ਪੰਨੂ ਖਿਲਾਫ ਦਿੱਲੀ ਵਿੱਚ FIR, ਗਣਤੰਤਰ ਦਿਵਸ ‘ਤੇ ਦਿੱਤੀ ਸੀ ਹਮਲੇ ਦੀ ਧਮਕੀ, ਪੋਸਟਰ ਲਗਾਉਣ ਦਾ ਕੀਤਾ ਸੀ ਝੂਠਾ ਦਾਅਵਾ
Gurpatwant Singh Pannu: ਗਣਤੰਤਰ ਦਿਵਸ ਦੇ ਮੱਦੇਨਜ਼ਰ, ਦਿੱਲੀ ਸਮੇਤ ਦੇਸ਼ ਭਰ ਵਿੱਚ ਸੁਰੱਖਿਆ ਅਲਰਟ ਤੇ ਹਨ। ਪੁਲਿਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਨੂ ਵਰਗੇ ਤੱਤਾਂ ਦੇ ਕਿਸੇ ਵੀ ਯਤਨ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਸਾਈਬਰ ਸੈੱਲ ਪੰਨੂ ਦੇ ਸੋਸ਼ਲ ਮੀਡੀਆ ਹੈਂਡਲਸ ਅਤੇ ਉਸ ਦੁਆਰਾ ਫੈਲਾਈ ਜਾ ਰਹੇ ਭੜਕਾਊ ਕੰਟੈਂਟ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਜਧਾਨੀ ਵਿੱਚ ਸ਼ਾਂਤੀ ਭੰਗ ਨਾ ਹੋਵੇ।
FIR On Gurpatwant Singh Pannu: ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅਸ਼ਾਂਤੀ ਭੜਕਾਉਣ ਦੀ ਕੋਸ਼ਿਸ਼ ਕਰਨ ਵਾਲੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (SFJ) ਦੇ ਆਗੂ ਪੰਨੂ ‘ਤੇ ਭਾਰਤੀ ਦੰਡਾਵਲੀ (IPC) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੰਨੂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਦਿੱਲੀ ਦੇ ਰੋਹਿਣੀ ਅਤੇ ਡਾਬਰੀ ਇਲਾਕਿਆਂ ਵਿੱਚ ਖਾਲਿਸਤਾਨ ਪੱਖੀ ਪੋਸਟਰ ਲਗਾਉਣ ਦਾ ਝੂਠਾ ਦਾਅਵਾ ਕੀਤਾ ਗਿਆ ਸੀ, ਜਿਸ ਨੂੰ ਪੁਲਿਸ ਜਾਂਚ ਵਿੱਚ ਪੂਰੀ ਤਰ੍ਹਾਂ ਫੇਕ ਪਾਇਆ ਗਿਆ ਹੈ। ਪੰਨੂ ਦੇ ਭੜਕਾਊ ਦਾਅਵਿਆਂ ਅਤੇ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਆਈਪੀਸੀ ਦੀ ਧਾਰਾ 196, 197, 152 ਅਤੇ 61 ਤਹਿਤ ਐਫਆਈਆਰ ਦਰਜ ਕੀਤੀ ਹੈ।
ਦਰਅਸਲ, ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਉਸਦੇ ਸਲੀਪਰ ਸੈੱਲ ਨੇ ਦਿੱਲੀ ਦੇ ਮੁੱਖ ਖੇਤਰਾਂ ਵਿੱਚ ਪੋਸਟਰ ਚਿਪਕਾਏ ਸਨ। ਹਾਲਾਂਕਿ, ਸਪੈਸ਼ਲ ਸੈੱਲ ਦੀ ਜਾਂਚ ਦੌਰਾਨ ਰਾਜਧਾਨੀ ਦੇ ਕਿਸੇ ਵੀ ਹਿੱਸੇ ਵਿੱਚ ਅਜਿਹੇ ਕੋਈ ਪੋਸਟਰ ਨਹੀਂ ਮਿਲੇ। ਦਿੱਲੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਪੰਨੂ ਸੋਸ਼ਲ ਮੀਡੀਆ ਰਾਹੀਂ ਸਿਰਫ਼ ਭੰਬਲਭੂਸਾ ਅਤੇ ਡਰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
UAPA ਅਧੀਨ ਐਲਾਨਿਆ ਹੋਇਆ ਹੈ ਅੱਤਵਾਦੀ
ਭਾਰਤ ਸਰਕਾਰ ਨੇ 1 ਜੁਲਾਈ, 2020 ਨੂੰ ਗੁਰਪਤਵੰਤ ਸਿੰਘ ਪੰਨੂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਅੱਤਵਾਦੀ ਐਲਾਨਿਆ ਸੀ। ਪੰਨੂ ਮੂਲ ਰੂਪ ਵਿੱਚ ਅੰਮ੍ਰਿਤਸਰ ਦੇ ਖਾਨਕੋਟ ਪਿੰਡ ਦਾ ਰਹਿਣ ਵਾਲਾ ਹੈ, ਪਰ ਮੌਜੂਦਾ ਸਮੇਂ ਵਿੱਚ ਵਿਦੇਸ਼ਾਂ ਤੋਂ ਆਪਣੀਆਂ ਗਤੀਵਿਧੀਆਂ ਚਲਾਉਂਦਾ ਹੈ। ਉਸ ‘ਤੇ ਪਾਕਿਸਤਾਨ ਦੀ ਖੁਫੀਆ ਏਜੰਸੀ, ISI ਦੀ ਮਦਦ ਨਾਲ ਪੰਜਾਬ ਵਿੱਚ ਵੱਖਵਾਦ ਨੂੰ ਹਵਾ ਦੇਣ ਦਾ ਦੋਸ਼ ਹੈ।
ਪੁਰਾਣਾ ਹੈ ਅਪਰਾਧਾਂ ਦਾ ਇਤਿਹਾਸ
ਪੰਨੂ ‘ਤੇ ਪਹਿਲਾਂ ਹੀ ਭਾਰਤ ਵਿੱਚ ਕਈ ਦੇਸ਼ਧ੍ਰੋਹ ਦੇ ਮਾਮਲੇ ਦਰਜ ਹਨ। ਜੁਲਾਈ 2020 ਵਿੱਚ, ਉਸ ਵਿਰੁੱਧ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਕੇਸ ਦਰਜ ਕੀਤੇ ਗਏ ਸਨ। ਪਹਿਲਾਂ, ਉਸਨੇ ਗੁਰੂਗ੍ਰਾਮ ਤੋਂ ਹਰਿਆਣਾ ਦੇ ਅੰਬਾਲਾ ਤੱਕ ਸਾਰੇ ਸਰਕਾਰੀ ਦਫਤਰਾਂ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਵੀ ਉਸ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ।


