ਜੰਮੂ: 30 ਮੌਤਾਂ, ਪੁਲ-ਟਾਵਰ ਤਬਾਹ… ਅਜੇ ਵੀ ਮਲਬੇ ‘ਚ ਫਸੇ ਹੋਏ ਹਨ ਲੋਕ; ਜ਼ਮੀਨ ਖਿਸਕਣ ਤੋਂ ਬਾਅਦ ਵੈਸ਼ਨੋ ਦੇਵੀ ਰਸਤੇ ‘ਤੇ ਕਿਵੇਂ ਹੈ ਸਥਿਤੀ?
Vaishno Devi Landslide: ਜੰਮੂ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ 'ਚ ਮਾਤਾ ਵੈਸ਼ਨੋ ਦੇਵੀ ਮੰਦਰ ਰਸਤੇ 'ਤੇ ਅਰਧਕੁੰਵਾਰੀ ਨੇੜੇ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਜ਼ਮੀਨ ਖਿਸਕ ਗਈ। ਬਹੁਤ ਸਾਰੇ ਲੋਕਾਂ ਦੇ ਅਜੇ ਵੀ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਐਨਡੀਆਰਐਫ, ਐਸਡੀਆਰਐਫ, ਫੌਜ, ਪੁਲਿਸ ਤੇ ਸਥਾਨਕ ਟੀਮਾਂ ਲਗਾਤਾਰ ਰਾਹਤ ਤੇ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਹਨ।
ਨਦੀਆਂ ਦੇ ਉਫਾਨ ਤੇ ਤੇਜ਼ ਵਹਾਅ ਨੇ ਮੰਗਲਵਾਰ ਨੂੰ ਜੰਮੂ ਖੇਤਰ ‘ਚ ਭਾਰੀ ਤਬਾਹੀ ਮਚਾਈ। ਪਾਣੀ ਦੀ ਗਤੀ ਇੰਨੀ ਤੇਜ਼ ਸੀ ਕਿ ਰਸਤੇ ‘ਚ ਆਉਣ ਵਾਲੀਆਂ ਚੱਟਾਨਾਂ, ਦਰੱਖਤ ਤੇ ਵੱਡੇ ਪੱਥਰ ਢਲਾਣਾਂ ਤੋਂ ਹੇਠਾਂ ਡਿੱਗ ਪਏ। ਭਾਰੀ ਬਾਰਿਸ਼ ਦੇ ਵਿਚਕਾਰ, ਵੈਸ਼ਨੋ ਦੇਵੀ ਯਾਤਰਾ ਮਾਰਗ ‘ਤੇ ਅਰਧਕੁੰਵਾਰੀ ਨੇੜੇ ਅਚਾਨਕ ਜ਼ਮੀਨ ਖਿਸਕਣ ਕਾਰਨ ਮਲਬਾ ਤੇ ਵੱਡੇ ਪੱਥਰ ਟਰੈਕ ‘ਤੇ ਡਿੱਗ ਗਏ। ਇਸ ਕੁਦਰਤੀ ਆਫ਼ਤ ‘ਚ ਹੁਣ ਤੱਕ 30 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੌਰਾਨ, ਸਥਾਨਕ ਪ੍ਰਸ਼ਾਸਨ, ਪੁਲਿਸ ਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਬਚਾਅ ਕਾਰਜਾਂ ‘ਚ ਲੱਗੀਆਂ ਹੋਈਆਂ ਹਨ। ਨਾਲ ਹੀ, ਬਿਜਲੀ ਤੇ ਪਾਣੀ ਵਰਗੀਆਂ ਜ਼ਰੂਰੀ ਸੇਵਾਵਾਂ ਤੇ ਬੁਨਿਆਦੀ ਢਾਂਚੇ ਦੀ ਮੁਰੰਮਤ ਦਾ ਕੰਮ ਵੀ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ।
ਇਹ ਹਾਦਸਾ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ ‘ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਜਾਂਦੇ ਸਮੇਂ ਵਾਪਰਿਆ। ਅਰਧਕੁੰਵਾਰੀ ਨੇੜੇ ਇੰਦਰਪ੍ਰਸਥ ਭੋਜਨਾਲਾ ਨੇੜੇ ਦੁਪਹਿਰ 3 ਵਜੇ ਦੇ ਕਰੀਬ ਜ਼ਮੀਨ ਖਿਸਕ ਗਈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ, ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋਏ ਹਨ। ਐਸਐਸਪੀ ਰਿਆਸੀ ਪਰਮਵੀਰ ਸਿੰਘ ਨੇ ਕਿਹਾ ਕਿ ਕਟੜਾ ਨੇੜੇ ਇਸ ਘਟਨਾ ‘ਚ 30 ਲੋਕਾਂ ਦੀ ਮੌਤ ਹੋ ਗਈ ਹੈ।
ਪੁਲ- ਮੋਬਾਈਲ ਟਾਵਰਾਂ ਨੂੰ ਨੁਕਸਾਨ
ਲਗਾਤਾਰ ਬਾਰਿਸ਼ ਨੇ ਨਾ ਸਿਰਫ਼ ਜੰਮੂ ਬਲਕਿ ਕਸ਼ਮੀਰ ਘਾਟੀ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਪੁਲ ਵਹਿ ਗਏ, ਬਿਜਲੀ ਦੇ ਖੰਭੇ ਤੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਿਆ। ਸਥਿਤੀ ਗੰਭੀਰ ਹੋਣ ‘ਤੇ ਵੈਸ਼ਨੋ ਦੇਵੀ ਯਾਤਰਾ ਨੂੰ ਮੁਲਤਵੀ ਕਰਨਾ ਪਿਆ। ਦੂਰਸੰਚਾਰ ਸੇਵਾਵਾਂ ਠੱਪ ਹਨ। ਜੰਮੂ-ਸ਼੍ਰੀਨਗਰ ਤੇ ਕਿਸ਼ਤਵਾੜ-ਡੋਡਾ ਰਾਸ਼ਟਰੀ ਰਾਜਮਾਰਗ ਬੰਦ ਕਰ ਦਿੱਤੇ ਗਏ ਹਨ, ਜਦੋਂ ਕਿ ਕਈ ਪਹਾੜੀ ਸੜਕਾਂ ਜ਼ਮੀਨ ਖਿਸਕਣ ਤੇ ਅਚਾਨਕ ਹੜ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ। ਇੱਥੋਂ ਤੱਕ ਕਿ ਜੰਮੂ ਤੋਂ ਆਉਣ-ਜਾਣ ਵਾਲੀਆਂ ਬਹੁਤ ਸਾਰੀਆਂ ਰੇਲਗੱਡੀਆਂ ਨੂੰ ਵੀ ਰੱਦ ਕਰਨਾ ਪਿਆ।
ਜ਼ਖਮੀ ਸ਼ਰਧਾਲੂਆਂ ਨੂੰ ਕਟੜਾ ਤੇ ਜੰਮੂ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਲੈਣ ਲਈ ਵੱਡੀ ਗਿਣਤੀ ‘ਚ ਲੋਕ ਹਸਪਤਾਲਾਂ ਤੇ ਬੇਸ ਕੈਂਪਾਂ ‘ਚ ਇਕੱਠੇ ਹੋ ਰਹੇ ਹਨ। ਭਾਰਤੀ ਫੌਜ ਦੀਆਂ ਤਿੰਨ ਟੁਕੜੀਆਂ, ਐਨਡੀਆਰਐਫ ਤੇ ਐਸਡੀਆਰਐਫ ਟੀਮਾਂ ਕਟੜਾ, ਠਾਕਰਾ ਕੋਟ ਤੇ ਜੋਰੀਆ ਖੇਤਰਾਂ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ।
ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਕੀਤੀ
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਤੇ ਸਾਰੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਾਈ ਅਲਰਟ ‘ਤੇ ਰਹਿਣ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਸਮੇਂ ਸਿਰ ਭੋਜਨ, ਪਾਣੀ ਤੇ ਦਵਾਈਆਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਇਸ ਸਮੇਂ, ਜੰਮੂ ਦੀਆਂ ਪ੍ਰਮੁੱਖ ਨਦੀਆਂ – ਤਰਾਨਾ, ਉਝ, ਤਵੀ ਅਤੇ ਚਨਾਬ – ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਕਠੂਆ ਜ਼ਿਲ੍ਹੇ ‘ਚ ਰਾਵੀ ਨਦੀ ‘ਤੇ ਮੋਧੋਪੁਰ ਬੈਰਾਜ ਦਾ ਪਾਣੀ ਦਾ ਪੱਧਰ ਇੱਕ ਲੱਖ ਕਿਊਸਿਕ ਤੋਂ ਉੱਪਰ ਚਲਾ ਗਿਆ, ਜਿਸ ਕਾਰਨ ਨੀਵੇਂ ਖੇਤਰ ਡੁੱਬ ਗਏ।
ਇਹ ਵੀ ਪੜ੍ਹੋ
ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ ਕਠੂਆ ‘ਚ ਸਭ ਤੋਂ ਵੱਧ 155.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਡੋਡਾ ਦੇ ਭਦਰਵਾਹ ‘ਚ 99.8 ਮਿਲੀਮੀਟਰ, ਜੰਮੂ ‘ਚ 81.5 ਮਿਲੀਮੀਟਰ ਤੇ ਕਟੜਾ ‘ਚ 68.8 ਮਿਲੀਮੀਟਰ ਬਾਰਿਸ਼ ਹੋਈ। ਵਿਭਾਗ ਨੇ 27 ਅਗਸਤ ਤੱਕ ਭਾਰੀ ਬਾਰਿਸ਼, ਬੱਦਲ ਫਟਣ, ਅਚਾਨਕ ਹੜ੍ਹ ਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਜੰਮੂ ਡਿਵੀਜ਼ਨ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ 27 ਅਗਸਤ ਤੱਕ ਬੰਦ
ਦੂਰਸੰਚਾਰ ਸੇਵਾਵਾਂ ਠੱਪ ਹੋਣ ਕਾਰਨ ਰਾਹਤ ਕਾਰਜ ਪ੍ਰਭਾਵਿਤ ਹੋ ਰਹੇ ਹਨ, ਹਾਲਾਂਕਿ ਤਕਨੀਕੀ ਟੀਮਾਂ ਉਨ੍ਹਾਂ ਨੂੰ ਬਹਾਲ ਕਰਨ ‘ਚ ਲੱਗੀਆਂ ਹੋਈਆਂ ਹਨ। ਸੁਰੱਖਿਆ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਜੰਮੂ ਡਿਵੀਜ਼ਨ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ 27 ਅਗਸਤ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। 10ਵੀਂ ਅਤੇ 11ਵੀਂ ਜਮਾਤ ਦੀਆਂ ਪ੍ਰੀਖਿਆਵਾਂ ਤੇ ਭਰਤੀ ਪ੍ਰਕਿਰਿਆ ਨੂੰ ਵੀ ਫਿਲਹਾਲ ਰੋਕ ਦਿੱਤਾ ਗਿਆ ਹੈ।
ਐਨਡੀਆਰਐਫ ਨੇ ਜੰਮੂ ਸ਼ਹਿਰ ਦੇ ਪ੍ਰਭਾਵਿਤ ਖੇਤਰਾਂ ‘ਚ ਕਿਸ਼ਤੀਆਂ ਤਾਇਨਾਤ ਕੀਤੀਆਂ ਹਨ। ਬਹੁਤ ਸਾਰੇ ਵਿਦਿਆਰਥੀਆਂ ਤੇ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਜਲ ਸਰੋਤਾਂ ਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਤੋਂ ਦੂਰ ਰਹਿਣ ਤੇ ਸੁਰੱਖਿਅਤ ਥਾਵਾਂ ‘ਤੇ ਸ਼ਰਨ ਲੈਣ ਦੀ ਅਪੀਲ ਕੀਤੀ ਹੈ।


