TV9 ਫੈਸਟੀਵਲ ਆਫ ਇੰਡੀਆ ‘ਚ ਮਹਾ ਨੌਮੀ ਦੀ ਧੂਮ, ਸੂਫ਼ੀ ਸੰਗੀਤ ਤੋਂ ਡਾਂਡੀਆ ਤੱਕ ਸਜੀ ਸ਼ਾਮ
TV9 Festival of India: ਦਿੱਲੀ ਦੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ ਚੱਲ ਰਹੇ TV9 Festival of India ਵਿੱਚ ਮਹਾ ਨਵਮੀ ਦਾ ਦਿਨ ਸ਼ਰਧਾ, ਸੰਗੀਤ ਅਤੇ ਸੱਭਿਆਚਾਰਕ ਜਸ਼ਨ ਦੇ ਨਾਂ ਰਿਹਾ। ਮਾਂ ਦੁਰਗਾ ਦੀ ਪੂਜਾ ਅਤੇ ਆਰਤੀ ਨੇ ਸ਼ਰਧਾਲੂਆਂ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।
TV9 ਫੈਸਟੀਵਲ ‘ਚ ਮਹਾ ਨੌਮੀ ਦੀ ਧੂਮ
ਦਿੱਲੀ ਦੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ ਸਜੇ TV9 Festival of India ਦੇ ਚੌਥੇ ਦਿਨ ਮਹਾ ਨਵਮੀ ਮੌਕੇ ਜਸ਼ਨ ਦਾ ਰੰਗ ਹੋਰ ਵੀ ਗੂੜ੍ਹਾ ਨਜ਼ਰ ਆਇਆ। ਮਾਂ ਦੁਰਗਾ ਦੀ ਭਗਤੀ, ਸੱਭਿਆਚਾਰਕ ਪੇਸ਼ਕਾਰੀਆਂ, ਸੰਗੀਤ ਅਤੇ ਡਾਂਡੀਆ ਦੇ ਵਿਚਕਾਰ ਇਸ ਮਹੋਤਸਵ ਵਿੱਚ ਰਾਜਨੀਤੀ ਤੋਂ ਲੈ ਕੇ ਮਨੋਰੰਜਨ ਜਗਤ ਤੱਕ ਦੀ ਝਲਕ ਦੇਖਣ ਨੂੰ ਮਿਲੀ। ਮਹਾ ਨਵਮੀ ਦੀ ਸ਼ੁਰੂਆਤ ਮਾਂ ਦੁਰਗਾ ਦੀ ਪੂਜਾ ਨਾਲ ਹੋਈ। ਇਸ ਤੋਂ ਬਾਅਦ ਮੰਤਰਾਂ ਦੇ ਉਚਾਰਨ ਨਾਲ ਸੰਧੀ ਪੂਜਾ ਕੀਤੀ ਗਈ ਅਤੇ ਫਿਰ ਨਵਮੀ ਦੀ ਪੂਜਾ ਹੋਈ। ਦੁਪਹਿਰ ਵੇਲੇ ਮਾਂ ਨੂੰ ਭੋਗ ਅਰਪਣ ਕੀਤਾ ਗਿਆ ਅਤੇ ਹਵਨ ਵੀ ਕੀਤਾ ਗਿਆ।
ਸ਼ਾਮ ਨੂੰ ਮਾਂ ਦੁਰਗਾ ਦੀ ਆਰਤੀ ਕੀਤੀ ਗਈ। ਢਾਕ ਦੀ ਗੂੰਜ ਅਤੇ ਧੁਨੁਚੀ ਨ੍ਰਿਤ ਨੇ ਪੂਜਾ ਅਤੇ ਜਸ਼ਨ ਦੇ ਮਾਹੌਲ ਨੂੰ ਬੇਹੱਦ ਖ਼ਾਸ ਬਣਾ ਦਿੱਤਾ। ਇਸ ਮੌਕੇ ਸ਼ਰਧਾਲੂ ਮਾਂ ਦੁਰਗਾ ਦੀ ਭਗਤੀ ਵਿੱਚ ਲੀਨ ਨਜ਼ਰ ਆਏ।
TV9 ਫੈਸਟੀਵਲ ਵਿੱਚ ਪਹੁੰਚੀਆਂ ਕਈ ਪ੍ਰਮੁੱਖ ਹਸਤੀਆਂ
ਇਸ ਫੈਸਟੀਵਲ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਨਿਸ਼ਾਦ ਪਾਰਟੀ ਦੇ ਪ੍ਰਧਾਨ ਸੰਜੇ ਨਿਸ਼ਾਦ, ਕਾਂਗਰਸ ਆਗੂ ਪਵਨ ਖੇੜਾ, ਭਾਜਪਾ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਪ੍ਰਵੇਸ਼ ਵਰਮਾ, ਭਾਜਪਾ ਦੇ ਰਾਜ ਸਭਾ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਅਤੇ ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨੇ ਸ਼ਿਰਕਤ ਕੀਤੀ। ਸਾਰਿਆਂ ਨੇ ਮਾਂ ਦੁਰਗਾ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆ ਅਤੇ ਫੈਸਟੀਵਲ ਦੇ ਜਸ਼ਨ ਭਰੇ ਮਾਹੌਲ ਦਾ ਆਨੰਦ ਮਾਣਿਆ।
ਪੰਜ ਦਿਨਾਂ ਤੱਕ ਚੱਲਣ ਵਾਲਾ ਇਹ ਮਹੋਤਸਵ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਇੱਕ ਮੰਚ ‘ਤੇ ਸਮੇਟ ਰਿਹਾ ਹੈ। ਇੱਥੇ ਇੱਕ ਪਾਸੇ ਸ਼ਾਨਦਾਰ ਦੁਰਗਾ ਪੂਜਾ ਪੰਡਾਲ ਵਿੱਚ ਸ਼ਰਧਾਲੂ ਮਾਂ ਦੁਰਗਾ ਦੇ ਦਰਸ਼ਨ ਕਰ ਰਹੇ ਹਨ, ਤਾਂ ਦੂਜੇ ਪਾਸੇ ਡਾਂਡੀਆ ਅਤੇ ਗਰਬੇ ਦੀਆਂ ਧੁਨਾਂ ‘ਤੇ ਲੋਕ ਜਸ਼ਨ ਦਾ ਆਨੰਦ ਮਾਣ ਰਹੇ ਹਨ।
ਨਿਜ਼ਾਮੀ ਬੰਧੂਆਂ ਦੀ ਗਾਇਕੀ ਨੇ ਸ਼ਾਮ ਨੂੰ ਬਣਾਇਆ ਖ਼ਾਸ
ਚੌਥੇ ਦਿਨ ਦੀ ਸੰਗੀਤਮਈ ਸ਼ਾਮ ਵਿੱਚ ਨਿਜ਼ਾਮੀ ਬੰਧੂਆਂ ਦੀ ਸੂਫ਼ੀਆਨਾ ਗਾਇਕੀ, ਸੌਰਭ ਸ਼ੌਰੀ ਦੀ ਗਾਇਕੀ ਅਤੇ DJ ਵੇਰੋਨਿਕਾ ਦੀਆਂ ਧੁਨਾਂ ਨੇ ਪ੍ਰੋਗਰਾਮ ਦੀ ਰੌਣਕ ਵਧਾ ਦਿੱਤੀ। ਸੂਫ਼ੀ ਸੰਗੀਤ ਤੋਂ ਲੈ ਕੇ ਆਧੁਨਿਕ ਬੀਟਸ ਤੱਕ, ਸੰਗੀਤ ਦੀਆਂ ਵੱਖ-ਵੱਖ ਸ਼ੈਲੀਆਂ ਨੇ ਦਰਸ਼ਕਾਂ ਲਈ ਇਸ ਸ਼ਾਮ ਨੂੰ ਯਾਦਗਾਰ ਬਣਾ ਦਿੱਤਾ।
ਇਹ ਵੀ ਪੜ੍ਹੋ
ਫੈਸਟੀਵਲ ਵਿੱਚ ਸੰਗੀਤ ਅਤੇ ਪੂਜਾ-ਅਰਚਨਾ ਦੇ ਨਾਲ-ਨਾਲ ਸ਼ਾਪਿੰਗ ਬਾਜ਼ਾਰ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਵੱਖ-ਵੱਖ ਸੂਬਿਆਂ ਦੀ ਕਲਾ ਤੇ ਪਰੰਪਰਾਵਾਂ ਨਾਲ ਜੁੜੇ ਉਤਪਾਦ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਸਮਾਗਮ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਦੇਸ਼ ਦੀ ਅਨੇਕਤਾ ਵਿੱਚ ਏਕਤਾ ਅਤੇ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਵੀ ਹੈ।
ਹੁਣ ਫੈਸਟੀਵਲ ਆਪਣੇ ਆਖ਼ਰੀ ਪੜਾਅ ‘ਤੇ ਪਹੁੰਚ ਗਿਆ ਹੈ। ਸਮਾਪਤੀ ਵਾਲੇ ਦਿਨ ਵੀ ਸੰਗੀਤ ਅਤੇ ਡਾਂਡੀਆ ਦੀ ਮਹਿਫ਼ਲ ਸਜੇਗੀ। ਐਲਾਨੇ ਗਏ ਪ੍ਰੋਗਰਾਮ ਮੁਤਾਬਕ ਗਾਇਕਾ ਫਲਿਤਾ, ਮਹਿਫ਼ਲ-ਏ-ਖ਼ਾਸ ਅਤੇ DJ ਨਿਤੀਸ਼ ਗੁਲਿਆਨੀ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
Source: TV9Hindi.com