਾ ਦੀ ਬੈਠਕ?
Parliament Special Session: ਸਰਕਾਰ ਨੇ ਸੰਸਦ ਦਾ 4 ਦਿਨਾਂ ਦਾ ਸੈਸ਼ਨ ਮੁੜ ਬੁਲਾਇਆ ਹੈ। ਇਹ ਮੌਨਸੂਨ ਸੈਸ਼ਨ ਦਾ ਹੀ ਵਿਸਥਾਰ ਹੋਵੇਗਾ। ਲੋਕ ਸਭਾ ਦੀ ਬੈਠਕ 30 ਨਵੰਬਰ ਅਤੇ ਰਾਜ ਸਭਾ ਦੀ ਬੈਠਕ 2 ਦਸੰਬਰ ਨੂੰ ਹੋਵੇਗੀ, ਪਰ ਇਸ ਦੌਰਾਨ ਨਾ ਪ੍ਰਸ਼ਨਕਾਲ ਹੋਵੇਗਾ ਅਤੇ ਨਾ ਹੀ ਸਿਫ਼ਰ ਕਾਲ।
ਸੰਸਦ ਦਾ ਮੌਨਸੂਨ ਸੈਸ਼ਨ ਖ਼ਤਮ ਹੋਣ ਦੇ ਕਰੀਬ 100 ਦਿਨਾਂ ਬਾਅਦ ਇੱਕ ਵਾਰ ਫਿਰ ਲੋਕ ਸਭਾ ਅਤੇ ਰਾਜ ਸਭਾ ਦੀ ਬੈਠਕ ਹੋਣ ਜਾ ਰਹੀ ਹੈ। ਸਰਕਾਰ ਨੇ ਸੰਸਦ ਦਾ ਚਾਰ ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਹ ਮੌਨਸੂਨ ਸੈਸ਼ਨ ਦਾ ਹੀ ਵਿਸਥਾਰ ਹੋਵੇਗਾ। ਹਾਲਾਂਕਿ, ਇਸ ਵਾਰ ਸੰਸਦ ਦੀ ਕਾਰਵਾਈ ਆਮ ਸੈਸ਼ਨ ਤੋਂ ਵੱਖਰੀ ਹੋਵੇਗੀ। ਦੋਵਾਂ ਸਦਨਾਂ ਵਿੱਚ ਇਸ ਦੌਰਾਨ ਨਾ ਤਾਂ ਪ੍ਰਸ਼ਨਕਾਲ ਹੋਵੇਗਾ, ਨਾ ਸਿਫ਼ਰ ਕਾਲ ਅਤੇ ਨਾ ਹੀ ਗੈਰ-ਸਰਕਾਰੀ ਮੈਂਬਰਾਂ ਦਾ ਕੰਮਕਾਜ ਹੋਵੇਗਾ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਵੀਰਵਾਰ ਨੂੰ X ‘ਤੇ ਇਸ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਸਭਾਪਤੀ ਨੂੰ ਸਦਨਾਂ ਦੀਆਂ ਬੈਠਕਾਂ ਮੁੜ ਬੁਲਾਉਣ ਦੀ ਬੇਨਤੀ ਕੀਤੀ ਹੈ। ਲੋਕ ਸਭਾ ਦੀ ਬੈਠਕ 30 ਨਵੰਬਰ ਅਤੇ ਰਾਜ ਸਭਾ ਦੀ ਬੈਠਕ 2 ਦਸੰਬਰ ਤੋਂ ਮੁੜ ਸ਼ੁਰੂ ਹੋਵੇਗੀ। ਕੰਮ ਦੀਆਂ ਲੋੜਾਂ ਨੂੰ ਦੇਖਦੇ ਹੋਏ ਦੋਵਾਂ ਸਦਨਾਂ ਦੀ ਬੈਠਕ 3 ਦਸੰਬਰ ਨੂੰ ਖ਼ਤਮ ਹੋ ਸਕਦੀ ਹੈ।
ਕਿਹੋ ਜਿਹਾ ਹੋਵੇਗਾ ਸੰਸਦ ਦਾ 4 ਦਿਨਾਂ ਦਾ ਸੈਸ਼ਨ?
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਵੱਲੋਂ ਪ੍ਰਸਤਾਵ ਰੱਖੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਲੋਕ ਸਭਾ ਅਤੇ ਰਾਜ ਸਭਾ ਦੀਆਂ ਬੈਠਕਾਂ ਮੁੜ ਬੁਲਾ ਲਈਆਂ ਗਈਆਂ। ਸੰਸਦ ਦੀਆਂ ਆਉਣ ਵਾਲੀਆਂ ਬੈਠਕਾਂ 30 ਨਵੰਬਰ ਤੋਂ 3 ਦਸੰਬਰ ਤੱਕ ਪ੍ਰਸਤਾਵਿਤ ਹਨ। ਹਾਲਾਂਕਿ, ਦੋਵਾਂ ਸਦਨਾਂ ਦੀਆਂ ਬੈਠਕਾਂ ਇੱਕੋ ਦਿਨ ਸ਼ੁਰੂ ਨਹੀਂ ਹੋਣਗੀਆਂ। ਲੋਕ ਸਭਾ ਦੀ ਕਾਰਵਾਈ 30 ਨਵੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ, ਜਦਕਿ ਰਾਜ ਸਭਾ ਦੀ ਕਾਰਵਾਈ 2 ਦਸੰਬਰ ਨੂੰ ਇਸੇ ਸਮੇਂ ਸ਼ੁਰੂ ਹੋਵੇਗੀ।
ਲੋਕ ਸਭਾ ਸਕੱਤਰੇਤ ਦੇ ਨੋਟੀਫਿਕੇਸ਼ਨ ਮੁਤਾਬਕ, ਇਨ੍ਹਾਂ ਬੈਠਕਾਂ ਦੌਰਾਨ ਪ੍ਰਸ਼ਨਕਾਲ, ਸਿਫ਼ਰ ਕਾਲ ਅਤੇ ਗੈਰ-ਸਰਕਾਰੀ ਮੈਂਬਰਾਂ ਦਾ ਕੰਮਕਾਜ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਸੰਸਦ ਮੈਂਬਰਾਂ ਨੂੰ ਆਮ ਸੈਸ਼ਨ ਵਾਂਗ ਪ੍ਰਸ਼ਨਕਾਲ ਦੌਰਾਨ ਮੰਤਰੀਆਂ ਨੂੰ ਸਵਾਲ ਪੁੱਛਣ ਅਤੇ ਸਿਫ਼ਰ ਕਾਲ ਵਿੱਚ ਵੱਖ-ਵੱਖ ਮੁੱਦੇ ਚੁੱਕਣ ਦਾ ਮੌਕਾ ਨਹੀਂ ਮਿਲੇਗਾ। ਇਸ ਦੌਰਾਨ ਸਿਰਫ਼ ਜ਼ਰੂਰੀ ਸਰਕਾਰੀ ਕੰਮਕਾਜ ਹੀ ਹੋਵੇਗਾ। ਰਾਜ ਸਭਾ ਦੇ ਮੈਂਬਰਾਂ ਨੂੰ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਕਿਸ ਨਿਯਮ ਤਹਿਤ ਮੁੜ ਬੁਲਾਈ ਗਈ ਸੰਸਦ?
ਇਸ ਬੈਠਕ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਮੌਨਸੂਨ ਸੈਸ਼ਨ ਦਾ ਹੀ ਵਿਸਥਾਰ ਹੋਵੇਗੀ। ਇਸ ਨੂੰ ਸਰਦ ਰੁੱਤ ਦਾ ਸੈਸ਼ਨ ਨਹੀਂ ਮੰਨਿਆ ਜਾਵੇਗਾ। ਦਰਅਸਲ, ਇਸ ਤੋਂ ਪਹਿਲਾਂ ਸੰਸਦ ਦਾ ਮਾਨਸੂਨ ਸੈਸ਼ਨ 13 ਅਗਸਤ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ (Adjourned Sine Die) ਕਰ ਦਿੱਤਾ ਗਿਆ ਸੀ। ਪਰ 100 ਦਿਨਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਰਾਸ਼ਟਰਪਤੀ ਵੱਲੋਂ ਇਸ ਸੈਸ਼ਨ ਨੂੰ ਅਧਿਕਾਰਤ ਤੌਰ ‘ਤੇ ਸਮਾਪਤ (Prorogation) ਨਹੀਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ
ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਲੋਕ ਸਭਾ ਦੀ ਕਾਰਜ-ਪ੍ਰਣਾਲੀ ਅਤੇ ਕੰਮਕਾਜ ਦੇ ਨਿਯਮਾਂ ਦੇ ਨਿਯਮ 15 ਤਹਿਤ ਸਪੀਕਰ ਨੂੰ ਇਹ ਅਧਿਕਾਰ ਹੈ ਕਿ ਉਹ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਗਏ ਸਦਨ ਦੀ ਬੈਠਕ ਮੁੜ ਬੁਲਾ ਸਕਦੇ ਹਨ। ਇਸੇ ਵਿਵਸਥਾ ਤਹਿਤ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਸਭਾਪਤੀ ਵੱਲੋਂ ਬੈਠਕ ਬੁਲਾਈ ਗਈ ਹੈ। ਉੱਥੇ ਹੀ, 3 ਦਸੰਬਰ ਨੂੰ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਇਸ ਸੈਸ਼ਨ ਨੂੰ ਅਧਿਕਾਰਤ ਤੌਰ ‘ਤੇ ਸਮਾਪਤ ਕਰ ਦਿੱਤਾ ਜਾਵੇਗਾ।
ਸਰਕਾਰ ਨੇ ਅੱਜ ਬੁਲਾਈ ਕੈਬਨਿਟ ਦੀ ਬੈਠਕ
ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਦੌਰਾਨ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਅਤੇ ਹਲਕਾਬੰਦੀ ਨਾਲ ਸਬੰਧਤ ਸੰਵਿਧਾਨਕ ਸੋਧ ਬਿੱਲ ਪੇਸ਼ ਕਰ ਸਕਦੀ ਹੈ। ਇਸੇ ਸਾਲ ਅਪ੍ਰੈਲ ਵਿੱਚ ਵੀ ਇਸ ਬਿੱਲ ਨੂੰ ਲੈ ਕੇ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਪਰ ਦੋ-ਤਿਹਾਈ ਬਹੁਮਤ ਦੀ ਘਾਟ ਕਾਰਨ ਹਲਕਾਬੰਦੀ ਬਿੱਲ ਪਾਸ ਨਹੀਂ ਹੋ ਸਕਿਆ ਸੀ। ਹੁਣ ਸਰਕਾਰ ਇੱਕ ਵਾਰ ਫਿਰ ਲੋਕ ਸਭਾ ਅਤੇ ਰਾਜ ਸਭਾ ਦੀਆਂ ਬੈਠਕਾਂ ਦੌਰਾਨ ਇਸ ਨੂੰ ਪੇਸ਼ ਕਰ ਸਕਦੀ ਹੈ।
ਵਿਸ਼ੇਸ਼ ਸੈਸ਼ਨ ਨੂੰ ਦੇਖਦੇ ਹੋਏ ਕੇਂਦਰੀ ਕੈਬਨਿਟ ਦੀ ਅੱਜ ਯਾਨੀ ਸ਼ੁੱਕਰਵਾਰ ਨੂੰ ਬੈਠਕ ਵੀ ਬੁਲਾਈ ਗਈ ਹੈ। ਇਹ ਬੈਠਕ ਦੁਪਹਿਰ 1 ਵਜੇ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਹਲਕਾਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ ਵਿੱਚ ਬਦਲਾਅ ਨੂੰ ਮਨਜ਼ੂਰੀ ਦੇ ਸਕਦੀ ਹੈ।
Source: TV9Hindi.com


