ਅੰਬਾਲਾ ‘ਚ 4 ਸਾਲਾ ਮਾਸੂਮ ਦੀ ਨਹੀਂ ਬਚੀ ਜਾਨ, ਬੋਰਵੈੱਲ ‘ਚ 21 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਹੋਈ ਮੌਤ
ਹਰਿਆਣਾ ਦੇ ਅੰਬਾਲਾ ਵਿੱਚ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ 4 ਸਾਲ ਦੇ ਮਾਸੂਮ ਬੱਚੇ ਨਿਰਵੈਰ ਨੂੰ ਬਚਾਇਆ ਨਹੀਂ ਜਾ ਸਕਿਆ। ਲਗਭਗ 21 ਘੰਟਿਆਂ ਤੱਕ ਚੱਲੇ ਇੱਕ ਬਹੁਤ ਹੀ ਗੁੰਝਲਦਾਰ ਅਤੇ ਵੱਡੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਬੁੱਧਵਾਰ ਤੜਕੇ ਸਾਢੇ 3 ਵਜੇ ਦੇ ਕਰੀਬ ਉਸ ਦੀ ਮ੍ਰਿਤਕ ਦੇਹ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ।
ਹਰਿਆਣਾ ਦੇ ਅੰਬਾਲਾ ਵਿੱਚ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ 4 ਸਾਲ ਦੇ ਮਾਸੂਮ ਬੱਚੇ ਨਿਰਵੈਰ ਨੂੰ ਬਚਾਇਆ ਨਹੀਂ ਜਾ ਸਕਿਆ। ਲਗਭਗ 21 ਘੰਟਿਆਂ ਤੱਕ ਚੱਲੇ ਇੱਕ ਬਹੁਤ ਹੀ ਗੁੰਝਲਦਾਰ ਅਤੇ ਵੱਡੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਬੁੱਧਵਾਰ ਤੜਕੇ ਸਾਢੇ 3 ਵਜੇ ਦੇ ਕਰੀਬ ਉਸ ਦੀ ਮ੍ਰਿਤਕ ਦੇਹ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ। ਸਵੇਰ ਵੇਲੇ ਅੰਬਾਲਾ ਸਿਟੀ ਦੇ ਸਿਵਲ ਹਸਪਤਾਲ ਵਿੱਚ ਨਿਰਵੈਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ।
ਡਿੱਗਣ ਕਾਰਨ ਲੱਗੀਆਂ ਸੱਟਾਂ ਤੇ ਡੁੱਬਣਾ ਬਣਿਆ ਮੌਤ ਦਾ ਕਾਰਨ
ਮਾਸੂਮ ਨਿਰਵੈਰ ਦੀ ਪੋਸਟਮਾਰਟਮ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਉਸ ਦੀ ਮੌਤ ਬੋਰਵੈੱਲ ਵਿੱਚ ਡਿੱਗਣ ਕਾਰਨ ਲੱਗੀਆਂ ਗੰਭੀਰ ਸੱਟਾਂ ਅਤੇ ਪਾਣੀ ਵਿੱਚ ਡੁੱਬਣ ਕਾਰਨ ਹੋਈ ਹੈ। ਦੁਪਹਿਰ ਵੇਲੇ ਬੱਚੇ ਦੀ ਦੇਹ ਨੂੰ ਉਸ ਦੇ ਜੱਦੀ ਪਿੰਡ ਧਨਿਓੜਾ ਸਥਿਤ ਘਰ ਲਿਆਂਦਾ ਗਿਆ, ਜਿੱਥੇ ਅੰਤਿਮ ਦਰਸ਼ਨਾਂ ਲਈ ਲਾਸ਼ ਨੂੰ ਮਹਿਜ਼ 15 ਮਿੰਟ ਰੱਖਿਆ ਗਿਆ। ਇਸ ਤੋਂ ਬਾਅਦ ਨਮ ਅੱਖਾਂ ਨਾਲ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਸੂਮ ਨਿਰਵੈਰ ਨੂੰ ਉਸ ਦੇ ਪਿਤਾ ਮਨਜੀਤ ਸਿੰਘ ਨੇ ਮੁਖਾਗਨੀ ਦਿੱਤੀ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਹਰ ਸ਼ਖਸ ਦੀ ਅੱਖ ਨਮ ਹੋ ਗਈ।
ਖੇਤ ਮਾਲਕ ਅਤੇ ਠੇਕੇਦਾਰ ਖ਼ਿਲਾਫ਼ ਲਾਪਰਵਾਹੀ ਦਾ ਮਾਮਲਾ ਦਰਜ
ਦੂਜੇ ਪਾਸੇ, ਇਸ ਦਰਦਨਾਕ ਘਟਨਾ ਨੂੰ ਲੈ ਕੇ ਸਦਰ ਥਾਣਾ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਸਖ਼ਤ ਕਾਰਵਾਈ ਕੀਤੀ ਹੈ। ਪੁਲਿਸ ਨੇ ਖੇਤ ਦੇ ਮਾਲਕ ਅਤੇ ਖੇਤ ਨੂੰ ਠੇਕੇ ‘ਤੇ ਲੈਣ ਵਾਲੇ ਦੋ ਵਿਅਕਤੀਆਂ ਦੇ ਖ਼ਿਲਾਫ਼ BNS ਦੀ ਧਾਰਾ 106 ਤਹਿਤ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਦਾ ਸਿੱਧਾ ਦੋਸ਼ ਹੈ ਕਿ ਬੋਰਵੈੱਲ ਵਿੱਚੋਂ ਮੋਟਰ ਕੱਢਣ ਤੋਂ ਬਾਅਦ ਉਸ ਨੂੰ ਉੱਪਰੋਂ ਖੁੱਲ੍ਹਾ ਹੀ ਛੱਡ ਦਿੱਤਾ ਗਿਆ ਸੀ ਅਤੇ ਇਸੇ ਘੋਰ ਲਾਪਰਵਾਹੀ ਦੇ ਚੱਲਦਿਆਂ ਨਿਰਵੈਰ ਖੇਡਦਾ-ਖੇਡਦਾ ਉਸ ਵਿੱਚ ਜਾ ਡਿੱਗਿਆ।
ਫੇਫੜਿਆਂ ‘ਚ ਮਿਲੀ ਗਾਰ ਵਾਲਾ ਪਾਣੀ
ਪੋਸਟਮਾਰਟਮ ਕਰਨ ਵਾਲੇ ਪੈਨਲ ਵਿੱਚ ਸ਼ਾਮਲ ਡਾਕਟਰ ਸੁਮਿਤ ਕੁਕਰੇਜਾ ਅਨੁਸਾਰ ਤੜਕੇ 4 ਵਜੇ ਬੱਚੇ ਦੀ ਲਾਸ਼ ਨੂੰ ਹਸਪਤਾਲ ਲਿਆਂਦਾ ਗਿਆ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਬੱਚੇ ਦੇ ਸਰੀਰ ‘ਤੇ ਕਈ ਜਗ੍ਹਾ ਗੰਭੀਰ ਸੱਟਾਂ ਅਤੇ ਰਗੜਾਂ ਦੇ ਨਿਸ਼ਾਨ ਸਨ, ਖਾਸ ਕਰਕੇ ਉਸ ਦੀ ਛਾਤੀ, ਸਿਰ ਅਤੇ ਦੋਵਾਂ ਗੋਡਿਆਂ ‘ਤੇ ਅਜਿਹੇ ਨਿਸ਼ਾਨ ਮਿਲੇ ਹਨ।
ਇਸ ਤੋਂ ਇਲਾਵਾ ਉਸ ਦੇ ਫੇਫੜਿਆਂ ਦੇ ਅੰਦਰ ਮਿੱਟੀ ਵਾਲਾ ਗੰਧਲਾ ਪਾਣੀ ਭਰਿਆ ਹੋਇਆ ਸੀ। ਡਾਕਟਰਾਂ ਨੇ ਸਪੱਸ਼ਟ ਕੀਤਾ ਹੈ ਕਿ ਮੌਤ ਦੇ ਦੋਵੇਂ ਮੁੱਖ ਕਾਰਨ ਰਹੇ ਹਨ- ਪਾਣੀ ਵਿੱਚ ਸਾਹ ਘੁੱਟਣਾ ਅਤੇ ਡਿੱਗਣ ਕਾਰਨ ਲੱਗੀ ਸੱਟ। ਡਾਕਟਰਾਂ ਮੁਤਾਬਕ ਬੋਰਵੈੱਲ ਵਿੱਚ ਡਿੱਗਣ ਦੇ ਕੁਝ ਦੇਰ ਬਾਅਦ ਹੀ ਬੱਚੇ ਦੀ ਮੌਤ ਹੋ ਗਈ ਸੀ, ਹਾਲਾਂਕਿ ਮੌਤ ਦੇ ਸਹੀ ਸਮੇਂ ਦਾ ਪੂਰਾ ਅੰਦਾਜ਼ਾ ਲਗਾਉਣਾ ਅਜੇ ਬਾਕੀ ਹੈ।
ਇਹ ਵੀ ਪੜ੍ਹੋ
ਕਈ ਮੰਨਤਾਂ ਤੋਂ ਬਾਅਦ ਘਰ ਜੰਮਿਆ ਸੀ ਇਕਲੌਤਾ ਪੁੱਤ
ਪਿੰਡ ਦੇ ਸਰਪੰਚ ਕਪਤਾਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮਨਜੀਤ ਸਿੰਘ ਬਿਜਲੀ ਬੋਰਡ (ਨਿਗਮ) ਵਿੱਚ ਮੁਲਾਜ਼ਮ ਹਨ। ਮਨਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਸਬੀਰ ਕੌਰ ਦੀ ਇੱਕ ਵੱਡੀ ਬੇਟੀ ਰੀਚ ਕੌਰ ਹੈ, ਜਿਸ ਦੀ ਉਮਰ ਕਰੀਬ 12-13 ਸਾਲ ਹੈ। ਧੀ ਦੇ ਜਨਮ ਤੋਂ ਕਰੀਬ 8 ਸਾਲਾਂ ਬਾਅਦ ਅਤੇ ਕਈ ਧਾਰਮਿਕ ਅਸਥਾਨਾਂ ‘ਤੇ ਮੰਨਤਾਂ ਮੰਗਣ ਤੋਂ ਬਾਅਦ ਉਨ੍ਹਾਂ ਦੇ ਘਰ ਪੁੱਤਰ ਦੀ ਦਾਤ ਮਿਲੀ ਸੀ। ਨਿਰਵੈਰ ਆਪਣੇ ਪਰਿਵਾਰ ਵਿੱਚ ਸਾਰਿਆਂ ਦਾ ਬਹੁਤ ਲਾਡਲਾ ਅਤੇ ਚਹੇਤਾ ਬੱਚਾ ਸੀ।
ਪਿਤਾ ਦੀ ਵਿਗੜੀ ਹਾਲਤ
ਜਿਵੇਂ ਹੀ ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਖ਼ਬਰ ਆਈ, ਪਿਤਾ ਮਨਜੀਤ ਸਿੰਘ ਰੋ-ਰੋ ਕੇ ਬੇਸੁੱਧ ਹੋ ਗਏ। ਉਨ੍ਹਾਂ ਦੀ ਹਾਲਤ ਇੰਨੀ ਵਿਗੜ ਗਈ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਉਣਾ ਪਿਆ, ਜਿੱਥੋਂ ਸ਼ਾਮ ਨੂੰ ਉਨ੍ਹਾਂ ਨੂੰ ਘਰ ਭੇਜਿਆ ਗਿਆ। ਦੇਰ ਰਾਤ ਸਾਬਕਾ ਮੰਤਰੀ ਅਨਿਲ ਵਿਜ ਨੇ ਵੀ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ। ਬੱਚੇ ਦੇ ਦਾਦਾ ਕਰਨੈਲ ਸਿੰਘ ਦੀ ਹਾਲਤ ਵੀ ਦੇਖੀ ਨਹੀਂ ਸੀ ਜਾ ਰਹੀ, ਉਹ ਖੇਤ ਵਿੱਚ ਜ਼ਮੀਨ ‘ਤੇ ਬੈਠੇ ਲਗਾਤਾਰ ਹੱਥਾਂ ਨਾਲ ਮਿੱਟੀ ਫਰੋਲਦੇ ਹੋਏ ਇਹੀ ਕਹਿ ਰਹੇ ਸਨ, “ਓਏ ਨਿਰਵੈਰ, ਹੁਣ ਤਾਂ ਬਾਹਰ ਆ ਜਾ।” ਪਰਿਵਾਰ ਦਾ ਇਹ ਰੋਣ-ਪਿੱਟਣ ਦੇਖ ਕੇ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ ਹੈ।
