ਖਾਲਿਸਤਾਨੀ ਅੱਤਵਾਦੀ ਪੰਨੂ ਨੇ 6 ਦਿਨ ਪਹਿਲਾਂ ਦਿੱਤੀ ਸੀ ਸੰਸਦ ‘ਤੇ ਹਮਲੇ ਦੀ ਧਮਕੀ , ਫਿਰ ਵੀ ਕਿਵੇਂ ਹੋਈ ਸੁਰੱਖਿਆ ‘ਚ ਢਿੱਲ ?

Updated On: 

13 Dec 2023 18:55 PM

ਦੋ ਨੌਜਵਾਨ ਸੰਸਦ 'ਚ ਦਾਖਲ ਹੋ ਗਏ ਅਤੇ ਧੂੰਏਂ ਨਾਲ ਹਫੜਾ-ਦਫੜੀ ਮਚਾ ਦਿੱਤੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਨੌਜਵਾਨ ਸਮੋਕ ਸਟਿਕ ਲੈ ਕੇ ਅੰਦਰ ਤੱਕ ਕਿਵੇਂ ਪਹੁੰਚੇ। ਆਖ਼ਰ ਸੁਰੱਖਿਆ ਵਿੱਚ ਚੂਕ ਕਿੱਥੇ ਹੋਈ? ਖਾਸ ਤੌਰ 'ਤੇ ਇਸ ਨੂੰ ਇਸ ਲਈ ਵੀ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਂਕਿ ਅਜੇ 6 ਦਿਨ ਪਹਿਲਾਂ ਹੀ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸੰਸਦ 'ਤੇ ਹਮਲੇ ਦੀ ਧਮਕੀ ਦਿੱਤੀ ਸੀ।

ਖਾਲਿਸਤਾਨੀ ਅੱਤਵਾਦੀ ਪੰਨੂ ਨੇ 6 ਦਿਨ ਪਹਿਲਾਂ ਦਿੱਤੀ ਸੀ ਸੰਸਦ ਤੇ ਹਮਲੇ ਦੀ ਧਮਕੀ , ਫਿਰ ਵੀ ਕਿਵੇਂ ਹੋਈ ਸੁਰੱਖਿਆ ਚ ਢਿੱਲ ?
Follow Us On

ਬੁੱਧਵਾਰ ਨੂੰ ਸੰਸਦ (Parliament) ਦੀ ਸੁਰੱਖਿਆ ‘ਚ ਵੱਡੀ ਢਿੱਲ ਹੋਈ। ਇਸ ਨੂੰ ਇਸ ਲਈ ਵੀ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਂਕਿ 22 ਸਾਲ ਪਹਿਲਾਂ ਇਸ ਤਰੀਕ ਨੂੰ ਸੰਸਦ ‘ਤੇ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਛੇ ਦਿਨ ਪਹਿਲਾਂ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵੀ ਸੰਸਦ ‘ਤੇ ਹਮਲੇ ਦੀ ਧਮਕੀ ਦਿੱਤੀ ਸੀ। ਇਸ ਦੇ ਬਾਵਜੂਦ ਦੋ ਨੌਜਵਾਨ ਨਾ ਸਿਰਫ਼ ਸਮੋਕ ਸਟਿਕ ਲੈ ਕੇ ਵਿਜ਼ਟਰ ਗੈਲਰੀ ਤੱਕ ਪੁੱਜੇ, ਸਗੋਂ ਸਦਨ ਵਿੱਚ ਛਾਲ ਮਾਰ ਕੇ ਹਫੜਾ-ਦਫੜੀ ਵੀ ਮਚਾ ਦਿੱਤੀ।

ਬੁੱਧਵਾਰ ਨੂੰ ਸੰਸਦ ‘ਚ ਦੋ ਨੌਜਵਾਨਾਂ ਨੇ ਹਫੜਾ-ਦਫੜੀ ਮਚਾ ਦਿੱਤੀ। ਦਰਸ਼ਕ ਗੈਲਰੀ ਵਿੱਚੋਂ ਛਾਲ ਮਾਰ ਕੇ ਸਦਨ ਵਿੱਚ ਦਾਖ਼ਲ ਹੋ ਕੇ ਆਪਣੀ ਜੁੱਤੀ ਵਿੱਚੋਂ ਕੋਈ ਚੀਜ਼ ਕੱਢ ਲਈ, ਜਿਸ ਕਾਰਨ ਸਦਨ ਵਿੱਚ ਧੂੰਆਂ ਫੈਲ ਗਿਆ। ਬਾਅਦ ‘ਚ ਸੰਸਦ ਮੈਂਬਰਾਂ ਅਤੇ ਸੁਰੱਖਿਆ ਕਰਮੀਆਂ ਨੇ ਦੋਵੇਂ ਨੌਜਵਾਨਾਂ ਨੂੰ ਫੜ ਲਿਆ, ਜਿਨ੍ਹਾਂ ਦੇ ਨਾਂ ਸਾਗਰ ਅਤੇ ਮਨੋਰੰਜਨ ਦੱਸੇ ਜਾ ਰਹੇ ਹਨ, ਉਨ੍ਹਾਂ ਨੇ ਸਦਨ ‘ਚ ਸਮੋਕ ਕਿਉਂ ਛੱਡਿਆ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ। ਇਹ ਸੁਰੱਖਿਆ ਪੱਖੋਂ ਕੁਤਾਹੀ ਦਾ ਮਾਮਲਾ ਹੈ, ਪਰ ਇਸ ਨੂੰ ਵੱਡੀ ਲਾਪਰਵਾਹੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਉਸੇ ਦਿਨ ਵਾਪਰਿਆ ਹੈ, ਜਦੋਂ 22 ਸਾਲ ਪਹਿਲਾਂ ਇਸੇ ਦਿਨ ਹੀ ਸੰਸਦ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਪੰਨੂ ਨੇ ਵੀ ਇਸੇ ਦਿਨ ਹਮਲੇ ਦੀ ਚਿਤਾਵਨੀ ਵੀ ਦਿੱਤੀ ਸੀ।

ਪੰਨੂ ਨੇ ਕੀ ਦਿੱਤੀ ਸੀ ਧਮਕੀ?

ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਛੇ ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ 13 ਦਸੰਬਰ ਨੂੰ ਸੰਸਦ ‘ਤੇ ਹਮਲੇ ਦੀ ਧਮਕੀ ਦਿੱਤੀ ਸੀ। ਪੰਨੂ ਨੇ ਕਿਹਾ ਸੀ ਕਿ ਭਾਰਤ ਨੇ ਉਸ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ, ਜੋ ਸਫਲ ਨਹੀਂ ਹੋਈ। ਇਸ ਯੋਜਨਾ ਦੇ ਜਵਾਬ ਵਿੱਚ 13 ਦਸੰਬਰ ਨੂੰ ਸੰਸਦ ‘ਤੇ ਹਮਲਾ ਹੋਵੇਗਾ। ਵੀਡੀਓ ‘ਚ ਪੰਨੂ ਨੇ 22 ਸਾਲ ਪਹਿਲਾਂ ਸੰਸਦ ‘ਤੇ ਹਮਲਾ ਕਰਨ ਵਾਲੇ ਅਫਜ਼ਲ ਗੁਰੂ ਦਾ ਪੋਸਟਰ ਵੀ ਜਾਰੀ ਕੀਤਾ ਸੀ।

ਪਹਿਲਾਂ ਵੀ ਕਈ ਵਾਰ ਧਮਕੀਆਂ ਦੇ ਚੁੱਕਾ ਹੈ ਪੰਨੂ

ਸੰਸਦ ‘ਤੇ ਹਮਲੇ ਦੀ ਧਮਕੀ ਤੋਂ ਪਹਿਲਾਂ ਵੀ ਗੁਰਪਤਵੰਤ ਸਿੰਘ ਪੰਨੂ ਕਈ ਵਾਰ ਧਮਕੀਆਂ ਦੇ ਚੁੱਕਾ ਹੈ। ਇਸ ਤੋਂ ਪਹਿਲਾਂ 19 ਨਵੰਬਰ ਨੂੰ ਪੰਨੂ ਨੇ ਸਿੱਖਾਂ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਰਾਹੀਂ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ। ਪੰਨੂ ਨੇ ਕਿਹਾ ਸੀ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਵੇਗਾ। ਵੀਡੀਓ ਵਿੱਚ ਪੰਨੂ ਨੇ ਇੱਥੋਂ ਤੱਕ ਦਾਅਵਾ ਕੀਤਾ ਸੀ ਕਿ ਦਿੱਲੀ ਦਾ ਆਈਜੀਆਈ ਏਅਰਪੋਰਟ 19 ਨਵੰਬਰ ਨੂੰ ਬੰਦ ਰਹੇਗਾ ਅਤੇ ਇਸ ਦਾ ਨਾਮ ਵੀ ਬਦਲਿਆ ਜਾਵੇਗਾ।

ਵਿਦੇਸ਼ ਮੰਤਰਾਲੇ ਵੱਲੋਂ ਆਇਆ ਸੀ ਬਿਆਨ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੋਸਟ ਵਾਂਟੇਡ ਪੰਨੂ ਦੀਆਂ ਧਮਕੀਆਂ ‘ਤੇ ਹਫਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਬਿਆਨ ਦਿੱਤਾ ਸੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਸੀ ਕਿ ਪੰਨੂ ਨੂੰ ਵਾਂਟੇਂਡ ਐਲਾਨਿਆ ਗਿਆ ਹੈ। ਉਹ ਜੋ ਵੀ ਧਮਕੀਆਂ ਦੇ ਰਿਹਾ ਹੈ ਉਸ ਦੀ ਜਾਣਕਾਰੀ ਭਾਈਵਾਲ ਦੇਸ਼ਾਂ ਨੂੰ ਦਿੱਤੀ ਗਈ ਹੈ। ਸੁਰੱਖਿਆ ਸਹਿਯੋਗ ਨੂੰ ਲੈ ਕੇ ਵੀ ਇਨ੍ਹਾਂ ਦੇਸ਼ਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਸੀ ਕਿ ਅਸੀਂ ਕਿਸੇ ਵੀ ਅੱਤਵਾਦੀ ਜਾਂ ਕੱਟੜਪੰਥੀ ਸੰਗਠਨ ਜਾਂ ਵਿਅਕਤੀ ਦੁਆਰਾ ਭਾਰਤੀ ਡਿਪਲੋਮੈਟਾਂ ਜਾਂ ਜਾਇਦਾਦਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਲਗਾਤਾਰ ਗੱਲ ਕਰ ਰਹੇ ਹਾਂ।

Exit mobile version