Earthquake: ਜੰਮੂ-ਕਸ਼ਮੀਰ ‘ਚ 18 ਘੰਟਿਆਂ ‘ਚ ਚਾਰ ਵਾਰ ਹਿੱਲੀ ਧਰਤੀ, ਹੁਣ ਕਿਸ਼ਤਵਾੜ ‘ਚ ਭੂਚਾਲ ਦੇ ਝਟਕੇ
ਮੰਗਲਵਾਰ ਦੁਪਹਿਰ ਨੂੰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦਾ ਅਸਰ ਦਿੱਲੀ ਤੋਂ ਪਾਕਿਸਤਾਨ ਤੱਕ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਦੇਰ ਰਾਤ ਅਤੇ ਫਿਰ ਬੁੱਧਵਾਰ ਸਵੇਰੇ ਵੀ ਭੂਚਾਲ ਦੇ ਝਟਕਿਆਂ ਨਾਲ ਧਰਤੀ ਹਿੱਲ ਗਈ।
ਜੰਮੂ-ਕਸ਼ਮੀਰ ‘ਚ ਪਿਛਲੇ 18 ਘੰਟਿਆਂ ‘ਚ ਭੂਚਾਲ ਦੇ 4 ਝਟਕੇ ਮਹਿਸੂਸ ਕੀਤੇ ਗਏ ਹਨ। ਚੌਥਾ ਝਟਕਾ ਸਵੇਰੇ 8:29 ਵਜੇ ਮਹਿਸੂਸ ਕੀਤਾ ਗਿਆ। ਚੌਥੀ ਵਾਰ ਭੂਚਾਲ ਦਾ ਕੇਂਦਰ ਕਿਸ਼ਤਵਾੜ ਦੱਸਿਆ ਗਿਆ ਹੈ। ਤੀਜਾ ਝਟਕਾ ਅੱਜ ਸਵੇਰੇ 7.56 ਵਜੇ ਆਇਆ। ਭੂਚਾਲ ਦੀ ਤੀਬਰਤਾ 3.5 ਮਾਪੀ ਗਈ ਜਦਕਿ ਭੂਚਾਲ ਦਾ ਕੇਂਦਰ ਕਟਰਾ ਸੀ। ਪਹਿਲਾ ਝਟਕਾ ਮੰਗਲਵਾਰ ਦੁਪਹਿਰ ਕਰੀਬ 2 ਵਜੇ ਮਹਿਸੂਸ ਕੀਤਾ ਗਿਆ ਜਦਕਿ ਦੂਜਾ ਝਟਕਾ ਕਰੀਬ 13 ਘੰਟੇ ਬਾਅਦ 2.20 ਵਜੇ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ। ਇਸ ਵਾਰ ਭੂਚਾਲ ਦਾ ਕੇਂਦਰ ਕਟੜਾ ਸੀ। ਹਾਲਾਂਕਿ ਇਨ੍ਹਾਂ ਝਟਕਿਆਂ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਮੰਗਲਵਾਰ ਦੁਪਹਿਰ ਨੂੰ ਮਹਿਸੂਸ ਕੀਤੇ ਗਏ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਸੀ। ਜਦਕਿ ਇਸ ਦਾ ਕੇਂਦਰ ਡੋਡਾ ਵਿੱਚ ਸੀ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ, ਉਥੇ ਹੀ ਕਈ ਘਰਾਂ ਦੀਆਂ ਕੰਧਾਂ ‘ਚ ਤਰੇੜਾਂ ਵੀ ਦੇਖੀਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਡੋਡਾ ਜ਼ਿਲੇ ਦੇ ਗੰਢੋ-ਭਲੇਸਾ ਪਿੰਡ ‘ਚ ਭੂਚਾਲ ਦੌਰਾਨ ਕੰਧ ਡਿੱਗਣ ਕਾਰਨ ਸਕੂਲ ਦੇ 5 ਵਿਦਿਆਰਥੀ ਜ਼ਖਮੀ ਹੋ ਗਏ। ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਵਿਦਿਆਰਥੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਆਮ ਤੌਰ ‘ਤੇ, 5 ਤੀਬਰਤਾ ਤੋਂ ਉੱਪਰ ਦੇ ਭੂਚਾਲ ਨੂੰ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਡੋਡਾ ਸਮੇਤ ਕਈ ਇਲਾਕਿਆਂ ‘ਚ ਢਿੱਗਾਂ ਡਿੱਗਣ ਅਤੇ ਕੰਧਾਂ ‘ਚ ਤਰੇੜਾਂ ਆਉਣ ਦੀ ਸਮੱਸਿਆ ਦੇਖਣ ਨੂੰ ਮਿਲੀ। ਭੂਚਾਲ ਦੇ ਝਟਕਿਆਂ ਤੋਂ ਬਾਅਦ ਡੋਡਾ ‘ਚ ਜ਼ਮੀਨ ਖਿਸਕਣ ਕਾਰਨ ਸਥਾਨਕ ਆਵਾਜਾਈ ਵੀ ਪ੍ਰਭਾਵਿਤ ਹੋਈ। ਕਈ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ।


