India Canada Issue: ਖਾਲਿਸਤਾਨੀਆਂ ਦੀ ਧਮਕੀ ਵਿਚਾਲੇ ਕੈਨੇਡਾ ‘ਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ, ਪੀਐੱਮ ਮੋਦੀ ਨਾਲ ਮਿਲੇ ਵਿਦੇਸ਼ ਮੰਤਰੀ
ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਤਣਾਅ ਦਰਮਿਆਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕੈਨੇਡਾ ਜਾ ਰਹੇ ਭਾਰਤੀਆਂ ਅਤੇ ਦੇਸ਼ ਦੇ ਨਾਗਰਿਕਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ।
ਖਾਲਿਸਤਾਨੀ ਸਮਰਥਕਾਂ (Khalistani Supporters) ਦੀਆਂ ਧਮਕੀਆਂ ਵਿਚਾਲੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਜਾਣ ਵਾਲਿਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਵਧਦੀਆਂ ਭਾਰਤ ਵਿਰੋਧੀ ਗਤੀਵਿਧੀਆਂ, ਨਫ਼ਰਤੀ ਅਪਰਾਧ ਅਤੇ ਅਪਰਾਧਿਕ ਹਿੰਸਾ ਦੇ ਮੱਦੇਨਜ਼ਰ, ਉੱਥੇ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਅਤੇ ਯਾਤਰਾ ਕਰਨ ਬਾਰੇ ਵਿਚਾਰ ਕਰਨ ਵਾਲਿਆਂ ਨੂੰ ਬਹੁਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ।
ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਹਾਲੀਆ ਧਮਕੀਆਂ ਨੇ ਵਿਸ਼ੇਸ਼ ਤੌਰ ‘ਤੇ ਭਾਰਤੀ ਡਿਪਲੋਮੈਟਾਂ ਅਤੇ ਭਾਰਤ ਵਿਰੋਧੀ ਏਜੰਡੇ ਦਾ ਵਿਰੋਧ ਕਰਨ ਵਾਲੇ ਭਾਰਤੀਆਂ ਦੇ ਵਰਗਾਂ ਨੂੰ ਨਿਸ਼ਾਨਾ ਬਣਾਇਆ ਹੈ, ਇਸ ਲਈ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੈਨੇਡਾ ਦੇ ਉਨ੍ਹਾਂ ਖੇਤਰਾਂ ਤੋਂ ਬਚਣ ਅਤੇ ਸੰਭਾਵੀ ਤੌਰ ‘ਤੇ ਅਜਿਹੀਆਂ ਥਾਵਾਂ ਦੀ ਯਾਤਰਾ ਕਰਨ ਤੋਂ ਬਚਣ, ਜਿੱਥੇ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।
ਇਸ ਦੌਰਾਨ ਖਾਲਿਸਤਾਨੀ ਜਥੇਬੰਦੀਆਂ ਨੇ 25 ਸਤੰਬਰ ਨੂੰ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਇਸ ਦੇ ਹੋਰ ਦਫ਼ਤਰਾਂ ਤੇ ਹਮਲੇ ਦੀ ਧਮਕੀ ਦਿੱਤੀ ਹੈ। ਇਸ ਕਾਰਨ ਜਸਟਿਨ ਟਰੂਡੋ (justine Trudeau) ਦੀਆਂ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਨੂੰ ਜਸਟਿਨ ਟਰੂਡੋ ਲਈ ਅਗਨੀ ਪ੍ਰੀਖਿਆ ਮੰਨਿਆ ਜਾ ਰਿਹਾ ਹੈ। ਜੇਕਰ ਕੈਨੇਡਾ ਵੱਲੋਂ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ‘ਚ ਅਣਗਹਿਲੀ ਕੀਤੀ ਗਈ ਤਾਂ ਭਾਰਤੀ ਪੱਖ ਤੋਂ ਵੱਡੀ ਕਾਰਵਾਈ ਸਾਹਮਣੇ ਆ ਸਕਦੀ ਹੈ।
ਵਿਦੇਸ਼ ਮੰਤਰੀ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ
ਟਰੂਡੋ ਦੀਆਂ ਟਿੱਪਣੀਆਂ ਤੋਂ ਬਾਅਦ, ਭਾਰਤ ਅਤੇ ਕੈਨੇਡਾ ਨੇ ਇੱਕ-ਇੱਕ ਸੀਨੀਅਰ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਇਸ ਬਰਖਾਸਤਗੀ ਦੇ ਦੂਜੇ ਦਿਨ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਮੁਲਾਕਾਤ ਸਿਆਸੀ ਤੌਰ ‘ਤੇ ਕਾਫੀ ਅਹਿਮ ਹੈ।
ਦੱਸ ਦੇਈਏ ਕਿ 45 ਸਾਲਾ ਨਿੱਝਰ ਭਾਰਤੀ ਅੱਤਵਾਦੀ ਅਤੇ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਸੀ। 18 ਜੂਨ ਨੂੰ, ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਉਸਦਾ ਕਤਲ ਕਰ ਦਿੱਤਾ ਗਿਆ ਸੀ। ਉਹ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਸੀ, ਜਿਸ ‘ਤੇ 10 ਲੱਖ ਰੁਪਏ ਦਾ ਨਕਦ ਇਨਾਮ ਸੀ।
ਇਹ ਵੀ ਪੜ੍ਹੋ
ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ, ਟਰੂਡੋ ਨੇ ਮੰਗਲਵਾਰ ਨੂੰ ਭਰੋਸਾ ਦਿੱਤਾ ਕਿ ਉਹ ਭਾਰਤ ਨੂੰ “ਭੜਕਾਉਣ” ਬਾਰੇ ਨਹੀਂ ਸੋਚ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ‘ਕੋਲ “ਭਰੋਸੇਯੋਗ ਇਲਜ਼ਾਮ” ਹਨ ਕਿ ਜੂਨ ‘ਚ ਕੈਨੇਡਾ ਦੀ ਧਰਤੀ ‘ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤੀ ਸਰਕਾਰ ਦੇ ਏਜੰਟ ਸ਼ਾਮਲ ਸਨ।
ਕਾਂਗਰਸੀ ਸੰਸਦ ਮੈਂਬਰ ਨੇ ਦਖਲ ਦੀ ਕੀਤੀ ਮੰਗ
ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੈਨੇਡਾ ਸਰਕਾਰ ਦੇ ਰੁਖ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਤਣਾਅ ਕਾਰਨ ਕੈਨੇਡਾ ਵਿੱਚ ਪੜ੍ਹਨ ਲਈ ਗਏ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਨਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ।
ਕੈਨੇਡਾ ਵਿੱਚ ਲਗਭਗ 6 ਲੱਖ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਉਸ ਦੀ ਪੜ੍ਹਾਈ, ਵੀਜ਼ਾ, ਪੀਆਰ ਅਤੇ ਸੁਰੱਖਿਆ ਸਬੰਧੀ ਕੋਈ ਕਮੀ ਨਾ ਰਹੇ। ਇਸ ਨੂੰ ਸਰਕਾਰ ਵੱਲੋਂ ਯਕੀਨੀ ਬਣਾਇਆ ਜਾਵੇ।
ਦੱਸ ਦਈਏ ਕਿ ਇਹ ਕੂਟਨੀਤਕ ਵਿਵਾਦ ਨਵੀਂ ਦਿੱਲੀ ‘ਚ ਹਾਲ ਹੀ ‘ਚ ਖਤਮ ਹੋਏ ਜੀ-20 ਸੰਮੇਲਨ ਦੇ ਮੌਕੇ ‘ਤੇ ਟਰੂਡੋ ਅਤੇ ਪੀਐੱਮ ਮੋਦੀ ਵਿਚਾਲੇ ਇਸ ਮੁੱਦੇ ਨੂੰ ਉਠਾਏ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।