ਮਣੀਕਰਨ ਘਾਟੀ ਵਿਵਾਦ: ਹੋਟਲ ਮਾਲਕ ਅਮਨ ਸੂਦ ਨੂੰ SDM ਕੋਰਟ ਨੇ ਜਾਰੀ ਕੀਤੇ ਸੰਮਨ, ਅੱਜ ਹੋਵੇਗੀ ਪੇਸ਼ੀ
Manikaran Valley Dispute: ਮਣੀਕਰਨ ਘਾਟੀ ਵਿੱਚ ਸਿੱਖ ਯਾਤਰੀਆਂ ਵੱਲੋਂ ਲਗਾਏ ਝੰਡੇ ਹਟਾਉਣ ਦੇ ਮਾਮਲੇ ਵਿੱਚ ਹੋਟਲ ਮਾਲਕ ਅਮਨ ਸੂਦ ਨੂੰ SDM ਕੁੱਲੂ ਦੀ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। ਉਨ੍ਹਾਂ 'ਤੇ ਜਨਤਕ ਸ਼ਾਂਤੀ ਭੰਗ ਕਰਨ ਦਾ ਇਲਜ਼ਾਮ ਹੈ। ਇਸ ਘਟਨਾ ਨੇ ਪੰਜਾਬ ਅਤੇ ਹਿਮਾਚਲ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਵੀ ਨਾਰਾਜ਼ਗੀ ਪ੍ਰਗਟਾਈ ਸੀ।

ਹਿਮਾਚਲ ਪ੍ਰਦੇਸ਼ ਦੇ ਮਣੀਕਰਨ ਘਾਟੀ ਵਿੱਚ ਪੰਜਾਬੀ ਨੌਜਵਾਨਾਂ ਨਾਲ ਹੋਈ ਬਦਸਲੂਕੀ ਦੇ ਮਾਮਲੇ ਵਿੱਚ ਹੋਟਲ ਮਾਲਕ ਅਮਨ ਸੂਦ ਨੂੰ ਸਬ-ਡਿਵੀਜ਼ਨਲ ਮੈਜਿਸਟ੍ਰੇਟ (SDM) ਕੁੱਲੂ ਦੀ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। ਅਮਨ ਸੂਦ ਨੂੰ 24 ਮਾਰਚ, 2025 ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।
ਅਮਨ ਸੂਦ ‘ਤੇ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਮਨ ਸੂਦ ਨੇ ਕੁੱਲੂ ਵਿੱਚ ਸਿੱਖ ਸੈਲਾਨੀਆਂ ਵੱਲੋਂ ਲਗਾਏ ਗਏ ਝੰਡੇ ਉਤਾਰ ਦਿੱਤੇ, ਜਿਸ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਵਾਦ ਸ਼ੁਰੂ ਹੋ ਗਿਆ। ਇਸ ਘਟਨਾ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਸਖ਼ਤ ਨਾਰਾਜ਼ਗੀ ਜਤਾਈ ਸੀ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਸੀ।
ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਮਨ ਸੂਦ ਖ਼ਿਲਾਫ਼ BNS 2023 ਦੀ ਧਾਰਾ 126/169 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਚੌਕੀ ਜਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਮਨ ਸੂਦ ਦੀ ਇਸ ਕਾਰਵਾਈ ਨਾਲ ਮਣੀਕਰਨ ਘਾਟੀ ਵਿੱਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚੀ ਹੈ।
ਜਾਰੀ ਕੀਤੇ ਗਏ ਸੰਮਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਮਨ ਸੂਦ ਨਿਰਧਾਰਤ ਸਮੇਂ ‘ਤੇ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ, ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਘਟਨਾ ਤੋਂ ਬਾਅਦ ਬੱਸਾਂ ਨੂੰ ਬਣਾਇਆ ਗਿਆ ਸੀ ਨਿਸ਼ਾਨਾ
ਇਸ ਵਿਵਾਦ ਤੋਂ ਬਾਅਦ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ ‘ਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਖਰੜ ਵਿੱਚ ਹਿਮਾਚਲ ਰੋਡਵੇਜ਼ ਦੀ ਇੱਕ ਬੱਸ ‘ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਬੱਸ ਦੀਆਂ ਖਿੜਕੀਆਂ ਟੁੱਟ ਗਈਆਂ। ਡਰਾਈਵਰ ਅਤੇ ਕੰਡਕਟਰ ਅਨੁਸਾਰ ਦੋ ਅਣਪਛਾਤੇ ਵਿਅਕਤੀਆਂ ਨੇ ਬੱਸ ਨੂੰ ਰੋਕਿਆ ਅਤੇ ਸ਼ੀਸ਼ਾ ਤੋੜ ਕੇ ਭੱਜ ਗਏ।
ਇਹ ਵੀ ਪੜ੍ਹੋ
ਇਸ ਘਟਨਾ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਬੰਧਾਂ ਵਿੱਚ ਖਟਾਸ ਆ ਰਹੀ ਹੈ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਮੁੱਦੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਾਂ ਨੂੰ ਸੰਭਾਲਣ ਵਿੱਚ ਅਸਫਲਤਾ ਦਿਖਾਉਣ ਦਾ ਇਲਜ਼ਾਮ ਲਗਾਇਆ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਇਸ ਕਾਰਵਾਈ ਦੀ ਆਲੋਚਨਾ ਕੀਤੀ ਹੈ ਅਤੇ ਦੋਵਾਂ ਰਾਜਾਂ ਵਿਚਕਾਰ ਵਧਦੇ ਤਣਾਅ ‘ਤੇ ਚਿੰਤਾ ਪ੍ਰਗਟ ਕੀਤੀ ਹੈ।