ਖਾਲਿਸਤਾਨ-ਲਸ਼ਕਰ ਗਠਜੋੜ ਦਾ ਪਰਦਾਫਾਸ਼, ਤਾਲਿਬਾਨੀ ਅੰਦਾਜ਼ ‘ਚ ਕੀਤਾ ਹਿੰਦੂ ਲੜਕੇ ਦਾ ਕਤਲ
ਦੇਸ਼ 'ਚ ਖਾਲਿਸਤਾਨੀ ਅਤੇ ਲਸ਼ਕਰ ਅੱਤਵਾਦੀ ਸੰਗਠਨਾਂ ਦਾ ਗਠਜੋੜ ਸਾਹਮਣੇ ਆਇਆ ਹੈ। ਇਹ ਖੁਲਾਸਾ ਹੋਇਆ ਹੈ ਕਿ ਅਰਸ਼ਦੀਪ ਡੱਲਾ ਅਤੇ ਲਸ਼ਕਰ-ਏ-ਤੋਇਬਾ ਦੇ ਨਿਰਦੇਸ਼ਾਂ 'ਤੇ ਦਿੱਲੀ 'ਚ ਇਕ ਹਿੰਦੂ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਦਿੱਲੀ ਤੋਂ ਫੜੇ ਗਏ ਅੱਤਵਾਦੀ ਨੌਸ਼ਾਦ ਅਤੇ ਜਗਜੀਤ ਨੇ ਇਹ ਖੁਲਾਸਾ ਕੀਤਾ ਹੈ।
ਖਾਲਿਸਤਾਨ ਅਤੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੇ ਗਠਜੋੜ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਤੋਂ ਫੜੇ ਗਏ ਅੱਤਵਾਦੀ ਨੌਸ਼ਾਦ ਅਤੇ ਜਗਜੀਤ ਸਿੰਘ ਉਰਫ ਜੱਗਾ ਨੇ ਰਾਜਧਾਨੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਦਿੱਲੀ ‘ਚ ਇਕ ਹਿੰਦੂ ਲੜਕੇ ਦਾ ਕਤਲ ਕੀਤਾ ਸੀ। ਦੋਵਾਂ ਨੇ ਅੱਤਵਾਦੀ ਅਰਸ਼ਦੀਪ ਡੱਲਾ ਅਤੇ ਲਸ਼ਕਰ ਦੇ ਹੈਂਡਲਰ ਸੁਹੇਲ ਦੇ ਕਹਿਣ ‘ਤੇ ਉਸ ਦਾ ਕਤਲ ਕੀਤਾ ਸੀ। ਇੰਨਾ ਹੀ ਨਹੀਂ ਦੋਹਾਂ ਨੇ ਕਤਲ ਨੂੰ ਅੰਜਾਮ ਦਿੰਦੇ ਹੋਏ ਤਾਲਿਬਾਨੀ ਅੰਦਾਜ਼ ‘ਚ ਵੀਡੀਓ ਵੀ ਬਣਾਈ ਸੀ। ਦਿੱਲੀ ਪੁਲਿਸ ਨੇ ਦੋਵਾਂ ਨੂੰ ਜਹਾਂਗੀਰ ਪੁਰੀ ਤੋਂ ਗ੍ਰਿਫ਼ਤਾਰ ਕੀਤਾ ਸੀ।
ਅੱਤਵਾਦੀ ਨੌਸ਼ਾਦ ਅਤੇ ਜਗਜੀਤ ਨੇ ਕੀ-ਕੀ ਦੱਸਿਆ?
ਇਸ ਮਾਮਲੇ ‘ਚ ਅਰਸ਼ਦੀਪ ਡੱਲਾ ਦਾ ਲਸ਼ਕਰ-ਏ-ਤੋਇਬਾ ਨਾਲ ਸਬੰਧ ਸਾਹਮਣੇ ਆਇਆ ਹੈ। ਅੱਤਵਾਦੀ ਨੌਸ਼ਾਦ ਅਤੇ ਜਗਜੀਤ ਨੇ ਦੱਸਿਆ ਹੈ ਕਿ ਆਈਐਸਆਈ ਅਤੇ ਲਸ਼ਕਰ-ਏ-ਤੋਇਬਾ ਦੇ ਇਸ਼ਾਰੇ ‘ਤੇ ਆਰਐਸਐਸ ਨੇਤਾਵਾਂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਖੁਲਾਸਾ ਹੋਇਆ ਹੈ ਕਿ ਜਗਜੀਤ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਡੱਲਾ ਦੇ ਸੰਪਰਕ ‘ਚ ਸੀ। ਜਗਜੀਤ ਡੱਲਾ ਦੇ ਨਿਰਦੇਸ਼ਾਂ ‘ਤੇ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਵੀ ਬਣਾ ਰਿਹਾ ਸੀ।
ਆਈਐਸਆਈ ਨਾਲ ਰੱਲ ਕੇ ਰਚੀ ਸਾਜ਼ਿਸ਼
ਦਿੱਲੀ ਪੁਲਿਸ ਦੀ ਚਾਰਜਸ਼ੀਟ ‘ਚ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਲਸ਼ਕਰ ਸਮੇਤ ਕਈ ਪਾਕਿਸਤਾਨੀ ਅੱਤਵਾਦੀ ਸੰਗਠਨ ਖਾਲਿਸਤਾਨੀ ਸੰਗਠਨਾਂ ਨਾਲ ਮਿਲ ਕੇ ਭਾਰਤ ‘ਚ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਸਾਫ਼ ਹੈ ਕਿ ਡੱਲਾ ਆਈਐਸਆਈ ਦੇ ਨਿਰਦੇਸ਼ਾਂ ‘ਤੇ ਪੰਜਾਬ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਆਰਐਸਐਸ ਅਤੇ ਹਿੰਦੂ ਨੇਤਾਵਾਂ ਦੀ ਕਰਵਾ ਰਹੇ ਸਨ ਪਹਿਚਾਣ
ਸਪੈਸ਼ਲ ਸੈੱਲ ਦੀ ਚਾਰਜਸ਼ੀਟ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਇਹ ਲੋਕ ਆਰਐਸਐਸ ਅਤੇ ਹਿੰਦੂ ਨੇਤਾਵਾਂ ਦੀ ਪਛਾਣ ਕਰਵਾ ਰਹੇ ਸਨ। ਤਾਂ ਜੋ ਇਨ੍ਹਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਕੇ ਦੇਸ਼ ਵਿੱਚ ਅਸਥਿਰਤਾ ਪੈਦਾ ਕੀਤੀ ਜਾ ਸਕੇ ਪਰ ਇਸ ਤੋਂ ਪਹਿਲਾਂ ਹੀ ਸਪੈਸ਼ਲ ਸੈੱਲ ਵੱਲੋਂ ਨੌਸ਼ਾਦ ਅਤੇ ਜਗਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਵੱਡੀ ਗੱਲ ਇਹ ਹੈ ਕਿ ਉਸ ਦੇ ਕਈ ਸਾਥੀ ਅਜੇ ਵੀ ਪੰਜਾਬ ਵਿੱਚ ਸਰਗਰਮ ਹਨ, ਜੋ ਡੱਲਾ ਦੇ ਸੰਪਰਕ ਵਿੱਚ ਹਨ।