ਗ੍ਰੇਟਰ ਨੋਇਡਾ ‘ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਨੂਡਲਜ਼ ਖਾ ਕੇ ਸੁੱਤਾ ਸੀ ਪਰਿਵਾਰ, DCP ਨੇ ਕੀ ਦੱਸਿਆ?
Greater Nodia 5 Family Members Mysterious Death: ਗ੍ਰੇਟਰ ਨੋਇਡਾ ਦੇ ਰਬੂਪੁਰਾ ਵਿੱਚ ਮਹੇਸ਼, ਪਤਨੀ ਲਲਿਤਾ ਅਤੇ 3 ਬੱਚਿਆਂ ਦੀ ਗਈ ਜਾਨ, ਰਾਤ ਨੂੰ ਨੂਡਲਜ਼ ਖਾ ਕੇ ਸੁੱਤਾ ਸੀ ਪਰਿਵਾਰ
ਗ੍ਰੇਟਰ ਨੋਇਡਾ ‘ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
Greater Noida Crime News: ਗ੍ਰੇਟਰ ਨੋਇਡਾ ਦੇ ਰਬੂਪੁਰਾ ਥਾਣਾ ਖੇਤਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਅਤੇ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਮਾਸੂਮ ਬੱਚੇ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਫੂਡ ਪੌਇਜ਼ਨਿੰਗ ਜਾਂ ਕਿਸੇ ਜ਼ਹਿਰੀਲੇ ਪਦਾਰਥ ਦੇ ਸੇਵਨ ਦਾ ਆਸ਼ਕਾਂ ਜਤਾਈ ਜਾ ਰਹੀ ਹੈ। ਹਾਲਾਂਕਿ, ਮੌਤਾਂ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।
ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਗੁਆਂਢੀਆਂ ਵਿੱਚ ਸੰਨਾਟਾ ਅਤੇ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ, ਪਰਿਵਾਰ ਰਾਤ ਨੂੰ ਨੂਡਲਜ਼ ਖਾਣ ਤੋਂ ਬਾਅਦ ਸੌਣ ਚਲਾ ਗਿਆ ਸੀ। ਸ਼ਨੀਵਾਰ ਸਵੇਰੇ ਜਦੋਂ ਘਰ ਵਿੱਚ ਕੋਈ ਹਲਚਲ ਨਹੀਂ ਹੋਈ ਅਤੇ ਕਾਫ਼ੀ ਦੇਰ ਤੱਕ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਗੁਆਂਢੀਆਂ ਨੂੰ ਕਿਸੇ ਅਣਹੋਣੀ ਦਾ ਖ਼ਦਸ਼ਾ ਹੋਇਆ। ਜਦੋਂ ਗੁਆਂਢੀ ਘਰ ਦੇ ਅੰਦਰ ਪਹੁੰਚੇ ਤਾਂ ਪੂਰਾ ਪਰਿਵਾਰ ਬਿਸਤਰੇ ‘ਤੇ ਬੇਹੋਸ਼ ਪਿਆ ਸੀ। ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਹੋਈ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਮ੍ਰਿਤਕਾਂ ਦੀ ਪਛਾਣ ਮਹੇਸ਼, ਉਨ੍ਹਾਂ ਦੀ ਪਤਨੀ ਲਲਿਤਾ ਅਤੇ ਤਿੰਨ ਬੱਚਿਆਂ ਵਜੋਂ ਹੋਈ
ਗ੍ਰੇਟਰ ਨੋਇਡਾ ਦੇ ਐਡੀਸ਼ਨਲ DCP ਅਨੁਸਾਰ, ਮ੍ਰਿਤਕਾਂ ਦੀ ਪਛਾਣ 38 ਸਾਲਾ ਮਹੇਸ਼, ਉਨ੍ਹਾਂ ਦੀ 36 ਸਾਲਾ ਪਤਨੀ ਲਲਿਤਾ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੀ ਫੋਰੈਂਸਿਕ ਮਾਹਰਾਂ ਦੀ ਟੀਮ ਨੇ ਰਸੋਈ ਵਿੱਚੋਂ ਚਾਹ ਦੇ ਭਾਂਡੇ, ਨੂਡਲਜ਼ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਨਮੂਨੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ, ਤਾਂ ਜੋ ਉਨ੍ਹਾਂ ਦੀ ਲੈਬ ਵਿੱਚ ਜਾਂਚ ਕਰਵਾਈ ਜਾ ਸਕੇ।
ਫੂਡ ਪੌਇਜ਼ਨਿੰਗ ਦਾ ਸ਼ੱਕ, ਐਡੀਸ਼ਨਲ DCP ਬੋਲੇ—ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਜਾਂਚ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਪੁਲਿਸ ਨੇ ਪੰਚਨਾਮਾ ਭਰਨ ਤੋਂ ਬਾਅਦ ਪੰਜਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਗ੍ਰੇਟਰ ਨੋਇਡਾ ਦੇ ਐਡੀਸ਼ਨਲ DCP ਨੇ ਦੱਸਿਆ ਕਿ ਪੁਲਿਸ ਹਰ ਸੰਭਾਵੀ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਖ਼ੁਦਕੁਸ਼ੀ, ਜ਼ਹਿਰੀਲਾ ਖਾਣਾ ਜਾਂ ਕਿਸੇ ਸਾਜ਼ਿਸ਼ ਦੇ ਪਹਿਲੂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਮੌਤਾਂ ਦੇ ਸਹੀ ਅਤੇ ਅਸਲ ਕਾਰਨਾਂ ਦਾ ਖ਼ੁਲਾਸਾ ਹੋ ਸਕੇਗਾ। Source: TV9Hindi.com
