ਫਾਂਸੀ ਜਾਂ ਉਮਰਕੈਦ.. 1984 ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਅੱਜ ਸੁਣਾਈ ਜਾ ਸਕਦੀ ਹੈ ਸਜ਼ਾ

tv9-punjabi
Updated On: 

21 Feb 2025 10:14 AM

Sajjan Kumar conviction: ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਇੱਕ ਮਾਮਲੇ ਵਿੱਚ ਅੱਜ ਦਿੱਲੀ ਦੀ ਰਾਊਂਜ ਐਵੇਨਿਓ ਕੋਰਟ ਅੱਜ ਸਜ਼ਾ ਦਾ ਐਲਾਨ ਕਰ ਸਕਦੀ ਹੈ। 18 ਫਰਵਰੀ ਨੂੰ ਸਰਕਾਰੀ ਵਕੀਲ ਨੇ ਲਿਖਤ ਦਲੀਲ ਨੂੰ ਪੇਸ਼ ਕਰਦਿਆਂ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।

ਫਾਂਸੀ ਜਾਂ ਉਮਰਕੈਦ.. 1984 ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਅੱਜ ਸੁਣਾਈ ਜਾ ਸਕਦੀ ਹੈ ਸਜ਼ਾ

ਸੱਜਣ ਕੁਮਾਰ

Follow Us On

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਦੀ ਸਜ਼ਾ ਦੀ ਸੁਣਵਾਈ ਸ਼ੁੱਕਰਵਾਰ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿੱਚ ਹੋਵੇਗੀ। ਇਹ ਮਾਮਲਾ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਦੰਗਿਆਂ ਦੌਰਾਨ ਸੱਜਣ ਕੁਮਾਰ ਬਾਹਰੀ ਦਿੱਲੀ ਤੋਂ ਸੰਸਦ ਮੈਂਬਰ ਸਨ। ਅਦਾਲਤ ਨੇ 12 ਫਰਵਰੀ, 2025 ਨੂੰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ।

18 ਫਰਵਰੀ ਨੂੰ, ਸਰਕਾਰੀ ਵਕੀਲ ਨੇ ਅਦਾਲਤ ਵਿੱਚ ਇੱਕ ਲਿਖਤੀ ਦਲੀਲ ਪੇਸ਼ ਕੀਤੀ, ਜਿਸ ਵਿੱਚ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸੱਜਣ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਿਆ ਸੀ, ਜਿਸ ਕਾਰਨ ਸੁਣਵਾਈ 21 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ, ਸਰਦਾਰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਨੂੰ ਦੰਗਾਕਾਰੀਆਂ ਨੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਕੁੱਟਣ ਤੋਂ ਬਾਅਦ ਜ਼ਿੰਦਾ ਸਾੜ ਦਿੱਤਾ ਸੀ।

ਪਹਿਲਾਂ ਵੀ ਹੋ ਚੁੱਕੀ ਹੈ ਸਜ਼ਾ

17 ਦਸੰਬਰ, 2018 ਨੂੰ, ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਦਿੱਲੀ ਕੈਂਟ ਦੇ ਪਾਲਮ ਕਲੋਨੀ ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਦੰਗਾਕਾਰੀਆਂ ਨੇ ਗੁਰਦੁਆਰੇ ਨੂੰ ਵੀ ਸਾੜ ਦਿੱਤਾ ਸੀ। ਹਾਲਾਂਕਿ ਸਤੰਬਰ 2023 ਵਿੱਚ, ਰਾਊਸ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਇੱਕ ਹੋਰ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ।